ਪ੍ਰਨੀਤ ਕੌਰ ਨੇ ਕਾਂਗਰਸ ਦੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ
ਮੈਂ ਹਮੇਸਾ ਆਪਣੇ ਹਲਕੇ, ਹਲਕਾ ਵਾਸੀਆਂ ਅਤੇ ਮੇਰਾ ਸੂਬਾ ਪੰਜਾਬ ਨਾਲ ਖੜੀ ਹਾਂ ਅਤੇ ਅੱਗੇ ਵੀ ਖੜ੍ਹਾਂਗੀ: ਪ੍ਰਨੀਤ ਕੌਰ
ਪਟਿਆਲਾ 6 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਕਥਿੱਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦੇਣ ਲਈ ਕਾਂਗਰਸ ਪਾਰਟੀ ‘ਤੇ ਪਲਟਵਾਰ ਕੀਤਾ ਹੈ।
ਕਾਂਗਰਸ ਦੇ ਅਨੁਸਾਸਨੀ ਐਕਸਨ ਕਮੇਟੀ ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੂੰ ਲਿਖੇ ਆਪਣੇ ਪੱਤਰ ਵਿੱਚ, ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਇੱਕ ਵਿਅਕਤੀ ਜਿਸਨੇ ਸ੍ਰੀਮਤੀ ਗਾਂਧੀ ਦੇ ਵਿਦੇਸੀ ਨਾਗਰਿਕ ਹੋਣ ਦੇ ਮੁੱਦੇ ‘ਤੇ 1999 ਵਿੱਚ ਕਾਂਗਰਸ ਪਾਰਟੀ ਛੱਡ ਦਿੱਤੀ ਸੀ, ਅਤੇ 20 ਸਾਲ 2019 ਤੱਕ ਪਾਰਟੀ ਤੋਂ ਬਾਹਰ ਰਿਹਾ ਸੀ, ਅਤੇ ਜਿਸਨੂੰ ਖੁਦ ਅਨੁਸਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ, ਹੁਣ ਇੱਕ ਅਖੌਤੀ ਅਨੁਸਾਸਨੀ ਮਾਮਲੇ ‘ਤੇ ਮੇਰੇ ‘ਤੇ ਸਵਾਲ ਕਰ ਰਿਹਾ ਹੈ।“
ਪੰਜਾਬ ਆਗੂਆਂ ਬਾਰੇ ਗੱਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, “ਪੰਜਾਬ ਦੇ ਜਿਹੜੇ ਕਾਂਗਰਸੀਆਂ ਨੇ ਮੇਰੇ ‘ਤੇ ਇਲਜਾਮ ਲਾਏ ਹਨ, ਉਹ ਉਹ ਲੋਕ ਹਨ, ਜਿਨ੍ਹਾਂ ਦੇ ਖਿਲਾਫ ਬਹੁਤ ਸਾਰੇ ਮਾਮਲੇ ਪੈਂਡਿੰਗ ਪਏ ਹਨ। ਜੇਕਰ ਤੁਸੀਂ ਮੇਰੇ ਪਤੀ ਨੂੰ ਫੋਨ ਕਰੋ ਜੋ ਉਸ ਸਮੇਂ ਮੁੱਖ ਮੰਤਰੀ ਸਨ, ਤਾਂ ਉਹ ਤੁਹਾਨੂੰ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਦੀ ਰੱਖਿਆ ਇਸ ਲਈ ਕੀਤੀ ਸੀ ਕਿਉਂਕਿ ਇਹ ਆਪਣੀ ਪਾਰਟੀ ਦੇ ਸਨ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ।“
ਪਟਿਆਲਾ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਣਗੇ, “ਮੈਂ ਹਮੇਸਾ ਆਪਣੇ ਹਲਕੇ, ਹਲਕਾ ਵਾਸੀਆਂ ਅਤੇ ਆਪਣੇ ਰਾਜ ਪੰਜਾਬ ਦੇ ਨਾਲ ਖੜੀ ਹਾਂ ਅਤੇ ਉਨ੍ਹਾਂ ਦੇ ਮੁੱਦੇ ਉਠਾਏ ਹਨ, ਚਾਹੇ ਕੋਈ ਵੀ ਸਰਕਾਰ ਸੱਤਾ ਵਿੱਚ ਹੋਵੇ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਕਿਸੇ ਵੀ ਰਾਜ ਵਿੱਚ ਕਾਂਗਰਸ ਸਰਕਾਰ ਦੇ ਹਰ ਮੰਤਰੀ ਨੂੰ ਆਪਣੇ ਵਿਭਾਗ ਦੇ ਕੇਂਦਰੀ ਸਰਕਾਰ ਦੇ ਮੰਤਰੀ ਨੂੰ ਮਿਲਣਾ ਹੁੰਦਾ ਹੈ, ਜੋਕਿ ਇਸ ਮਾਮਲੇ ਵਿੱਚ ਭਾਜਪਾ ਸਰਕਾਰ ਹੈ, ਆਪਣੇ ਰਾਜ ਦੇ ਮਸਲੇ ਹੱਲ ਕਰਵਾਉਣ ਲਈ। ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਵਿੱਚ ਅਜਿਹਾ ਕੀਤਾ ਗਿਆ ਸੀ ਅਤੇ ਅੱਜ ਮੈਨੂੰ ਯਕੀਨ ਹੈ ਕਿ ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਵੀ ਕਾਂਗਰਸ ਸਰਕਾਰ ਵੱਲੋਂ ਅਜਿਹਾ ਹੀ ਕੀਤਾ ਜਾ ਰਿਹਾ ਹੈ। ਮੈਂ ਵੀ ਅਜਿਹੇ ਮੁੱਦਿਆਂ ਨੂੰ ਹੱਲ ਕਰਨ ਲਈ ਹਮੇਸਾ ਰਾਜ ਅਤੇ ਕੇਂਦਰ ਸਰਕਾਰ ਨੂੰ ਮਿਲਦੀ ਰਹਾਂਗੀ, ਚਾਹੇ ਤੁਸੀਂ ਪਸੰਦ ਕਰੋ ਜਾਂ ਨਾ।“
ਪ੍ਰਨੀਤ ਕੌਰ ਨੇ ਪੱਤਰ ਦੀ ਸਮਾਪਤੀ ਇਹ ਕਹਿ ਕੇ ਕੀਤੀ, “ਗੱਲ ਰਹੀ ਮੇਰੇ ਵਿਰੁੱਧ ਕਾਰਵਾਈ ਦੀ ਤਾਂ ਤੁਸੀਂ ਜੋ ਚਾਹੋ ਕਾਰਵਾਈ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ।“

