ਸਿੱਖਿਆ ਵਿਭਾਗ ਨੇ ਤਿੰਨ ਜ਼ਿਲ੍ਹਿਆਂ ਦੀ ਜ਼ਿਲ੍ਹਾ ਪੱਧਰੀ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਕਰਵਾਈ
ਵਿਦਿਆਰਥੀਆਂ ਦੀ ਪ੍ਰਤੀਭਾ ਨਿਖਾਰਨ ਲਈ ਅਜਿਹੇ ਮੁਕਾਬਲੇ ਜ਼ਰੂਰੀ : ਹਰਿੰਦਰ ਕੌਰ
ਪਟਿਆਲਾ, 23 ਨਵੰਬਰ: (ਰਮਨਦੀਪ/ਮਧੂਸਾਰ ਬਿਊਰੋ) ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਰਵਿੰਦਰਪਾਲ ਸ਼ਰਮਾ ਦੀ ਅਗਵਾਈ ਵਿੱਚ ਦੋ ਦਿਨਾਂ ਤਿੰਨ ਜ਼ਿਲ੍ਹਿਆਂ ਦੀ ਜ਼ਿਲ੍ਹਾ ਪੱਧਰੀ ਇੰਸਪਾਇਰ ਐਵਾਰਡ-ਮਾਨਕ ਪ੍ਰਦਰਸ਼ਨੀ ਪ੍ਰਤੀਯੋਗਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਵਿਖੇ ਲਗਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਰਜਨੀਸ਼ ਗੁਪਤਾ ਦੀ ਦੇਖ ਰੇਖ ਵਿੱਚ ਪਟਿਆਲਾ, ਸੰਗਰੂਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚੋਂ ਲਗਭਗ 22 ਵਿਦਿਆਰਥੀ ਅਤੇ 22 ਗਾਇਡ ਅਧਿਆਪਕ ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਹੋਏ।
ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਬੜੇ ਹੀ ਇੰਨੋਵੇਟਿਵ ਆਇਡੀਅਜ ਨਾਲ ਮਾਡਲ ਬਣਾਏ ਹੋਏ ਸਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਨਿਖਾਰਦੇ ਹਨ ਤੇ ਹੋਰ ਚੰਗਾ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਵੱਜੋਂ ਸਰਟੀਫਿਕੇਟ ਤਕਸੀਮ ਕੀਤੇ ਅਤੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿੱਚੋਂ 10 ਪ੍ਰਤੀਸ਼ਤ ਨੇ ਸਟੇਟ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਾ ਹੈ। ਗਗਨਦੀਪ ਕੌਰ ਜ਼ਿਲ੍ਹਾ ਮੈਂਟਰ ਸਾਇੰਸ ਅਤੇ ਬੀ.ਐਮਜ ਨੇ ਇਸ ਪ੍ਰਦਰਸ਼ਨੀ ਦੇ ਪ੍ਰਬੰਧ ਨੂੰ ਵਧੀਆ ਤਰੀਕੇ ਚਲਾਉਣ ਵਿੱਚ ਪੂਰਾ ਸਹਿਯੋਗ ਦਿੱਤਾ।

