ਬੇਟੀ ਬਚਾਓ,ਬੇਟੀ ਪੜਾਓ ਵਿਸ਼ੇ ਤੇ ਕਰਵਾਈ ਵਰਕਸ਼ਾਪ
ਲੜਕੀਆਂ ਸਾਡੇ ਸਮਾਜ ਦਾ ਧੂਰਾ : ਡਾ. ਐਸ.ਜੇ.ਸਿੰਘ
ਪਟਿਆਲਾ, 23 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ) ਬੱਚੀ ਭਰੂਣ ਹੱਤਿਆ ਨੂੰ ਰੋਕ ਕੇ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਅਤੇ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਦੇਣ ਲਈ ਪੀ.ਸੀ.ਪੀ.ਐਨ.ਡੀ.ਟੀ ਐਕਟ ਤਹਿਤ ਕਾਰਜਕਾਰੀ ਸਿਵਲ ਸਰਜਨ ਡਾ.ਸੰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਤੇ ਸੀਨੀਅਰ ਮੈਡੀਕਲ ਅਫਸਰ ਦੁਧਨਸਾਧਾ ਡਾ.ਪ੍ਰਸ਼ਾਂਤ ਗੋਤਮ ਦੀ ਅਗਵਾਈ ਵਿੱਚ ਸਿਵਲ ਡਿਸਪੈਂਸਰੀ ਕਮ ਆਮ ਆਦਮੀ ਕਲੀਨਿਕ ਸਨੋਰ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਦਫਤਰ ਸਿਵਲ ਸਰਜਨ ਤੋਂ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐੈਸ.ਜੇ.ਸਿੰਘ ਅਤੇ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੱਲੋਂ ਸ਼ਿਰਕਤ ਕੀਤੀ ਗਈ।ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ ਨੇਂ ਕਿਹਾ ਕਿ ਲੜਕੀਆਂ ਸਾਡੇ ਸਮਾਜ ਦਾ ਧੁਰਾ ਹਨ। ਇਹਨਾਂ ਤੋਂ ਬਿਨ੍ਹਾ ਮਨੁੱਖਤਾ ਦੀ ਹੋਂਦ ਸੰਭਵ ਨਹੀ।
ਉਹਨਾਂ ਕਿਹਾ ਕਿ ਬੇਟੀ ਦੀ ਸਮਾਜ ਵਿਚ ਮਹਾਨਤਾ ਸਬੰਧੀ ਜਾਗਰੂਕਤਾ ਮੁਹਿੰਮਾ ਚਲਾਉਣ ਅਤੇ ਪੀ.ਐਨ.ਡੀ.ਟੀ.ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸਦਕਾ ਭਾਵੇਂ ਲਿੰਗ ਅਨੁਪਾਤ ਵਿਚ ਕਾਫੀ ਸੁਧਾਰ ਹੋਇਆ ਹੈ ਪ੍ਰੰਤੂ ਅਜੇ ਵੀ ਇਸ ਵਿੱਚ ਹੋਰ ਸੁਧਾਰ ਲਈ ਕੁੜੀਆਂ ਪ੍ਰਤੀ ਮਾੜੀ ਮਨੁੱਖੀ ਸੋਚ ਨੂੰ ਬਦਲਣ ਦੀ ਲੋੜ ਹੈ।ਉਹਨਾਂ ਕਿਹਾ ਕਿ ਜਿਲ਼੍ਹਾ ਪਟਿਆਲਾ ਦਾ ਲ਼ਿੰਗ ਅਨੁਪਾਤ ਇਸ ਸਮੇਂ 954 ਹੈ।ਜਿਸ ਵਿੱਚ ਹੋਰ ਸੁਧਾਰ ਲਿਆਉਣ ਦੀ ਲੋੜ ਹੈ।ਇਸ ਮੋਕੇ ਉਹਨਾਂ ਭਰੂਣ ਹੱਤਿਆਂ ਨੂੰ ਰੋਕਣ ਲਈ ਬਣਾਏ ਪੀ.ਸੀ.ਪੀ.ਐਨ.ਡੀ.ਟੀ ਐਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਤੀ।ਸੀਨੀਅਰ ਮੈਡੀਕਲ ਅਫਸਰ ਡਾ.ਪ੍ਰਸ਼ਾਂਤ ਗੌਤਮ ਅਤੇ ਮੈਡੀਕਲ ਅਫਸਰ ਡਾ.ਨਵਦੀਪ ਕੌਰ ਵੱਲੋਂ ਭਰੂਣ ਹੱਤਿਆਂ ਕਰਨ ਦੇ ਸਮਾਜਿਕ ਪਹਿਲੂਆਂ ਅਤੇ ਵਾਰ ਵਾਰ ਗਰਭਪਾਤ ਕਰਵਾਉਣ ਨਾਲ ਅੋਰਤਾਂ ਨੂੰ ਹੋਣ ਵਾਲੇ ਸ਼ਰੀਰਿਕ ਨੁਕਸ ਬਾਰੇ ਦੱਸਿਆ ਗਿਆ।ਕ੍ਰਿਸ਼ਨ ਕੁਮਾਰ ਮਾਸ ਮੀਡੀਆ ਅਫਸਰ ਵੱਲੋ ਲਿੰਗ ਦੀ ਜਾਂਚ ਕਰਵਾਉਣ ਲਈ ਉਕਸਾਉਣ ਜਾਂ ਲਿੰਗ ਜਾਂਚ ਕਰਨ ਵਾਲੇ ਦੀ ਸੂਚਨਾ ਦੇਣ ਸਿਹਤ ਵਿਭਾਗ ਨੂੰ ਦੇਣ ਬਾਰੇ ਦੱਸਿਆ।ਇਸ ਮੋਕੇ ਟੀਕਾਕਰਨ ਸੁਚੀ ਅਨੁਸਾਰ ਲੜਕੀਆਂ ਦਾ ਸੰਪੁਰਨ ਟੀਕਾਕਰਨ ਕਰਵਾਉਣ ਵਾਲੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਬੀ.ਈ.ਈ. ਗੁਰਵਿੰਦਰ ਸਿੰਘ, ਸਿਹਤ ਸਟਾਫ, ਆਸ਼ਾ ਅਤੇ 60 ਦੇ ਕਰੀਬ ਅੋਰਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ।

