ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਸਮੇਂ ਡੇਰਾ ਨਿਰਮਲੇ ਤਪੋਬਨ ਭੂਰੀ ਵਾਲਿਆਂ ਨੇ ਬੁੱਢਾ ਦਲ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਤਾ
ਅੰਮ੍ਰਿਤਸਰ 15 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ 12 ਮਾਰਚ ਤੋਂ 14 ਮਾਰਚ ਤੀਕ ਹੋਣਗੇ ਸ਼ਤਾਬਦੀ ਸਮਾਗਮ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਨਾਉਣ ਲਈ ਤਿਆਰੀਆਂ ਪੁਰਜੋਰ ਨਾਲ ਕੀਤੀਆਂ ਜਾ ਰਹੀਆਂ ਹਨ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਕ ਲਿਖਤੀ ਪ੍ਰੈਸਨੋਟ ਰਾਹੀਂ ਦਸਿਆ ਹੈ ਕਿ ਪਿਛਲੇ ਦਿਨੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਿਸ਼ੇਸ਼ ਤੌਰ ਤੇ ਨਿਰਮਲੇ ਤਪੋਬਨ ਕਾਰ ਸੇਵਾ ਭੂਰੀ ਵਾਲਿਆਂ ਦੇ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਸੁਖਾ ਭੂਰੀ ਵਾਲਿਆਂ ਨਾਲ ਸ਼ਤਾਬਦੀ ਸਬੰਧੀ ਇਕੱਤਰਤਾ ਕੀਤੀ।
ਮਿਲਣੀ ਦੌਰਾਨ ਬਾਬਾ ਸੁਖਵਿੰਦਰ ਸਿੰਘ ਸੁਖਾ ਨੇ ਬਾਬਾ ਕਸ਼ਮੀਰ ਸਿੰਘ ਮੁਖੀ ਡੇਰਾ ਨਿਰਮਲੇ ਤਪੋਬਨ ਭੂਰੀ ਵਾਲਿਆਂ ਵੱਲੋਂ ਪੂਰਨ ਤੌਰ ਤੇ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ 11 ਤੋਂ 14 ਮਾਰਚ ਤੀਕ ਸ਼ਤਾਬਦੀ ਨਾਲ ਸਬੰਧਤ ਸਮਾਗਮਾਂ ਦਾ ਵੇਰਵਾ ਵੀ ਉਨ੍ਹਾਂ ਨਾਲ ਸਾਂਝਾ ਕੀਤਾ। ਬਾਬਾ ਬਲਬੀਰ ਸਿੰਘ ਨੇ ਕਿਹਾ ਸਮਾਗਮਾਂ ਲਈ ਹਰ ਸੰਪਰਦਾ ਅਤੇ ਸੰਸਥਾ ਦਾ ਸਹਿਯੋਗ ਲਿਆ ਜਾਵੇਗਾ। ਇਸ ਮਿਲਣੀ ਸਮੇਂ ਬਾਬਾ ਗੁਰਨਾਮ ਸਿੰਘ, ਬਾਬਾ ਜੱਸਾ ਸਿੰਘ, ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਆਰਕੀਟੈਕਟ ਸ. ਇੰਦਰਵੀਰ ਸਿੰਘ ਵਾਲੀਆ, ਸ. ਇੰਦਰਪਾਲ ਸਿੰਘ ਫੌਜੀ ਆਦਿ ਹਾਜ਼ਰ ਸਨ। ਉਪਰੰਤ ਬਾਬਾ ਬਲਬੀਰ ਸਿੰਘ ਅਕਾਲੀ ਮੁਖੀ ਬੁੱਢਾ ਦਲ ਅਤੇ ਸਮੁੱਚੀ ਅਕਾਲੀ ਫੌਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਨਤਮਸਤਕ ਹੋਈ ਹਜ਼ੂਰੀ ਸਿੰਘਾਂ ਨੇ ਬਾਬਾ ਜੀ ਦਾ ਸਨਮਾਨ ਕੀਤਾ।

