ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਪਰਾਲੀ ਨਾ ਸਾੜਨ ਹਿੱਤ ਜਾਗਰੂਕ ਰੈਲੀ ਦਾ ਆਯੋਜਨ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਐੱਨ.ਐੱਸ.ਐੱਸ ਵਿਭਾਗ ਅਤੇ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਾਪਤ ਹਦਾਇਤਾਂ ਦੇ ਮੱਦੇਨਜ਼ਰ ਕਾਲਜ ਵੱਲੋਂ ਅਡਾਪਟ ਕੀਤੇ ਗਏ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਸੰਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਵੱਖ-ਵੱਖ ਪਿੰਡਾਂ ਧਬਲਾਨ, ਜਾਹਲਾਂ ਤੇ ਰੱਖੜਾ ਵਿੱਚ ਜਾ ਕੇ ਰੈਲੀਆਂ ਕੱਢੀਆਂ ਗਈਆਂ। ਇਸ ਸਮੇਂ ਵਿਦਿਆਰਥੀਆਂ ਵੱਲੋਂ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੰਦੇ ਬੈਨਰ ਹੱਥਾਂ ਵਿਚ ਫੜੇ ਹੋਏ ਸਨ ਅਤੇ ਨਾਲ ਹੀ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਪੈਂਫਲਿਟ ਵੀ ਵੰਡੇ ਗਏ।

ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਲਗਾਤਾਰ ਜਾਰੀ ਹੈ ਕਿਉਂਕਿ ਕਿਸਾਨਾਂ ਨੂੰ ਇਸ ਦੀ ਸਾਂਭ ਸੰਭਾਲ ’ਤੇ ਕਾਫੀ ਸਮਾਂ ਅਤੇ ਪੈਸਾ ਖਰਚ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਾਤਾਵਰਣ ਨੂੰ ਸਾਫ ਸੁਥਰਾ, ਹਰਾ ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਦਾ ਸੰਕਲਪ ਲੈ ਕੇ ਸੂਬੇ ਦੀ ਪੁਰਾਤਨ ਮਾਣ ਮਰਿਆਦਾ ਨੂੰ ਬਹਾਲ ਕਰਨ ਲਈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸੁਰੱਖਿਅਤ ਰੱਖਿਆ ਜਾ ਸਕੇ । ਇਸ ਮੌਕੇ ਕਾਲਜ ਦੇ ਐਨ.ਐਸ.ਐਸ ਵਿਭਾਗ ਦੇ ਪ੍ਰੋਗਰਾਮ ਅਫਸਰ ਪ੍ਰੋ.ਸਪਨਾ, ਪ੍ਰੋ.ਜਗਤਾਰ ਸਿੰਘ ਅਤੇ ਪ੍ਰੋ. ਰਾਜਬਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਜੁਰਮਾਨੇ ਲਾਉਣ ਨਾਲ ਨਹੀਂ ਸਗੋਂ ਖੁਦ ਕਿਸਾਨਾਂ ਵੱਲੋਂ ਜਾਗਰੂਕ ਹੋਣ ’ਤੇ ਹੀ ਹੱਲ ਹੋ ਸਕਦੀ ਹੈ। ਇਸ ਰੈਲੀ ਵਿੱਚ ਕਾਲਜ ਦੇ ਖੇਤੀਬਾਡੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ, ਅਧਿਆਪਕ ਸਾਹਿਬਾਨ, ਵਿਦਿਆਰਥੀ ਅਤੇ ਐੱਨ.ਐੱਸ.ਐੱਸ ਵਾਲੰਟੀਅਰ ਸ਼ਾਮਿਲ ਸਨ।

Leave a Reply

Your email address will not be published. Required fields are marked *