ਖ਼ਾਲਸਾ ਕਾਲਜ ਐਜ਼ੂਕੇਸ਼ਨ ਦੀ ਨਵੀਂ ਕਾਰਜਕਾਰੀ ਪ੍ਰਿੰਸੀਪਲ ਵਜੋਂ ਡਾ. ਮਨਦੀਪ ਨੇ ਅਹੁੱਦਾ ਸੰਭਾਲਿਆ
ਅੰਮ੍ਰਿਤਸਰ, 2 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਡਾ. ਮਨਦੀਪ ਕੌਰ ਨੂੰ ਨਵੀਂ ਕਾਰਜਕਾਰੀ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਗਿਆ, ਜੋ ਕਿ ਉਸੇ ਸੰਸਥਾ ’ਚ ਕਾਫ਼ੀ ਲੰਮੇਂ ਸਮੇਂ ਤੋਂ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹੋਰ ਮੈਂਬਰਾਂ ਦੀ ਮੌਜੂਦਗੀ ’ਚ ਡਾ. ਮਨਦੀਪ ਕੌਰ ਨੇ ਆਪਣੀ ਡਿਊਟੀ ਜੁਆਇਨ ਕੀਤੀ। ਡਾ. ਮਨਦੀਪ ਕੌਰ ਜਿਨ੍ਹਾਂ ਦਾ ਅਧਿਆਪਨ ਵਜੋਂ ਖਾਸਾ ਤਜਰਬਾ ਹਾਸਲ ਹੈ।
ਇਸ ਮੌਕੇ ਕਾਲਜ ਦੀ ਮੌਜੂਦਾ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਜੋ ਸੇਵਾਮੁਕਤੀ ਤੋਂ ਬਾਅਦ ਐਕਸਟੈਂਸ਼ਨ ’ਤੇ ਸਨ, ਨੂੰ ਅੱਜ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਨਵੇਂ ਪ੍ਰਿੰ: ਡਾ: ਮਨਦੀਪ ਕੌਰ ਦਾ ਸਵਾਗਤ ਕਰਦੇ ਹੋਏ ਉਮੀਦ ਜਾਹਿਰ ਕਰਦਿਆਂ ਸ: ਛੀਨਾ ਨੇ ਕਿਹਾ ਕਿ ਅਧਿਆਪਨ ਦੇ ਸਿੱਖਿਆ ਖੇਤਰ ’ਚ ਪਾਸ਼ ਇਲਾਕੇ ’ਚ ਸਥਿਤ ਇਹ ਕਾਲਜ ਇਕ ਨਾਮਵਰ ਸੰਸਥਾ ਹੈ ਅਤੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਨਿਯੁਕਤ ਡਾ. ਮਨਦੀਪ ਕੌਰ ਕਾਲਜ ਨੂੰ ਬੁਲੰਦੀਆਂ ’ਤੇ ਲਿਜਾਣਗੇ। ਉਨ੍ਹਾਂ ਕਿਹਾ ਕਿ ਅਕਾਦਮਿਕ ਖੇਤਰ ’ਚ ਡਾ. ਮਨਦੀਪ ਕੌਰ ਦਾ ਤਜਰਬਾ ਸੰਸਥਾ ਲਈ ਇਕ ਵੱਡਮੁੱਲਾ ਯੋਗਦਾਨ ਹੋਵੇਗਾ, ਕਿਉਂਕਿ ਇਹ ਕਾਲਜ ਕਈ ਪੇਸ਼ੇਵਰ ਅਧਿਆਪਕ ਕਿੱਤੇ ਵਜੋਂ ਕੋਰਸ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਡਾ. ਢਿੱਲੋਂ ਨੇ ਆਪਣੇ 17 ਸਾਲਾਂ ਦੇ ਕਾਰਜਕਾਲ ਦੌਰਾਨ ਕਾਲਜ ਨੂੰ ਸਿੱਖਿਆ ਦੇ ਮਿਆਰ ’ਚ ਉਚਾਈਆਂ ਤੱਕ ਪਹੁੰਚਾਇਆ ਹੈ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਕਾਲਜ ਨੇ ਕਈ ਖਿਤਾਬ ਆਪਣੇ ਨਾਮ ’ਤੇ ਦਰਜ ਕਰਵਾਏ ਹਨ। ਇਸ ਮੌਕੇ ਸ: ਛੀਨਾ ਨੇ ਨਵੇਂ ਪ੍ਰਿੰਸੀਪਲ ਨੂੰ ਸੰਸਥਾ ਦੀ ਤਰੱਕੀ ਅਤੇ ਪ੍ਰਸਾਰ ਲਈ ਪੂਰੀ ਲਗਨ ਅਤੇ ਜ਼ਜਬੇ ਨਾਲ ਮਿਹਨਤ ਕਰਨ ਦੀ ਆਸ ਕੀਤੀ। ਇਸ ਮੌਕੇ ਕੌਂਸਲ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਪਰਮਜੀਤ ਸਿੰਘ ਬੱਲ, ਸ: ਸਰਦੂਲ ਸਿੰਘ ਮੰਨਨ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਪ੍ਰਿੰਸੀਪਲ ਨਿਰਮਲਜੀਤ ਕੌਰ ਗਿੱਲ ਅਤੇ ਹੋਰ ਸਟਾਫ਼ ਹਾਜ਼ਰ ਸੀ।

