ਬਿਜਲੀ ਕਾਮੇ ਮਿਤੀ 24 ਨੂੰ ਟਰਾਂਸਕੋ ਦੇ ਦਫਤਰ ਸ਼ਕਤੀ ਸਦਨ ਵਿਖੇ ਮੰਗਾਂ ਦੀ ਪੂਰਤੀ ਸਬੰਧੀ ਰੋਸ ਪ੍ਰਦਰਸ਼ਨ ਕਰਨਗੇ।
ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ (14$1965), ਇੰਪਲਾਈਜ਼ ਫੈਡਰੇਸ਼ਨ ਪੀ ਐਸ ਈ ਬੀ (ਸੁਰਿੰਦਰ ਸਿੰਘ ਪਹਿਲਵਾਨ), ਮਨਿਸਟਰੀਅਲ ਸਰਵਿਸਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਵਰਕਰਜ਼ ਫੈਡਰੇਸ਼ਨ (ਇੰਟਕ), ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਗਰਿਡ ਸਬ ਸਟੇਸ਼ਨ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਮਿਤੀ 24-08-2022 ਨੂੰ ਟਰਾਂਸਕੋ ਦੇ ਮੁੱਖ ਦਫਤਰ ਸ਼ਕਤੀ ਸਦਨ ਮਾਲ ਰੋਡ ਪਟਿਆਲਾ ਅੱਗੇ ਸੂਬਾਈ ਪੱਧਰ ਦਾ ਧਰਨਾ ਦੇਣ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਸਾਥੀ ਕੁਲਦੀਪ ਸਿੰਘ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਇਸ ਬਾਰੇ ਜੁਆਇੰਟ ਫੋਰਮ ਦੇ ਸੂਬਾਈ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਲਦੇਵ ਸਿੰਘ ਮੰਢਾਲੀ, ਹਰਪਾਲ ਸਿੰਘ, ਜਗਜੀਤ ਸਿੰਘ ਕੋਟਲੀ, ਅਵਤਾਰ ਸਿੰਘ ਕੈਂਥ, ਕੌਰ ਸਿੰਘ ਸੋਹੀ ਅਤੇ ਜਗਦੀਪ ਸਿੰਘ ਸਹਿਗਲ ਨੇ ਦੱਸਿਆ ਕਿ ਟਰਾਂਸਕੋ ਦੀ ਮੈਨੇਜਮੈਂਟ ਪੰਜਾਬ ਸਰਕਾਰ ਦੀਆਂ ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ਾਂ ਨੂੰ ਟਰਾਂਸਕੋ ਵਿੱਚ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਰਹੀ, ਤਨਖਾਹ ਸਕੇਲ ਵਿੱਚ ਸੋਧ ਕਰਕੇ 15% ਵਾਧਾ ਦੇਣ ਤੋਂ ਲਗਾਤਾਰ ਟਾਲ ਮਟੋਲ ਕਰ ਰਹੀ ਹੈ।
ਤਿੰਨ ਧਿਰੀ ਸਮਝੌਤੇ ਨੂੰ ਲਾਗੂ ਕਰਨ ਦੀ ਥਾਂ ਤੋੜ ਮਰੋੜ ਕੇ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੁਨਰ ਉਸਾਰੀ ਦੇ ਨਾਮ ਤੇ ਮੁਲਾਜਮਾਂ ਦੀਆਂ ਸੈਂਕੜੇ ਮਨਜੂਰ ਸ਼ੁਦਾ ਅਸਾਮੀਆਂ ਖਤਮ ਕਰਕੇ ਯੋਗ ਮੁਲਾਜਮਾਂ ਦੀਆਂ ਤਰੱਕੀਆਂ ਕਰਨ ਤੋਂ ਇਨਕਾਰੀ ਹੈ। ਪਾਵਰਕਾਮ ਤੋਂ ਟਰਾਂਸਮਿਸ਼ਨ ਕਾਰਪੋਰੇਸ਼ਨ ਵਿੱਚ ਡੈਪੂਟੇਸ਼ਨ ਤੇ ਭੇਜੇ ਮੁਲਾਜਮਾਂ ਤੇ ਇੰਜੀਨੀਅਰਾਂ ਦੀਆ ਤਰੱਕੀਆਂ ਸੀਨੀਆਰਤਾ ਅਨੁਸਾਰ ਕਰਨ ਤੋਂ ਆਨਾ ਕਾਨੀ ਕਰ ਰਹੀ ਹੈ। ਯੋਗ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੋਨਸ ਦੀ ਅਦਾਇਗੀ ਨਹੀਂ ਕਰ ਰਹੀ ਅਤੇ ਮੁਲਾਜਮਾਂ ਦੀਆਂ ਤਰੱਕੀਆਂ ਸਮੇਂ ਤੰਗ ਪ੍ਰੇਸ਼ਾਨ ਕਰ ਰਹੀ ਹੈ। ਜਿਸ ਕਾਰਨ ਮੁਲਾਜਮਾਂ ਵਿੱਚ ਸਖਤ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਇਨ੍ਹਾਂ ਆਗੂਆਂ ਨੇ ਟਰਾਂਸਕੋ ਦੀ ਮੈਨੇਜਮੈਂਟ ਪਾਸੋ ਮੰਗ ਕੀਤੀ ਕਿ ਉਹ ਜੁਆਇੰਟ ਫੋਰਮ ਦੇ ਨੁਮਾਇੰਦਿਆ ਨੂੰ ਮੀਟਿੰਗ ਦੇ ਕੇ ਮੁਲਾਜਮ ਮਸਲਿਆਂ ਦਾ ਜਲਦੀ ਹੱਲ ਕਰੇ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸਰਬ ਸਾਥੀ ਪ੍ਰੀਤਮ ਸਿੰਘ ਪਿੰਡੀ, ਸੁਖਵਿੰਦਰ ਚਾਹਲ, ਬਲਵਿੰਦਰ ਸਿੰਘ ਸੰਧੂ, ਰਾਮ ਲੁਭਾਇਆ, ਸੰਦੀਪ ਜੋਸ਼ੀ, ਗੁਰਕਮਲ ਸਿੰਘ ਅਤੇ ਗੁਰਦਿੱਤ ਸਿੰਘ ਸਿੱਧੂ ਵੀ ਹਾਜਰ ਸਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਟਰਾਂਸਕੋ ਮੈਨੇਜਮੈਂਟ ਨੇ ਮੁਲਾਜਮ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਟਰਾਂਸਕੋ ਮੈਨੇਜਮੈਂਟ ਦੀ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਉਹ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਜਲਦੀ ਲਾਗੂ ਕਰੇ ਅਤੇ ਰਹਿੰਦੀਆਂ ਮੰਗਾਂ ਦਾ ਆਪਸੀ ਗੱਲਬਾਤ ਰਾਹੀਂ ਨਿਪਟਾਰਾ ਕੀਤਾ ਜਾਵੇ।

