ਜ਼ਿਲ੍ਹਾ ਪ੍ਰਸ਼ਾਸਨ ਬਾਲ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ-ਸ਼ੌਕਤ ਅਹਿਮਦ ਪਰੇ
‘ਸੇਵ ਦਾ ਚਿਲਡਰਨ’ ਸੰਸਥਾ ਵੱਲੋਂ ਬੱਚਿਆਂ ਦੀ ਸੁਰੱਖਿਆ ਬਾਰੇ ਸਿਖਲਾਈ ਪ੍ਰੋਗਰਾਮ
ਪਟਿਆਲਾ, 25 ਸਤੰਬਰ (ਮਧੂਸਾਰ ਬਿਊਰੋ) ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪਟਿਆਲਾ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬਾਲਾਂ ਦੀ ਸੁਰੱਖਿਆ ਅਤੇ ਬਾਲਾਂ ਦੇ ਅਧਿਕਾਰਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲਈ ਬਾਲ ਅਧਿਕਾਰਾਂ ਨਾਲ ਸਬੰਧਤ ਕਾਨੂੰਨਾਂ ਅਤੇ ਨਿਯਮਾਂ ਨੂੰ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਹੇਠਲੇ ਪੱਧਰ ‘ਤੇ ਸਹੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਸ੍ਰੀ ਪਰੇ ਜ਼ਿਲ੍ਹਾ ਪ੍ਰਸਾਸਨ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਵੱਲੋਂ ਸਮਾਜ ਸੇਵੀ ਸੰਸਥਾ ‘ਸੇਵ ਦਾ ਚਿਲਡਰਨ’ ਵੱਲੋਂ ਇਥੇ ਬੱਚਿਆਂ ਦੀ ਸੁਰੱਖਿਆ ਸਬੰਧੀ ਕਰਵਾਏ ਗਏ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।
ਸੇਵ ਦਾ ਚਿਲਡਰਨ ਸੰਸਥਾ ਦੇ ਨੁਮਾਇੰਦੇ ਸ੍ਰੀ ਸਿਧਾਰਥ ਪਾਂਡੇ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ 120 ਦੇਸ਼ਾਂ ਅਤੇ ਭਾਰਤ ਦੇ 19 ਰਾਜਾਂ ਸਮੇਤ ਪੰਜਾਬ ਦੇ 4 ਜ਼ਿਲ੍ਹਿਆ ‘ਚ ਕੰਮ ਕਰ ਰਹੀ ਹੈ। ਸ੍ਰੀ ਪਾਂਡੇ ਨੇ ਸੰਸਥਾ ਦਾ ਮੁੱਖ ਉਦੇਸ਼ ਦਸਦਿਆਂ ਕਿਹਾ ਕਿ ਉਹ ਬੱਚਿਆ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸਮੇਤ ਸਿੱਖਿਆ ਦੇਣ ਤੇ ਉਨ੍ਹਾਂ ਦੀ ਸਿਹਤ ਸਬੰਧੀ ਕੰਮ ਕਰ ਰਹੇ ਹਨ। ਇਸ ਤੋਂ ਬਿਨ੍ਹਾਂ ਸੇਵ ਦਾ ਚਿਲਡਰਨ ਵੱਲੋਂ ਬੱਚਿਆਂ ਅਤੇ ਮਹਿਲਾਵਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਤੇ ਸੀ.ਜੇ.ਐਮ ਸ੍ਰੀ ਅਸ਼ੀਸ ਬਾਂਸਲ ਨੇ ਬਾਲ ਅਧਿਕਾਰਾਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਸ੍ਰੀ ਰਾਹੁਲ ਸਿੰਧੂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੂਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵੀ ਮੌਜੂਦ ਸਨ।
ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੁੱਖ ਦਫ਼ਤਰ ਤੋਂ ਪਹੁੰਚੇ ਪ੍ਰੋਗਰਾਮ ਮੈਨੇਜਰ ਸ੍ਰੀਮਤੀ ਸ਼ੈਲੀ ਮਿੱਤਲ ਅਤੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਮਿਸ ਹਰਪ੍ਰੀਤ ਕੌਰ ਸੰਧੂ ਨੇ ਸਵਾਗਤ ਕਰਦਿਆਂ ਇਸ ਸਿਖਲਾਈ ਪ੍ਰੋਗਰਾਮ ਦੇ ਮੰਤਵ ਤੋਂ ਜਾਣੂ ਕਰਵਾਇਆ।
ਸੇਵ ਦਾ ਚਿਲਡਰਨ ਦੇ ਰੀਸੋਰਸ ਪਰਸਨ ਸ੍ਰੀ ਅਨੰਤ ਕੁਮਾਰ ਅਸਥਾਨਾ ਨੇ ਜੁਵੇਨਾਇਲ ਜਸਟਿਸ ਐਕਟ 2015 ਅਤੇ ਜੇ. ਜੇ. ਐਕਟ ਮਾਡਲ ਰੂਲਜ 2016 ਸਬੰਧੀ ਜਾਣਕਾਰੀ ਦਿੱਤੀ। ਪ੍ਰੋਜੈਕਟ ਅਫ਼ਸਰ ਮਿਸ ਦੇਵਾਸੀ ਸਿੰਘ ਨੇ ਲਿੰਗ ਭੇਦਭਾਵ ਅਤੇ ਲਿੰਗਕ ਹਿੰਸਾ, ਸਮਾਜਿਕ ਅਨਿਆ, ਲਿੰਗਕ ਰੂੜੀਵਾਦੀ ਅਤੇ ਰੂੜੀਵਾਦੀ ਵਿਚਾਰਧਾਰਾ ਵਿਸ਼ੇ ‘ਤੇ ਭਾਸ਼ਣ ਦਿੱਤਾ।
ਇਸ ਟਰੇਨਿੰਗ ਦੌਰਾਨ ਪੁਲਿਸ, ਸਿਹਤ, ਸਿੱਖਿਆ, ਸਮਾਜਿਕ ਸੁਰੱਖਿਆ ਸਮੇਤ ਹੋਰ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸੀਡੀਪੀਓਜ, ਬਾਲ ਭਲਾਈ ਕਮੇਟੀ, ਜੇ.ਜੇ.ਬੀ. ਤੇ ਬੱਚਿਆ ਦੀ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀਆ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾ ਨੇ ਸ਼ਿਰਕਤ ਕੀਤੀ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੂਰ ਨੇ ਦੱਸਿਆ ਇਸ ਟ੍ਰੇਨਿੰਗ ਦੌਰਾਨ ਬੱਚਿਆ ਦੀ ਸੁਰੱਖਿਆ ਸਬੰਧੀ ਜੇ.ਜੇ. ਐਕਟ, ਪੋਕਸੋ ਐਕਟ ਦੀ ਜਾਣਕਾਰੀ ਦਿੱਤੀ ਗਈ ਤਾਂ ਜੋ ਬੱਚਿਆ ਸਬੰਧੀ ਆ ਰਹੀਆ ਸਮੱਸਿਆਵਾਂ ਨੂੰ ਸਮੇਂ ਸਿਰ ਨਜਿੱਠਿਆ ਜਾ ਸਕੇ ਅਤੇ ਇਹਨਾ ਸਕੀਮਾ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ।

