ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਫਤਹਿ ਮਾਰਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਖਾਲਸਾਈ ਸੱਜਧੱਜ ਨਾਲ ਗੁਰਦੁਆਰਾ ਪਾ:ਦਸਵੀਂ ਆਲਮਗੀਰ ਲਈ ਰਵਾਨਾ
ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਨੇ ਅਗਲੇ ਪੜ੍ਹਾਅ ਲਈ ਕੀਤਾ ਰਵਾਨਾ
ਸ਼ਹੀਦੀ ਫਤਿਹ ਮਾਰਚ ’ਚ ਸ਼ਾਮਲ ਹਾਥੀ, ਘੋੜੇ, ਊਠ ਅਤੇ ਗੱਤਕਾ ਪਾਰਟੀਆਂ ਸੰਗਤਾਂ ’ਚ ਰਹੀਆਂ ਖਿੱਚ ਦਾ ਕੇਂਦਰ
ਪਟਿਆਲਾ 13 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਫਤਿਹ ਮਾਰਚ ਸਜਾਇਆ ਗਿਆ। ਫਤਿਹ ਮਾਰਚ ਦੀ ਆਰੰਭਤਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਅਰਦਾਸ ਨਾਲ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ, ਨਿਸ਼ਾਨਚੀ ਸਿੰਘਾਂ ਦੀ ਅਗਵਾਈ ’ਚ ਸ਼ਹੀਦੀ ਫਤਿਹ ਮਾਰਚ ਨੂੰ ਅਗਲੇ ਪੜ੍ਹਾਅ ਵੱਲ ਰਵਾਨਾ ਕਰਨ ਮੌਕੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਅਕਾਲੀ ਬਾਬਾ ਬਲਬੀਰ ਸਿੰਘ 96 ਕਰੋੜੀ ਸਮੇਤ ਸ਼ੋ੍ਰਮਣੀ ਕਮੇਟੀ ਮੈਂਬਰਾਨ, ਸੰਤ ਮਹਾਂਪੁਰਸ਼ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬਾਬਾ ਸ਼ੇਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ, ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆਂ ਵਾਲੇ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਸ਼ਾਮਲ ਸਨ।
ਸ਼ਹੀਦੀ ਫਤਿਹ ਮਾਰਚ ਦੌਰਾਨ ਫੁੱਲਾਂ ’ਚ ਸਜੀ ਬਹੁਤ ਸੁੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਅਦਬ ਅਤੇ ਸਤਿਕਾਰ ਸਹਿਤ ਬਾਬਾ ਜਸਵਿੰਦਰ ਸਿੰਘ ਜੱਸੀ ਨਿਹੰਗ ਸਿੰਘ ਅਮਰੀਕਾ ਵੱਲੋਂ ਸੁਸ਼ੋਭਿਤ ਕੀਤੇ ਗਏ। ਇਸ ਮੌਕੇ ਹਾਥੀ, ਘੋੜੇ, ਊਠ ਅਤੇ ਗੱਤਕਾ ਪਾਰਟੀਆਂ ਸੰਗਤਾਂ ’ਚ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਅਤੇ ਬੈਂਡ ਪਾਰਟੀਆਂ ਨੇ ਸ਼ਬਦੀ ਧੁੰਨਾਂ ਨਾਲ ਸ਼ਹੀਦੀ ਫਤਿਹ ਮਾਰਚ ਦੌਰਾਨ ਸਾਰਿਆਂ ਦਾ ਧਿਆਨ ਖਿੱਚਿਆ। ਗੁਰੂ ਸਾਹਿਬ ਦੀ ਪਾਲਕੀ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਸੰਗਤਾਂ ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਸਨ। ਸ਼ਬਦੀ ਜਥਿਆਂ ਨੇ ਸੰਗਤਾਂ ਨੂੰ ਵਾਹਿਗੁਰੂ ਦੇ ਜਾਪ ਨਾਲ ਜੋੜਿਆ ਇਸ ਤੋਂ ਇਲਾਵਾ ਖਾਲਸਾਈ ਨੀਲੇ ਬਾਣਿਆਂ ’ਚ ਸਜੇ ਨਿਹੰਗ ਸਿੰਘ ਹਾਥੀਆਂ, ਊਠਾਂ, ਘੋੜਿਆਂ ’ਤੇ ਸਵਾਰ ਹੋ ਕੇ ਰਵਾਇਤੀ ਖਾਲਸਾਈ ਪ੍ਰੰਪਰਾਵਾਂ ਨਾਲ ਜੋੜ ਰਹੇ ਸਨ। ਇਸ ਮੌਕੇ ਗੱਲਬਾਤ ਕਰਦਿਆਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਸੰਪਰਦਾਵਾਂ, ਸੰਤ ਮਹਾਂਪੁਰਸ਼ਾਂ ਦੇ ਵੱਡਮੁੱਲੇ ਸਹਿਯੋਗ ਸਦਕਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਫਤਿਹ ਮਾਰਚ ਸਜਾਇਆ ਗਿਆ ਹੈ, ਜੋ ਸੰਗਤਾਂ ਨੂੰ ਸਿੱਖ ਕੌਮ ਦੀਆਂ ਵੱਡਮੁੱਲੀਆਂ ਪੰਥਕ ਰਵਾਇਤਾਂ ਅਤੇ ਪਰੰਪਰਾਵਾਂ ਇਤਿਹਾਸ ਅਤੇ ਵਿਰਾਸਤ ਨਾਲ ਜੋੜਨ ਦਾ ਸੰਗਤੀ ਰੂਪ ਵਿਚ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਗੁਰਮਤਿ ਦੇ ਫਲਸਫੇ ਨਾਲ ਜੁੜਕੇ ਬੁੱਢਾ ਦਲ ਨੇ ਪੰਥਕ ਸਿਧਾਂਤਾਂ ਅਤੇ ਆਪਣੇ ਫਰਜ਼ਾਂ ਦੀ ਪਹਿਰੇਦਾਰੀ ਕੀਤੀ ਹੈ। ਅਜਿਹੀਆਂ ਸ਼ਤਾਬਦੀਆਂ ਨੂੰ ਭਵਿੱਖ ’ਚ ਮਨਾਉਣ ਲਈ ਸਮੁੱਚੀਆਂ ਸਿੱਖ ਸੰਸਥਾਵਾਂ, ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਬੁੱਢਾ ਦਲ ਮਹਾਨ ਕਾਰਜ ਕਰਦਾ ਰਹੇਗਾ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਜਨਮ ਅਸਥਾਨ ਦੇਹਲਾ ਸੀਹਾਂ ਤੋਂ ਅਰੰਭ ਹੋਇਆ ਇਹ ਸ਼ਹੀਦੀ ਫਤਿਹ ਮਾਰਚ ਦਾ ਸੰਗਤਾਂ ਥਾਂ ਪਰ ਥਾਂ ਭਰਵਾਂ ਸੁਆਗਤ ਕੀਤਾ ਅਤੇ ਵੱਡੀ ਪੱਧਰ ਤੇ ਸਮੂਲੀਅਤ ਕੀਤੀ ਹੈ। ਅੱਜ ਇਸ ਪਾਵਨ ਅਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਆਰੰਭ ਹੋਇਆ ਸ਼ਹੀਦੀ ਫਤਿਹ ਮਾਰਚ ਸਰਹਿੰਦ, ਖੰਨਾ, ਮੰਡੀ ਗੋਬਿੰਦਗੜ੍ਹ, ਗੁਰਦੁਆਰਾ ਮੰਜੀ ਸਾਹਿਬ ਕੋਟਾ, ਦੋਰਾਹਾ, ਸਾਹਨੇਵਾਲ, ਤੋਂ ਗੁਰੂ ਗੋਬਿੰਦ ਸਿੰਘ ਮਾਰਗ, ਜੱਸੜਾ, ਡਗਰੇ, ਖਾਨਪੁਰ, ਜਰਖੜ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਆਲਮਗੀਰ ਪਾਤਸ਼ਾਹੀ ਦਸਵੀਂ ਵਿਖੇ ਰਾਤਰੀ ਵਿਸ਼ਰਾਮ ਕਰੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਇਸ ਮਹਾਨ ਕਾਰਜ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹਾਸਲ ਕਰਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ.ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਸ. ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਸ. ਗੁਰਮੀਤ ਸਿੰਘ ਸੁਨਾਮ, ਸਾਬਕਾ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਪਰਮਜੀਤ ਸਿੰਘ, ਸਾਬਕਾ ਹੈਡ ਗ੍ਰੰਥੀ ਬਾਬਾ ਸੁਖਦੇਵ ਸਿੰਘ, ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ, ਬੁੱਢਾ ਦਲ ਪਬਲਿਕ ਸਕੂਲ ਦੇ ਸਟਾਫ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਭਾ ਸੁਸਾਇਟੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।

