ਪਟਿਆਲਾ

ਮਿਸ਼ਨ 100 ਪ੍ਰਤੀਸ਼ਤ ਦੀ ਸਫ਼ਲਤਾ ਲਈ ਸਿੱਖਿਆ ਵਿਭਾਗ ਨੇ ਕੱਸੀ ਕਮਰ

ਜ਼ਿਲ੍ਹੇ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਸਿੱਖਿਆ ਅਧਿਕਾਰੀਆਂ ਵੱਲੋਂ ਮਿਸ਼ਨ 100 ਪ੍ਰਤੀਸ਼ਤ ਦੀ ਪ੍ਰਾਪਤੀ ਲਈ ਇੱਕ ਰੋਜ਼ਾ ਮੀਟਿੰਗ

ਪਟਿਆਲਾ, 14 ਦਸੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) yਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਸ਼ਨ 100 ਪ੍ਰਤੀਸ਼ਤ ਦੀ ਸਫ਼ਲਤਾ ਲਈ ਸਿੱਖਿਆ ਵਿਭਾਗ ਨੇ ਪੂਰੀ ਕਮਰ ਕੱਸ ਲਈ ਹੈ। ਸਿੱਖਿਆ ਮੰਤਰੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਕੀਤੀ ਮੀਟਿੰਗ ਵਿੱਚ ਲਏ ਫ਼ੈਸਲੇ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ 100 ਪ੍ਰਤੀਸ਼ਤ ਨੂੰ ਸਫਲ ਕਰਨ ਲਈ ਸ.ਸ.ਸ ਸਮਾਰਟ ਸਕੂਲ ਮਲਟੀਪਰਪਜ਼ ਵਿਖੇ ਇੱਕ ਰੋਜ਼ਾ ਮੀਟਿੰਗ ਲਈ ਗਈ।
ਇਸ ਮੌਕੇ ਹਰਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਮਿਸ਼ਨ ਦੀ ਸਫਲਤਾ ਲਈ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਹਰ ਸੰਭਵ ਯਤਨ ਕਰ ਕੇ ਸਖ਼ਤ ਮਿਹਨਤ ਕਰਾ ਕੇ ਉਨ੍ਹਾਂ ਦਾ ਵਿੱਦਿਅਕ ਪੱਧਰ ਉੱਚਾ ਚੁੱਕਿਆ ਜਾ ਸਕੇ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੰਗੇ ਅੰਕ ਦਿਵਾ ਕੇ ਮੈਰਿਟ ਵਿੱਚ ਲਿਆਉਣ ਲਈ ਸਿਰਤੋੜ ਕੋਸ਼ਿਸ਼ ਕਰ ਸਕੀਏ।

ਅਧਿਆਪਕਾਂ ਨੂੰ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਹੋਏ ਟੈਸਟਾਂ ਵਿਚਲੀ ਕਾਰਗੁਜ਼ਾਰੀ ਨੂੰ ਅਧਾਰ ਬਣਾ ਕੇ 0 ਤੋਂ 40 ਪ੍ਰਤੀਸ਼ਤ, 40 ਤੋਂ 80 ਪ੍ਰਤੀਸ਼ਤ, 80 ਪ੍ਰਤੀਸ਼ਤ ਤੋਂ ਵੱਧ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਐਲਬਰਟ ਆਈਨ ਸਟਾਈਨ, ਡਾਕਟਰ ਹਰਗੋਬਿੰਦ ਖੁਰਾਣਾ, ਡਾ ਏ.ਪੀ.ਜੇ ਅਬਦੁਲ ਕਲਾਮ ਦੇ ਨਾਵਾਂ ਵਾਲੇ ਗਰੁੱਪਾਂ ਵਿੱਚ ਵੰਡ ਕੇ ਮਿਹਨਤ ਕਰਵਾਈ ਜਾਵੇ ‘ਤੇ ਉਹਨਾਂ ਨੂੰ ਅਗਲੇ ਦਰਜੇ ਵਿੱਚ ਲਿਜਾਣ ਦੇ ਯਤਨ ਕੀਤੇ ਜਾਣ। ਉਹਨਾਂ ਅਧਿਆਪਕਾਂ ਨੂੰ ਇਸ ਗੱਲ ਲਈ ਵੀ ਪ੍ਰੇਰਿਤ ਕੀਤਾ ਕਿ ਇਹਨਾਂ ਵਿਦਿਆਰਥੀਆਂ ਲਈ ਕਲਾਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਾਧੂ ਸਮਾਂ ਲਗਾ ਕੇ ਚੰਗੀ ਕਾਰਗੁਜ਼ਾਰੀ ਬਣਾਉਣ ਲਈ ਯਤਨ ਕੀਤੇ ਜਾਣ।
ਡਿਪਟੀ ਡੀ.ਈ.ਓ ਸੈਕੰਡਰੀ ਸਿੱਖਿਆ ਨੇ ਸੰਬੋਧਨ ਕਰਦਿਆਂ ਸਕੂਲ ਮੁਖੀਆਂ ਨੂੰ ਇਸ ਗੱਲ ਲਈ ਵੀ ਪ੍ਰੇਰਿਤ ਕੀਤਾ ਕਿ ਰੋਜ਼ਾਨਾ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਮਿਸ਼ਨ 100 ਪ੍ਰਤੀਸ਼ਤ ਦਾ ਪ੍ਰਣ ਕਰਵਾਉਣ ਲਈ ਕਿਹਾ ਤਾਂ ਜੋ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਚੰਗੇ ਨਤੀਜੇ ਦੇਣ ਅਤੇ ਸਖ਼ਤ ਮਿਹਨਤ ਕਰਵਾਉਣ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵਿਭਾਗ ਵੱਲੋਂ ਸਨਮਾਨ ਪੱਤਰ ਵੀ ਦਿੱਤੇ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਸੌ ਪ੍ਰਤੀਸ਼ਤ ਦੀ ਸਫ਼ਲਤਾ ਨਾਲ ਆਮ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਵਧੇਗਾ ਤੇ ਅਧਿਆਪਕਾਂ ਦਾ ਸਮਾਜ ਵਿੱਚ ਸਤਿਕਾਰ ਵਧੇਗਾ। ਇਸ ਮੌਕੇ ਪ੍ਰਿੰਸੀਪਲ ਸੰਦੀਪ ਨਾਗਰਾ ਡਾਈਟ ਨਾਭਾ ਅਤੇ ਵਿਜੈ ਕਪੂਰ ਪ੍ਰਿੰਸੀਪਲ ਸ.ਸ.ਸ ਸਮਾਰਟ ਸਕੂਲ ਮਲਟੀਪਰਪਜ਼ ਉਚੇਚੇ ਤੌਰ ‘ਤੇ ਸ਼ਾਮਲ ਹੋਏ।

Leave a Reply

Your email address will not be published. Required fields are marked *