ਪਟਿਆਲਾ

ਫੀਸ ਰੈਗੂਲੇਟਰੀ ਬਾਡੀ ਵੱਲੋਂ ਜ਼ਿਲ੍ਹੇ ਦੇ ਦੋ ਪ੍ਰਾਈਵੇਟ ਸਕੂਲਾਂ ਨੂੰ ਵਾਧੂ ਵਸੂਲੀ ਫੀਸ ਵਿਦਿਆਰਥੀਆਂ ਨੂੰ ਵਾਪਸ ਕਰਨ ਦੀ ਹਦਾਇਤ

ਫੀਸ ਰੈਗੂਲੇਟਰੀ ਬਾਡੀ ਨੇ ਦੋਵੇਂ ਸਕੂਲਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ‘ਤੇ ਲਗਾਇਆ ਜੁਰਮਾਨਾ

ਪਟਿਆਲਾ, 24 ਦਸੰਬਰ: (ਰਮਨਦੀਪ/ਮਧੂਸਾਰ ਬਿਊਰੋ) ਫੀਸ ਰੈਗੂਲੇਟਰੀ ਬਾਡੀ ਪਟਿਆਲਾ ਵੱਲੋਂ ਜ਼ਿਲ੍ਹੇ ਦੇ ਦੋ ਪ੍ਰਾਈਵੇਟ ਸਕੂਲਾਂ ਨੂੰ ਵਿੱਦਿਅਕ ਸਾਲ 2022-23 ਦੌਰਾਨ ਵਸੂਲੀ ਗਈ ਵੱਧ ਫੀਸ ਵਿਦਿਆਰਥੀਆਂ ਨੂੰ ਵਾਪਸ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ‘ਦਾ ਪੰਜਾਬ ਰੈਗੂਲੇਸ਼ਨ ਆਫ਼ ਫੀ ਆਫ਼ ਅਨ-ਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨਲ ਐਕਟ’ ਦੀ ਉਲੰਘਣਾ ਕਰਨ ਉਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਫੀਸ ਰੈਗੂਲੇਟਰੀ ਬਾਡੀ ਪਟਿਆਲਾ ਦੇ ਮੈਂਬਰ ਸਕੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2022-23 ਦੀਆਂ ਫੀਸਾਂ ਸਬੰਧੀ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪਟਿਆਲਾ ਵਿਚ ਵੱਖ ਵੱਖ ਸਕੂਲਾਂ ਦੀਆਂ ਸ਼ਿਕਾਇਤਾਂ ਮਿਲਣ ‘ਤੇ ਪੜਤਾਲ ਕੀਤੀ ਗਈ ਸੀ ਜਿਸ ਦੇ ਆਧਾਰ ‘ਤੇ ਫੀਸ ਰੈਗੂਲੇਟਰੀ ਬਾਡੀ

ਜ਼ਿਲ੍ਹਾ ਪਟਿਆਲਾ ਦੇ ਚੇਅਰਪਰਸਨ ਵੱਲੋਂ ਪਟਿਆਲਾ ਦੇ ਰਿਆਨ ਇੰਟਰਨੈਸ਼ਨਲ ਸਕੂਲ, ਅਰਬਨ ਅਸਟੇਟ ਫੇਜ-2 ਤੇ ਕੇ.ਐਸ.ਬੀ. ਵਰਲਡ ਸਕੂਲ ਬੂਰੜ ਜ਼ਿਲ੍ਹਾ ਪਟਿਆਲਾ ਨੂੰ ਵਿੱਦਿਅਕ ਸਾਲ 2022-23 ਦੌਰਾਨ ਵਿਦਿਆਰਥੀਆਂ ਪਾਸੋਂ ਵਸੂਲੀ ਵੱਧ ਫੀਸ ਵਾਪਸ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕ੍ਰਮਵਾਰ ਦੋ ਲੱਖ ਤੇ ਇੱਕ ਲੱਖ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਸਬੰਧੀ ਫੀਸ ਰੈਗੂਲੇਟਰੀ ਬਾਡੀ ਵੱਲੋਂ ਕੀਤੇ ਗਏ ਅਚਨਚੇਤ ਨਿਰੀਖਣ ਦੌਰਾਨ ਤਰੁੱਟੀਆਂ ਪਾਈਆਂ ਗਈ ਸਨ ਜਿਸ ਲਈ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਉਕਤ ਦੋਵੇ ਸਕੂਲਾਂ ਨੇ ਜੋ ਫੀਸ ਦਾ ਵਾਧਾ ਕੀਤਾ ਸੀ ਉਸ ਸਬੰਧੀ ਕੋਈ ਢੁਕਵਾਂ ਜਵਾਬ ਨਾ ਦੇਣ ਕਾਰਨ ਉਨ੍ਹਾਂ ‘ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਤੇ ਇੱਕ ਹਫ਼ਤੇ ਅੰਦਰ ਅੰਦਰ ਹੁਕਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿਚ ਸਕੂਲ ਵਿਰੁੱਧ ਫੀਸ ਐਕਟ 2016 ਦੇ ਸੈਕਸ਼ਨ 14 ਤਹਿਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *