ਪਟਿਆਲਾ

ਵਾਰਿਸ ਸ਼ਾਹ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫ਼ਰੰਸ ਸਮਾਪਤ

ਕੰਵਰ ਗਰੇਵਾਲ ਦੀ ਗਾਇਕੀ ਨਾਲ ਸਮਾਪਤ ਹੋਈ ਅੰਤਰਰਾਸ਼ਟਰੀ ਕਾਨਫ਼ਰੰਸ

ਪਟਿਆਲਾ, 23 ਨਵੰਬਰ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਜਸ਼ਨ ਸਮਾਰੋਹ ਦੇ ਦੂਜੇ ਦਿਨ ਵੱਖ-ਵੱਖ ਅਕਾਦਮਿਕ ਬੈਠਕਾਂ ਹੋਈਆਂ ਜਿਨ੍ਹਾਂ ਦੀ ਪ੍ਰਧਾਨਗੀ ਧਰਮ ਸਿੰਘ, ਬਲਦੇਵ ਸਿੰਘ ਧਾਲੀਵਾਲ ਤੇ ਪਾਲ ਕੌਰ ਨੇ ਕੀਤੀ| ਤੀਜੀ ਬੈਠਕ ਵਿਚ ਡਾ. ਸਤੀਸ਼ ਕੁਮਾਰ ਵਰਮਾ, ਡਾ. ਰਵੇਲ ਸਿੰਘ ਅਤੇ ਡਾ. ਧਰਮ ਸਿੰਘ ਨੇ ਸ਼ਿਰਕਤ ਕੀਤੀ। ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਅਸੀਂ ਬਿਨਾਂ ਹੀਰ ਵਾਰਿਸ ਪੜ੍ਹੇ ਹੀ ਉਸਦਾ ਵਿਸ਼ਲੇਸ਼ਣ ਕਰਦੇ ਹਾਂ। ਡਾ. ਧਰਮ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਜਦੋਂ ਤੱਕ ਅਸੀਂ ਉਰਦੂ, ਫ਼ਾਰਸੀ ਨਹੀਂ ਸਿੱਖਦੇ, ਉਦੋਂ ਤੱਕ ਨਾ ਤਾਂ ਅਸੀਂ ਮੱਧਕਾਲ ਬਾਰੇ ਪੜ੍ਹ ਸਕਦੇ ਹਾਂ, ਨਾ ਪੜ੍ਹਾ ਸਕਦੇ ਹਾਂ ਅਤੇ ਨਾ ਹੀ ਖੋਜ ਕਰ ਸਕਦੇ ਹਾਂ। ਡਾ. ਪਾਲ ਕੌਰ ਨੇ ਵੀ ਕਿਹਾ ਕਿ ਹੀਰ ਦੇ ਕਿੱਸੇ ਵਿਚ ਰਾਂਝਾ ਔਰਤਾਂ ਦੀ ਬਦਖੋਈ ਕਰਦਾ ਹੈ। ਬੈਠਕ ਦੇ ਧੰਨਵਾਦੀ ਸ਼ਬਦ ਬੋਲ ਕੇ ਡਾ. ਸੁਰਜੀਤ ਸਿੰਘ ਨੇ ਸੈਸ਼ਨ ਦੀ ਸਮਾਪਤੀ ਕੀਤੀ। ਚੌਥੀ ਅਕਾਦਮਿਕ ਬੈਠਕ ਦੀ ਪ੍ਰਧਾਨਗੀ ਬਲਦੇਵ ਸਿੰਘ ਧਾਲੀਵਾਲ ਨੇ ਕੀਤੀ ਅਤੇ ਬਲਦੇਵ ਸਿੰਘ ਚੀਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਪਰਮਿੰਦਰਜੀਤ ਕੌਰ ਨੇ ਮੰਚ ਦਾ ਸੰਚਾਲਨ ਕੀਤਾ|

ਸੈਸ਼ਨ ਵਿਚ ਖੋਜਾਰਥੀ ਚਮਕੌਰ ਸਿੰਘ ਸੁਖਵੀਰ ਕੌਰ, ਕਿਰਨਦੀਪ ਕੌਰ ਅਤੇ ਸੁਖਪਾਲ ਸਿੰਘ ਸਿੱਧੂ ਨੇ ਆਪਣੇ ਖੋਜ ਭਰਪੂਰ ਪਰਚਿਆਂ ਰਾਹੀ ਹੀਰ ਵਾਰਸ ਦੇ ਅਧਿਐਨ, ਸਭਿਆਚਾਰਕ ਮਹੱਤਵ ਅਤੇ ਉਸ ਉੱਤੇ ਬਣੀਆਂ ਫ਼ਿਲਮਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ| ਇਸ ਤੋਂ ਬਾਅਦ ਵਿਦਵਾਨਾਂ ਦਾ ਖੋਜਾਰਥੀਆਂ ਨਾਲ ਸਵਾਲ-ਜਵਾਬ ਦਾ ਸਿਲਸਿਲਾ ਚੱਲਿਆ ਜਿਸ ਤੋਂ ਬਾਅਦ ਵਿਦਵਾਨਾਂ ਨੇ ਪੜ੍ਹੇ ਗਏ ਪਰਚਿਆਂ ਦੀਆਂ ਖ਼ੂਬੀਆਂ ਤੇ ਖ਼ਾਮੀਆਂ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ| ਪਰਮਿੰਦਰ ਜੀਤ ਕੋਰ ਵੱਲੋਂ ਧੰਨਵਾਦੀ ਸ਼ਬਦ ਬੋਲਣ ਨਾਲ ਇਹ ਸੈਸ਼ਨ ਗਿਆਨ ਭਰਪੂਰ ਜਾਣਕਾਰੀ ਪ੍ਰਦਾਨ ਕਰਦਾ ਹੋਇਆ ਸਫਲਤਾ ਨਾਲ ਨੇਪਰੇ ਚੜ੍ਹਿਆ| ਜਸ਼ਨ ਸਮਾਗਮਾਂ ਵਿੱਚ ਅੰਤਰ-ਰਾਸ਼ਟਰੀ ਕਾਨਫ਼ਰੰਸ ਦੀ ਸਮਾਪਤੀ ਸਭਿਆਚਾਰਕ ਸਮਾਰੋਹ ਨਾਲ ਹੋਈ। ਜਿਸ ਵਿੱਚ ਮਸ਼ਹੂਰ ਕਲਾਕਾਰ ਕੰਵਰ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ| ਉਨ੍ਹਾਂ ਆਪਣੀ ਬੁਲੰਦ ਗਾਇਕੀ ਰਾਹੀਂ ਸਰੋਤਿਆਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਸੁਮੇਲ ਸਿੰਘ ਸਿੱਧੂ ਨੇ ਆਪਣੇ ਵਿਦਾਇਗੀ ਭਾਸ਼ਣ ਵਿਚ ਹੀਰ ਦੇ ਵੱਖ-ਵੱਖ ਪ੍ਰਸੰਗਾਂ ਨੂੰ ਆਪਣੀ ਚਿੰਤਨ ਦ੍ਰਿਸ਼ਟੀ ਨਾਲ ਸਾਡੇ ਨਾਲ ਸਾਂਝਾ ਕੀਤਾ। ਸਮਾਪਤੀ ਸਮਾਰੋਹ ਮੌਕੇ ਅਜੈਬ ਸਿੰਘ ਚੱਠਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਹੇਠ ਮਨਪ੍ਰੀਤ ਮਨਿਹਾਜ ਦੀ ਪੁਸਤਕ ਵੀ ਜਾਰੀ ਕੀਤੀ ਗਈ। ਇਸ ਤੋਂ ਬਾਅਦ ਯੁਵਾ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਵਿਦਿਆਰਥੀਆਂ, ਖੋਜਾਰਥੀਆਂ ਅਤੇ ਪ੍ਰੋਫੈਸਰਾਂ ਨੇ ਭਾਗ ਲਿਆ| ਸ਼ਾਮ ਨੂੰ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਵੱਲੋਂ ਨਾਟਕ ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ ਦਾ ਦੁਬਾਰਾ ਮੰਚਨ ਕੀਤਾ ਗਿਆ।

Leave a Reply

Your email address will not be published. Required fields are marked *