ਪੀ.ਆਰ.ਟੀ.ਸੀ. ਪਟਿਆਲਾ ਦੇ ਮੁੱਖ ਦਫਤਰ ਦੇ ਗੇਟ ਤੇ 1000 ਤੋਂ ਵੱਧ ਕਰਮਚਾਰੀਆਂ ਨੇ ਮੈਨੇਜਮੈਂਟ ਵਿਰੁੱਧ ਵਿਸ਼ਾਲ ਰੋਸ ਧਰਨਾ ਦਿਤਾ
ਪਟਿਆਲਾ : 21 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਅੱਜ ਇੱਥੇ ਪੀ.ਆਰ.ਟੀ.ਸੀ. ਪਟਿਆਲਾ ਦੇ ਮੁੱਖ ਦਫਤਰ ਦੇ ਗੇਟ ਤੇ 1000 ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਤਨਖਾਹ ਅਤੇ ਪੈਨਸ਼ਨ ਨਾ ਮਿਲਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਵਿਰੁੱਧ ਵਿਸ਼ਾਲ ਰੋਸ ਧਰਨਾ ਦਿਤਾ ਅਤੇ ਰੋਸ ਰੈਲੀ ਕੀਤੀ। ਇਸ ਧਰਨੇ ਅਤੇ ਰੈਲੀ ਦੀ ਅਗਵਾਈ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਬਰਜ਼ ਸਰਵ ਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਤਾਰਪੁਰੀ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਕੀਤੀ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਇਸ ਵਿਸ਼ਾਲ ਰੋਸ ਭਰਪੂਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਬੜੀ ਬੇਰਹਿਮੀ ਨਾਲ ਪੀ.ਆਰ.ਟੀ.ਸੀ. ਕਰਮਚਾਰੀਆਂ ਅਤੇ ਪੈਨਸ਼ਨਰਾਂ ਨੁੰ ਉਨ੍ਹਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੀ ਅਦਾਇਗੀ ਲਈ ਜੋ ਮੁਫਤ ਸਫਰ ਬਦਲੇ ਹਰ ਮਹੀਨੇ 40 ਕਰੋੜ ਰੁਪਏ ਦੀ ਰਾਸ਼ੀ ਬਣਦੀ ਹੈ। ਉਹ ਨਾ ਦੇ ਕੇ ਭੁੱਖੇ ਮਰਨ ਲਈ ਅਤੇ ਗੰਭੀਰ ਆਰਥਕ ਤੰਗੀਆਂ ਦੀ ਭੱਠੀ ਵਿੱਚ ਝੋਕ ਰਹੀ ਹੈ। ਪੰਜਾਬ ਸਰਕਾਰ 400 ਕਰੋੜ ਰੁਪਏ ਮੁਫਤ ਸਫਰ ਦੇ ਦੱਬੀ ਬੈਠੀ ਹੈ ਜਿਸਦਾ ਤਸੀਹੇ ਭਰਿਆ ਖਮਿਆਜਾ ਵਰਕਰ ਭੁਗਤ ਰਹੇ ਹਨ ਦਸੰਬਰ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਦੇ ਤਿੰਨ ਵਾਰ ਵਿੱਚ ਟੁਕੜੇ ਟੁਕੜੇ ਕਰਕੇ ਦਿੱਤੀ ਗਈ ਹੈ।
ਜਨਵਰੀ ਮਹੀਨੇ ਦੀ ਤਨਖਾਹ ਪੈਨਸ਼ਨ ਦੀ ਅਦਾਇਗੀ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਮੈਨੇਜਮੈਂਟ ਅਤੇ ਸਰਕਾਰ ਨੂੰ ਕੋਈ ਚਿੰਤਾ ਹੀ ਨਾ ਹੋਵੇ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਦੀ ਆਪ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਉਸੇ ਸਮੇਂ ਤੋਂ ਵਰਕਰਾਂ ਦੀਆਂ ਆਰਥਿਕ ਮੁਸੀਬਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਸੇਵਾ ਮੁਕਤ ਵਰਕਰਾਂ ਦੇ 80 ਕਰੋੜ ਰੁਪਏ ਤੋਂ ਵੱਧ ਦੇ ਸੇਵਾ ਮੁਕਤੀ ਲਾਭਾਂ ਦੇ ਬਕਾਏ ਖੜੇ ਹਨ। ਮੈਡੀਕਲ ਬਿੱਲਾ ਦੀ ਪ੍ਰਤੀ ਪੁਰਤੀ ਨਹੀਂ ਕੀਤੀ ਜਾ ਰਹੀ। ਵਰਕਰਾਂ ਦੇ ਹਰ ਕਿਸਮ ਦੇ ਬਕਾਏ ਸਾਲਾਂ ਤੋਂ ਨਹੀਂ ਦਿੱਤੇ ਜਾ ਰਹੇ, ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਦੀਆਂ ਧੱਕੇਸ਼ਾਹੀਆਂ ਅਤੇ ਲਾਪ੍ਰਵਾਹੀਆਂ ਦਾ ਜਿਕਰ ਕਰਦਿਆਂ ਆਗੂਆਂ ਨੇ ਕਿਹਾ ਕਿ ਵਰਕਰਾਂ ਦੀਆਂ 26 ਮੰਗਾਂ ਦਾ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਬਾਰੇ ਅਜੇ ਤਕ ਮੈਨੇਜਮੈਂਟ ਨੇ ਉਸ ਸਬੰਧੀ ਗੱਲਬਾਤ ਕਰਨ ਦਾ ਸਮਾਂ ਵੀ ਨਹੀਂ ਕੱਢਿਆ ਮੰਗ ਪੱਤਰ ਵਿੱਚ ਕੱਚੇ ਵਰਕਰਾਂ ਨੂੰ ਪੱਕੇ ਕਰਨਾ, ਨਵੀਆਂ ਬੱਸਾਂ ਪਾਉਣਾ, ਤਨਖਾਹ ਪੈਨਸ਼ਨ ਦੀ ਅਦਾਇਗੀ ਰੈਗੂਲਰ ਕਰਨਾ, ਸੇਵਾ ਮੁਕਤੀ ਬਕਾਏ ਦੇਣਾ, ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨਾ, ਭ੍ਰਿਸ਼ਟਾਚਾਰ ਦੂਰ ਕਰਨਾ, ਇਨਸਾਫ ਅਧਾਰਤ ਸਿਸਟਮ ਲਾਗੂ ਕਰਨਾ ਆਦਿ ਮੰਗਾਂ ਸ਼ਾਮਲ ਹਨ। ਅੱਜ ਦੇ ਇਕੱਠ ਵਿੱਚ ਐਕਸ਼ਨ ਕਮੇਟੀ ਵਲੋਂ ਐਲਾਨ ਕੀਤਾ ਗਿਆ ਕਿ ਜੇਕਰ ਵਰਕਰਾ ਦੇ ਮਸਲੇ ਜਲਦੀ ਹੱਲ ਨਾ ਕੀਤੇ ਗਏ ਤਾਂ 7 ਮਾਰਚ ਨੂੰ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਪੰਜਾਬ ਸਕਰਾਰ ਦਾ ਪੁੱਤਲਾ ਫੂਕਿਆ ਜਾਵੇਗਾ। ਧਰਨਾ ਕਾਰੀਆਂ ਨੂੰ ਜਿਨਾਂ ਹੋਰ ਆਗੂਆਂ ਨੇ ਸੰਬੋਧਨ ਕੀਤਾ ਉਹਨਾ ਵਿੱਚ ਸਰਵ ਸ੍ਰੀ ਦਲਜੀਤ ਸਿੰਘ, ਗੰਡਾ ਸਿੰਘ, ਬਿਕਰਮਜੀਤ ਸ਼ਰਮਾ, ਇੰਦਰ ਪਾਲ ਸਿੰਘ, ਨਸੀਬ ਚੰਦ ਅਤੇ ਉਤਮ ਸਿੰਘ ਬਾਗੜੀ ਸ਼ਾਮਲ ਸਨ।

