ਭਾਜਪਾ ਕਾਰਜਕਾਰਨੀ ਦੀ ਦੋ ਰੋਜ਼ਾ ਅੰਮ੍ਰਿਤਸਰ ਬੈਠਕ ’ਚ ਚਿੰਤਨ ਮੰਥਨ ।
ਪੰਜਾਬ ਭਾਜਪਾ ਦਾ ਰਾਜਨੀਤਿਕ ਪ੍ਰਸਤਾਵ : ਰਾਜ ਦੇ ਉੱਜਲ ਭਵਿੱਖ ਪ੍ਰਤੀ ਰੋਡ ਮੈਪ।
ਅੰਮ੍ਰਿਤਸਰ ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੰਭੀਰਤਾ ਅਖ਼ਤਿਆਰ ਕਰ ਚੁੱਕੀ ਹੈ। ਇਸ ਦੀ ਅੰਮ੍ਰਿਤਸਰ ਵਿਖੇ 22 ਤੇ 23 ਜਨਵਰੀ 2013 ਨੂੰ ਹੋਈ ਦੋ ਰੋਜ਼ਾ ਸੂਬਾ ਕਾਰਜਕਾਰਨੀ ਬੈਠਕ ਦੌਰਾਨ ਪੰਜਾਬੀਆਂ ਦੀਆ ਆਸਾਂ ਉਮੀਦਾਂ ’ਤੇ ਖਰਾ ਉੱਤਰਨ ਅਤੇ ਪੰਜਾਬ ਤੇ ਪੰਜਾਬੀਆਂ ਨਾਲ ਸਬੰਧਿਤ ਸਰੋਕਾਰਾਂ ਨੂੰ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਦੀ ਰਹਿਨੁਮਾਈ ਹੇਠ ਪੰਜਾਬ ਨੂੰ ਗਤੀਸ਼ੀਲ ਅਗਵਾਈ ਦੇਣ ਦਾ ਫ਼ੈਸਲਾ ਕੀਤਾ ਗਿਆ। ਭਾਰੀ ਉਤਸ਼ਾਹ ਅਤੇ ਪੂਰਨ ਅਨੁਸ਼ਾਸਿਤ ਬੈਠਕ ਵਿਚ ਸੰਗਠਨ ਦੇ ਵਿਸਥਾਰ ਬਾਰੇ ਚਰਚਾ ਤੋਂ ਇਲਾਵਾ ਪੰਜਾਬ ਦੀ ਨਾਜ਼ੁਕ ਅਤੇ ਚਿੰਤਾਜਨਕ ਦੌਰ, ਅਮਨ ਕਾਨੂੰਨ ਦੀ ਸਥਿਤੀ, ਅਤਿਵਾਦ, ਗੈਂਗਵਾਦ, ਲੁੱਟਾਂ ਖੋਹਾਂ, ਨਿਸੰਗ ਹੱਤਿਆਵਾਂ, ਨਸ਼ਿਆਂ ਦੀ ਮਾਰ, ਮਾਫ਼ੀਆ ਰਾਜ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨੌਜਵਾਨੀ ਦਾ ਵਿਦੇਸ਼ਾਂ ਨੂੰ ਪਲਾਇਨ ਕਰਨਾ, ਉਦਯੋਗਿਕ ਪਲਾਇਨ, ਵਾਤਾਵਰਣ ਤਬਦੀਲੀ ਅਤੇ ਕੁਸ਼ਾਸਨ ਆਦਿ ਪੰਜਾਬ ਨੂੰ ਦਰਪੇਸ਼ ਵੱਡੀਆਂ ਚੁਨੌਤੀਆਂ ’ਤੇ ਗੰਭੀਰ ਚਿੰਤਨ ਮੰਥਨ ਕੀਤਾ ਗਿਆ। ਇਸ ਮੌਕੇ ਪੰਜਾਬ ਨੂੰ ਚਿੰਤਾਜਨਕ ਅਲਾਮਤਾਂ ਤੋਂ ਨਿਜਾਤ ਦਿਵਾਉਂਦਿਆਂ ਇਸ ਦੇ ਉੱਜਲ ਭਵਿੱਖ ਲਈ ਭਾਜਪਾ ਵੱਲੋਂ ਇਕ ਰੋਡ ਮੈਪ ਵਜੋਂ ਜੋ ਰਾਜਨੀਤਿਕ ਪ੍ਰਸਤਾਵ ਸਾਹਮਣੇ ਲਿਆਂਦਾ ਗਿਆ, ਉਹ ਪੰਜਾਬ ਪ੍ਰਤੀ ਭਾਜਪਾ ਦੇ ਰਾਜਨੀਤਿਕ ਮਿਜ਼ਾਜ ਵਿਚ ਆ ਰਹੀ ਵੱਡੀ ਤਬਦੀਲੀ ਦਾ ਪ੍ਰਤੱਖ ਸੰਕੇਤ ਹੈ। ਕਾਰਜਕਾਰਨੀ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਕੋਹੜ ਤੋਂ ਮੁਕਤੀ ਦਿਵਾਉਣ ਲਈ ਇੱਕ ਵੱਡਾ ਰਾਜਨੀਤਿਕ ਅਤੇ ਸਮਾਜਿਕ ਅੰਦੋਲਨ ਵਿੱਢਣ ਦਾ ਸੰਕਲਪ ਲਿਆ। ਪੰਜਾਬ ਦੇ ਹਿਤਾਂ ਲਈ ਮੈਦਾਨ ਵਿਚ ਡਟੀ ਹੋਈ ਪੰਜਾਬ ਭਾਜਪਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਨੂੰ ਤਸਲੀਮ ਕੀਤਾ ਹੈ। ਪਾਰਟੀ ਨੇ ਆਪਣਾ ਇਹ ਸਪਸ਼ਟ ਸਟੈਂਡ ਵੀ ਦਿੱਤਾ ਹੈ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਦੀ ਇੱਕ ਵੀ ਬੂੰਦ ਵੀ ਨਹੀਂ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ ‘ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵਿੱਚ ਵਿਸ਼ੇ ਦੀ ਸਪਸ਼ਟਤਾ ਅਤੇ ਦ੍ਰਿੜ੍ਹਤਾ ਦੀ ਘਾਟ ਸਾਫ਼ ਦਿਖਾਈ ਦੇਣ ’ਤੇ ਉਸ ਨੂੰ ਕਿਸੇ ਵੀ ਬਾਹਰੀ ਦਬਾਅ ਤੋਂ ਮੁਕਤ ਹੋ ਕੇ ਪੰਜਾਬ ਦੇ ਹਿੱਤਾਂ ਲਈ ਠੋਸ ਫ਼ੈਸਲਾ ਲੈਣ ਅਤੇ ਸੁਪਰੀਮ ਕੋਰਟ ਵਿੱਚ ਵੀ ਆਪਣੇ ਪੱਖ ਨੂੰ ਮਜ਼ਬੂਤੀ ਨਾਲ ਰੱਖਣ ਲਈ ਕਿਹਾ ਗਿਆ ।
ਬੈਠਕ ਦੌਰਾਨ ਪੰਜਾਬ ਭਾਜਪਾ ਨੇ ਸਪਸ਼ਟ ਕਿਹਾ ਕਿ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਇੱਕ ਸਾਰਥਿਕ ਬਦਲਾਅ ਦੀ ਉਮੀਦ ਨਾਲ ਇਤਿਹਾਸਿਕ ਬਹੁਮਤ ਦਿੱਤਾ ਸੀ। ਪਰੰਤੂ ਜਿਸ ਤਰ੍ਹਾਂ ਨਾਲ ਇਸ ਦੀ ਮਨ ਸਰਕਾਰ ਹਰ ਫ਼ਰੰਟ ‘ਤੇ ਫੇਲ ਸਾਬਿਤ ਹੋਈ ਹੈ ਅਤੇ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ , ਉਸ ਨਾਲ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੋਦੀ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਲਈ ਭੇਜੇ ਰਾਸ਼ਨ ਦੇ ਵਿੱਚ ਘਪਲਾ ਕਰਨਾ, ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਯੋਜਨਾ ਨੂੰ ਠੀਕ ਤਰ੍ਹਾਂ ਨਾਲ ਨਾ ਚਲਾਉਣਾ, ਪ੍ਰਧਾਨ ਮੰਤਰੀ ਕਿਸਾਨ ਫ਼ਸਲ ਬੀਮਾ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਨਾ ਕਰਨਾ, ਕਿਸਾਨਾਂ ਨੂੰ ਉਚਿੱਤ ਮੁਆਵਜ਼ਾ ਨਾ ਦੇਣਾ, ਐੱਸ.ਸੀ. ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਬੰਦ ਕਰਨਾ, ਇੰਡਸਟਰੀ ਨੂੰ ਮਿਲਣ ਵਾਲੀ ਬਿਜਲੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰਨ ਦੀ ਕੋਸ਼ਿਸ਼, ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਨੂੰ ਜ਼ਮੀਨਾਂ ਨਾ ਮੁਹੱਈਆ ਕਰਵਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਗ਼ਰੀਬ ਵਿਰੋਧੀ ਵਪਾਰ ਵਿਰੋਧੀ, ਐਸ.ਸੀ. ਵਿਰੋਧੀ ਅਤੇ ਕਿਸਾਨ ਵਿਰੋਧੀ ਚਿਹਰੇ ਨੂੰ ਉਜਾਗਰ ਕੀਤਾ ਗਿਆ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਲਗਾਤਾਰ ਵਿਗੜਦੀ ਹਾਲਾਤ ’ਤੇ ਚਿੰਤਾ ਜਤਾਈ ਗਈ। ਪ੍ਰਸਿੱਧ ਸ਼ਖ਼ਸੀਅਤਾਂ ਸਮੇਤ ਅਨੇਕਾਂ ਪੰਜਾਬੀਆਂ ਦਾ ਗੈਂਗਸਟਰਾਂ ਅਤੇ ਲੁਟੇਰਿਆਂ ਹੱਥੋਂ ਮਾਰੇ ਜਾਣ ਅਤੇ ਵੱਡੀ ਗਿਣਤੀ ਵਪਾਰੀਆਂ ਤੋਂ ਫਿਰੌਤੀ ਦੀ ਮੰਗ ’ਤੇ ਵੀ ਰਾਜ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਨ ’ਚ ਨਾਕਾਮ ਹੋਣ ਪ੍ਰਤੀ ਰੋਸ ਦਿਖਾਈ ਦਿੱਤੀ। ਦੇਸ਼ ਵਿਰੋਧੀ ਤਾਕਤਾਂ ਅਤੇ ਗੈਂਗਸਟਰਾਂ ਦੇ ਨਾਪਾਕ ਗੱਠਜੋੜ, ਮੋਹਾਲੀ ਅਤੇ ਤਰਨਤਾਰਨ ਵਿੱਚ ਪੁਲਿਸ ਇਮਾਰਤ ਉੱਤੇ ਪੈਂਦੇ ਆਰਪੀਜੀ ਹਮਲਿਆਂ, ਸਰਹੱਦ ਪਾਰ ਤੋਂ ਹਥਿਆਰ ਅਤੇ ਡਰੱਗ ਤਸਕਰੀ ਦੀਆਂ ਵਧਦੀਆਂ ਘਟਨਾਵਾਂ, ਪੰਜਾਬ ’ਚ ਲਿਖੇ ਜਾ ਰਹੇ ਵੱਖਵਾਦੀ ਨਾਅਰੇ ਅਤੇ ਭਾਸ਼ਣਾਂ ਨੂੰ ਭਾਜਪਾ ਦੀ ਕਾਰਜਕਾਰਨੀ ਨੇ ਗੰਭੀਰਤਾ ਨਾਲ ਲਿਆ ਅਤੇ ਅਤਿਵਾਦ ਖ਼ਿਲਾਫ਼ ਜ਼ੀਰੋ ਟਾਲਰੈਸ ’ਤੇ ਚਲਦਿਆਂ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਕਰਨ ਦੀ ਵਚਨਬੱਧਤਾ ਦੁਹਰਾਈ ਗਈ ਅਤੇ ਸੂਬਾ ਸਰਕਾਰ ਨੂੰ ਵੀ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤੀ ਵਰਤਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਪੰਜਾਬ ਦੀ ਆਰਥਿਕ ਹਾਲਤ ਲਗਾਤਾਰ ਨਿਘਾਰ ਵੱਲ ਜਾ ਰਹੇ ਹੋਣ ’ਤੇ ਚਿੰਤਾ ਪ੍ਰਗਟ ਕਰਦਿਆਂ ਭਾਜਪਾ ਨੇ ਮਾਈਨਿੰਗ ‘ਤੇ 20,000 ਕਰੋੜ ਰੁਪਏ ਦੀ ਸਲਾਨਾ ਆਮਦਨ ਹਾਸਲ ਕਰਨ ਦਾ ਵਾਅਦਾ ਕਰਨ ਵਾਲੀ ਆਪ ਸਰਕਾਰ ਤੋਂ ਪਿਛਲੇ ਦਸ ਮਹੀਨਿਆਂ ਵਿੱਚ ਲਗਭਗ 30,000 ਕਰੋੜ ਦਾ ਨਵਾਂ ਕਰਜ਼ਾ ਪੰਜਾਬ ਦੇ ਸਿਰ ਚਾੜ੍ਹਨ ਦਾ ਹਿਸਾਬ ਮੰਗਿਆ। ਪੰਜਾਬ ਸਰਕਾਰ ਦੀ ਨਖਿੱਧ ਮਾਈਨਿੰਗ ਪਾਲਿਸੀ ਅਤੇ ਮਾਈਨਿੰਗ ਮਾਫ਼ੀਆ ਨੂੰ ਖੁੱਲ ਦੇਣ ਦੀ ਨਿਖੇਧੀ ਕੀਤੀ। ਇਸੇ ਹੀ ਤਰਜ਼ ’ਤੇ ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ਰਾਹੀ ਕੇਜਰੀਵਾਲ ਦੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਦਿੱਲੀ ਦੀ ਤਰਜ਼ ‘ਤੇ ਬਣਾਈ ਗਈ ਪਾਲਿਸੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ’ਚ ਨਾਕਾਮ ਰਹਿਣ ਲਈ ਮਾਨ ਸਰਕਾਰ ਨੂੰ ਕੋਸਿਆ ਗਿਆ। ਮੁਹੱਲਾ ਕਲੀਨਿਕ ਖੋਲ੍ਹਣ ਦੀ ਡਰਾਮੇਬਾਜ਼ੀ ਅਤੇ ਲੋਕ ਭਲਾਈ ਦੀਆਂ ਸਕੀਮਾਂ ਠੱਪ ਕਰ ਦੇਣ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੱਤਾ । ’ਆਪ’ ਵੱਲੋਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ, ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਚੋਣਾਂ ਦੌਰਾਨ ਕੀਤਾ ਗਿਆ ਵਾਅਦਾ ਵਫ਼ਾ ਨਾ ਹੋਣ ਸਗੋਂ ਬੇਰੁਜ਼ਗਾਰਾਂ, ਕੱਚੇ ਮੁਲਾਜ਼ਮਾਂ ਅਤੇ ਕਿਸਾਨਾਂ ਉੱਤੇ ਲਾਠੀਚਾਰਜ ਅਤੇ ਤਸ਼ੱਦਦ ਦੀਆਂ ਵਧਦੀਆਂ ਘਟਨਾਵਾਂ ’ਤੇ ਵੀ ਵਿਚਾਰਾਂ ਹੋਈਆਂ। ਜੀਰਾ ਸ਼ਰਾਬ ਫ਼ੈਕਟਰੀ ਖ਼ਿਲਾਫ਼ ਅੰਦੋਲਨ ਦੌਰਾਨ ਲੋਕਾਂ ਨਾਲ ਕੀਤੇ ਗਏ ਤਸ਼ੱਦਦ ਨੂੰ ਨਿੰਦਿਆ ਗਿਆ। ਮੁੱਖਮੰਤਰੀ ਵੱਲੋਂ ਫ਼ੈਕਟਰੀ ਬੰਦ ਕਰਨ ਦੇ ਐਲਾਨ ਦੇ ਬਾਵਜੂਦ ਨੋਟੀਫ਼ਿਕੇਸ਼ਨ ਜਾਰੀ ਨਾ ਕਰਨ ’ਤੇ ਸਵਾਲ ਉਠਾਇਆ ਗਿਆ। ਰਾਜ ਸਰਕਾਰ ਨੂੰ ਇਮਾਨਦਾਰੀ ਨਾਲ ਅਜਿਹੀ ਵਿਵਸਥਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਜਿਸ ਨਾਲ ਭਵਿੱਖ ਦੌਰਾਨ ਕੋਈ ਵੀ ਫ਼ੈਕਟਰੀ ਬੰਦ ਕਰਨ ਦੀ ਨੌਬਤ ਨਾ ਆਵੇ। ਪੰਜਾਬ ਦੀ ਇੰਡਸਟਰੀ ਦੂਜੇ ਸੂਬਿਆਂ ਵੱਲ ਜਾਣਾ ਪੰਜਾਬ ਦੇ ਲਈ ਘਾਤਕ ਸਾਬਿਤ ਹੋਣ, ਜਲੰਧਰ ਦੇ ਲਤੀਫਪੁਰ ਉਜਾੜੇ ’ਤੇ ਰੋਸ ਕਰਦਿਆਂ ਪੀੜਤ ਪਰਿਵਾਰਾਂ ਨੂੰ ਜਲਦ ਘਰ ਮੁਹੱਈਆ ਕਰਵਾਉਣ ਮੰਗ ਕੀਤੀ ਗਈ। ਅਰਵਿੰਦ ਕੇਜਰੀਵਾਲ ਨੂੰ ਉਭਾਰਨ ਦੇ ਮਕਸਦ ਨਾਲ ਦੇਸ਼ ਭਰ ਵਿੱਚ ਇਸ਼ਤਿਹਾਰਾਂ ਲਈ ਪੰਜਾਬ ਦੇ ਲੋਕਾਂ ਦਾ ਟੈਕਸਾਂ ਦੇ ਰੂਪ ਵਿਚ ਇਕੱਠਾ ਕੀਤਾ ਗਿਆ ਕਰੋੜਾਂ ਰੁਪਏ ਖ਼ਰਚੇ ਜਾਣਾ ’ਤੇ ਸਵਾਲ ਉਠਾਏ ਗਏ। ਪੰਜਾਬ ਦੇ ਸਰਕਾਰੀ ਕੰਮਾਂ ਵਿੱਚ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਟੀਮ ਵੱਲੋਂ ਦਿੱਤੀ ਜਾ ਰਹੀ ਸਿੱਧੀ ਦਖਲਅੰਦਾਜ਼ੀ ਨੂੰ ਚਿੰਤਾਜਨਕ ਠਹਿਰਾਇਆ ਅਤੇ ਕੇਜਰੀਵਾਲ ਦੀ ਦਖ਼ਲ ਅੰਦਾਜ਼ੀ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ। ਲੋਕਤੰਤਰ ਦੇ ਚੌਥੇ ਸਤੰਭ ਮੀਡੀਆ ਉੱਤੇ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀ ਭਾਜਪਾ ਪੰਜਾਬ ਨੇ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ।
ਕਾਰਜਕਾਰਨੀ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖ ਸਮਾਜ ਲਈ ਕੀਤੇ ਕੰਮਾਂ ਲਈ ਧੰਨਵਾਦ ਮਤਾ ਪਾਸ ਕੀਤਾ ਗਿਆ । ਕਰਤਾਰਪੁਰ ਕੋਰੀਡੋਰ, ਸ੍ਰੀ ਹੇਮਕੁੰਟ ਸਾਹਿਬ ਰੋਪ ਵੇਅ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸ਼ਤਾਬਦੀ, ਸ੍ਰੀ ਗੁਰੂਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਅਤੇ ਲਾਲ ਕਿਲ੍ਹੇ ਉੱਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ’ਵੀਰ ਖਾਲ ਦਿਵਸ’ ਨੂੰ ਪੂਰੀ ਦੁਨੀਆ ਵਿੱਚ ਮਨਾਉਣ ਦ ਇਤਿਹਾਸਿਕ ਕਦਮ, 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ, ਦੰਗਾ ਪੜਤਾਂ ਨੂੰ ਮੁਆਵਜ਼ੇ ਦੇਣ, ਵਿਦੇਸ਼ਾਂ ’ਚ ਰਹਿੰਦੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ, ਬੰਦੀ ਸਿੰਘ ਦੀ ਰਿਹਾਈ, ਅਫ਼ਗ਼ਾਨਿਸਤਾਨ ਤੇ ਸਿੱਖ ਪਰਿਵਾਰਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਪ੍ਰਸੰਸਾ ਕੀਤੀ ਗਈ।
ਭਾਜਪਾ ਲੀਡਰਸ਼ਿਪ ਦਾ ਮੰਨਣਾ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਰਾਜਨੀਤਿਕ ਇਤਿਹਾਸ ਵਿੱਚ ਸ੍ਰੀ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਇਤਿਹਾਸ ਵਿੱਚ ਇੱਕ ਮੀਲ-ਪੱਥਰ ਸਾਬਤ ਹੋਇਆ ਹੈ। ਜੀ 20 ਦੀ ਪ੍ਰਧਾਨਗੀ ਨਾਲ ਭਾਰਤ ਨੇ ਆਪਣੀ ਪਛਾਣ ਵਧਾਈ ਹੈ। ਭਾਜਪਾ ਨੇ ’ਇਕ ਵਿਸ਼ਵ ਇਕ ਪਰਿਵਾਰ ਇਕ ਭਵਿੱਖ’ ਦੇ ਸੰਕਲਪ ’ਤੇ ਜ਼ੋਰ ਦਿੱਤਾ। ਪਾਰਟੀ ਨੇ ਅਕਾਲੀ ਦਲ ’ਤੇ ਵਿਸ਼ਵਾਸ ਕੀਤਾ ਪਰ ਅਕਾਲੀ ਦਲ ਨੇ ਪੇਡੂ ਖੇਤਰ ’ਚ ਭਾਜਪਾ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਅਕਾਲੀ ਦਲ ਨਾਲ ਗੱਠਜੋੜ ਟੁੱਟਣ ਉਪਰੰਤ ਪੰਜਾਬ ਵਿੱਚ ਭਾਜਪਾ ਲਗਾਤਾਰ ਮਜ਼ਬੂਤੀ ਵਲ ਤੇਜ਼ੀ ਨਾਲ ਵਧ ਰਹੀ ਹੈ। ਸਮਾਜਿਕ ਮੁੱਦਿਆਂ ਨਾਲ ਜੁੜੇ ਆਗੂਆਂ ਤੋਂ ਇਲਾਵਾ ਦੂਸਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਨੇਤਾਵਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਇਸ ਦ ਸਬੂਤ ਹੈ। ਬੈਠਕ ਨੇ ਇਹ ਮਹਿਸੂਸ ਕੀਤਾ ਕਿ ਪੰਜਾਬ ਦੀ ਜਨਤਾ ਭਾਜਪਾ ਨੂੰ ਅਪਣਾਉਣ ਲਈ ਤਿਆਰ ਬੈਠੀ ਹੈ ਕੀ ਭਾਜਪਾ ਆਪਣੀਆਂ ਜ਼ਿੰਮੇਵਾਰੀਆਂ ਲਈ ਤਿਆਰ ਹੈ? ਨਸ਼ਾ ਮੁਕਤੀ, ਰਾਜਨੀਤਿਕ ਅਤੇ ਸਮਾਜਕ ਚੇਤਨਾ ਨਾਲ ਲੋਕਾਂ ਨੂੰ ਜੋੜਨ ਦੀ ਪਲੈਨਿੰਗ ਕੀਤੀ ਗਈ। ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਹਰ ਨਿੱਕੀ ਤੋਂ ਨਿੱਕੀ ਚੋਣ ’ਚ ਵੀ ਹਿੱਸਾ ਲੈਣ, ਬੂਥ ਪੱਧਰ ਤਕ ਪਹੁੰਚ ਕਰਨ, ਮੀਡੀਆ ਅਤੇ ਸੋਸ਼ਲ ਮੀਡੀਆ ਵਿੰਗਾਂ ਨੂੰ ਮਜ਼ਬੂਤ ਕਰਨ, ਦਲਿਤ ਭਾਈਚਾਰਾ ਅਤੇ ਪ੍ਰਵਾਸੀਆਂ ਨੂੰ ਵੀ ਪਾਰਟੀ ਨਾਲ ਜੋੜਨ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਵੀ ਜ਼ਰੂਰੀ ਸਮਝਿਆ ਗਿਆ। ਪੰਜਾਬ ਭਾਜਪਾ ਪੰਜਾਬ ਦੇ ਸਰੋਕਾਰਾਂ ਨੂੰ ਲੈ ਕੇ ਸੜਕ ’ਤੇ ਉੱਤਰਨ ਕੇ ਲੜਾਈ ਲੜਨ ਦਾ ਮਨ ਬਣਾ ਚੁੱਕੀ ਹੈ। ਵੰਸ਼ਵਾਦੀ ਰਾਜਨੀਤੀ ਦੀ ਥਾਂ ਅਟੁੱਟ ਰਾਸ਼ਟਰਵਾਦ, ਲੋਕਤੰਤਰ ’ਚ ਅਟੁੱਟ ਵਿਸ਼ਵਾਸ ਅਤੇ ਸਤਾ ਲਈ ਨਾ ਹੋ ਕੇ ਵਿਚਾਰਾਂ ਦੀ ਸਾਂਝ ਪਾਉਣ ਲਈ ਕੰਮ ਕਰਨ ਦੀ ਪ੍ਰੇਰਣਾ ਨਾਲ ਪੰਜਾਬ ਭਾਜਪਾ ਨੇ ਪੰਜਾਬ ਦੀ ਜਨਤਾ ਨੂੰ ਨਾਲ ਚੱਲਣ ਅਤੇ ਸਾਥ ਦੇਣ ਦਾ ਸਦਾ ਦਿੱਤਾ ਹੈ। ਹਰ ਲਿਹਾਜ਼ ਨਾਲ ਇਹ ਦੋ ਰੋਜ਼ਾ ਕਾਰਜਕਾਰਨੀ ਬੈਠਕ ਪੰਜਾਬ ਦੇ ਸਰੋਕਾਰਾਂ ਨੂੰ ਲੈ ਕੇ ਪੰਜਾਬ ਭਾਜਪਾ ਦੀ ਸਪਸ਼ਟਤਾ ਨਾਲ ਸੰਪੰਨ ਹੋਈ।

