ਜ਼ਿਲ੍ਹਾ ਪ੍ਰਸ਼ਾਸਨ ਨੇ ਮਨਾਇਆ ਚਿਲਡਰਨ ਹੋਮਜ਼ ‘ਚ ਰਹੇ ਰਹਿ ਬੱਚਿਆਂ ਨਾਲ ‘ਬਾਲ ਸਪਤਾਹ’
ਪਟਿਆਲਾ, 22 ਨਵੰਬਰ: (ਰਮਨਦੀਪ/ਮਧੂਸਾਰ ਬਿਊਰੋ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਰਕਾਰੀ ਚਿਲਡਰਨ ਹੋਮਜ਼ ਵਿਖੇ ਰਹਿ ਰਹੇ ਲੋੜਵੰਦ ਬੱਚਿਆਂ ਲਈ ‘ਬਾਲ ਸਪਤਾਹ’ ਮਨਾਇਆ ਗਿਆ, ਜਿਸ ਤਹਿਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਸਪਤਾਹ ਲਈ ‘ਉਡਾਰੀਆਂ – ਸੋਚਾਂ ਦੀਆਂ’ ਵਿਸ਼ੇ ਅਧੀਨ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸਾਇਨਾ ਕਪੂਰ ਨੇ ਦੱਸਿਆ ਕਿ ‘ਬਾਲ ਸਪਤਾਹ’ ਮਨਾਉਂਦੇ ਹੋਏ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਵਿਖੇ ਬੱਚਿਆਂ ਦੇ ਪੇਂਟਿੰਗ ਅਤੇ ਬਾਗ਼ਬਾਨੀ ਵਿੱਚ ਬੂਟੇ ਲਗਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਛੱਤਬੀੜ ਚਿੜੀਆਂ, ਜ਼ੀਰਕਪੁਰ ਵਿਖੇ ਵੀ ਵਿਜ਼ਟ ਕਰਵਾਇਆ ਗਿਆ। ਇਸੇ ਤਰ੍ਹਾਂ ਐਸ.ਓ.ਐਸ ਰਾਜਪੁਰਾ ਵਿਖੇ ਚਿਲਡਰਨ ਹੋਮ ਪਟਿਆਲਾ ਅਤੇ ਐਸ.ਓ.ਐਸ ਰਾਜਪੁਰਾ ਵਿਖੇ ਰਹਿ ਰਹੇ ਹੋਮ ਦੇ ਬੱਚਿਆਂ ਦੇ ਗਾਉਣ ਅਤੇ ਨੱਚਣ ਸਬੰਧੀ ਮੁਕਾਬਲੇ ਹੋਏ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਅਨੁਸਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ‘ਤੇ ਰਹਿਣ ‘ਤੇ ਸਨਮਾਨਤ ਕੀਤਾ ਗਿਆ। ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦੇ ਬੱਚਿਆਂ ਨੇ 100 ਮੀਟਰ, 200 ਮੀਟਰ ਅਤੇ ਬੋਰੀ ਦੌੜ (ਸੈਕ ਰੇਸ) ਮੁਕਾਬਲੇ ਵਿੱਚ ਭਾਗ ਲਿਆ।
ਉਨ੍ਹਾਂ ਦੱਸਿਆ ਕਿ ‘ਬਾਲ ਸਪਤਾਹ’ ਦੌਰਾਨ ਚਿਲਡਰਨ ਹੋਮ ਵਿਖੇ ਹੀ ਰੰਗੋਲੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਬੱਚਿਆਂ ਨੇ ਬੇਕਾਰ ਕਾਗ਼ਜ਼ਾਂ ਅਤੇ ਲਿਫਾਫਿਆਂ ਨੂੰ ਕੱਟ ਕੇ ਉਨ੍ਹਾਂ ਨੂੰ ਰੰਗਾਂ ਵੱਜੋਂ ਇਸਤੇਮਾਲ ਕਰਦਿਆਂ ਰੰਗੋਲੀ ਬਣਾਈ। ਉਕਤ ਪ੍ਰਤੀਯੋਗਤਾ ਵਿੱਚੋਂ ਜੇਤੂ ਬੱਚਿਆਂ ਨੂੰ ਇਨਾਮ ਵੰਡਣ ਸਬੰਧੀ ਐਸ.ਓ.ਐਸ ਰਾਜਪੁਰਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਬ ਡਵੀਜ਼ਨਲ ਮੈਜਿਸਟ੍ਰੇਟ ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਸ਼ਿਰਕਤ ਕਰਦਿਆਂ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ (ਸੰਸਥਾਗਤ) ਰੂਪਵੰਤ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਰਾਜਪੁਰਾ ਹਰਵਿੰਦਰ ਕੌਰ (ਵਾਧੂ ਚਾਰਜ ਸੁਪਰਡੈਂਟ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ) ਅਤੇ ਵਧੀਕ ਡਾਇਰੈਕਟਰ ਐਸ.ਓ.ਐਸ ਰਾਜਪੁਰਾ ਸੁਸ਼ਮਾ ਕਾਕਰੂ ਮੌਜੂਦ ਸਨ। ਇਸ ਦੇ ਨਾਲ ਹੀ ਮੋਦੀ ਕਾਲਜ ਦੇ ਸੰਗੀਤ ਵੋਕਲ ਵਿਭਾਗ ਦੇ ਵਿਦਿਆਰਥੀ ਰਜਿੰਦਰ ਸਿੰਘ ਦੁਆਰਾ ਸ਼ਮੂਲੀਅਤ ਕਰਦਿਆਂ ਬੱਚਿਆਂ ਦਾ ਮਨੋਰੰਜਨ ਕੀਤਾ ਗਿਆ।

