ਪੰਜਾਬਪਟਿਆਲਾ

ਬਾਗਬਾਨੀ ਨੂੰ ਉਤਸ਼ਾਹਤ ਕਰਨ ਲਈ ਜਨਵਰੀ ਮਹੀਨੇ ਅਬੋਹਰ ਵਿਖੇ ਹੋਵੇਗਾ ਕਿੰਨੂ ਫੈਸਟੀਵਲ-ਸਿਬਨ ਸੀ.

ਗੁਲਦਾਊਦੀ ਦੇ ਫੁੱਲਾਂ ਦੀ ਦੋ ਰੋਜ਼ਾ ਦੂਸਰੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਸ਼ੁਰੂ
ਬਾਰਾਂਦਰੀ ਬਾਗ ਵਿਖੇ ਸੌ ਤੋਂ ਵੱਧ ਗੁਲਦਾਊਦੀ ਦੀਆਂ ਕਿਸਮਾਂ ਦੇ ਫੁੱਲਾਂ ਨੇ ਕੀਲੇ ਪਟਿਆਲਵੀ
ਪਟਿਆਲਾ, 14 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਬਾਗਬਾਨੀ ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਬਾਗਬਾਨੀ ਸ੍ਰੀ ਸਿਬਨ ਸੀ. ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਫ਼ਸਲੀ ਵਿਭਿੰਨਤਾ ਹੇਠ ਪੰਜਾਬ ਦੇ ਕਿਸਾਨਾਂ ਨੂੰ ਬਾਗਬਾਨੀ ਨਾਲ ਜੋੜ ਕੇ ਫ਼ੁੱਲਾਂ, ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ। ਇਸ ਤਹਿਤ ਨਿੰਬੂ ਜਾਤੀ ਦੀਆਂ ਕਿਸਮਾਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਲਈ ਜਨਵਰੀ ਮਹੀਨੇ ਅਬੋਹਰ ਵਿਖੇ ਕਿੰਨੂ ਫੈਸਟੀਵਲ ਕਰਵਾਇਆ ਜਾ ਰਿਹਾ ਹੈ, ਜਦੋਂਕਿ ਹੋਰਨਾਂ ਫ਼ਸਲਾਂ ਦੇ ਫੈਸਟੀਵਲ ਵੀ ਵਿਸ਼ੇਸ਼ ਤੌਰ ‘ਤੇ ਉਲੀਕੇ ਜਾ ਰਹੇ ਹਨ।

ਸ੍ਰੀ ਸਿਬਨ ਸੀ. ਅੱਜ ਇੱਥੇ ਬਾਗਬਾਨੀ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਪਣਾ ਆਲਾ ਦੁਆਲਾ ਫ਼ੁੱਲਾਂ ਨਾਲ ਸੁੰਦਰ ਤੇ ਮਨਮੋਹਕ ਬਨਾਉੁਣ ਲਈ ਲੋਕਾਂ ਨੂੰ ਉਤਸ਼ਾਹਤ ਕਰਨ ਹਿੱਤ ਬਾਰਾਂਦਰੀ ਬਾਗ ‘ਚ ਸਥਿਤ ਚਿਲਡਰਨ ਪਾਰਕ ਵਿਖੇ ਲਗਾਈ ਗਈ ਦੋ ਰੋਜ਼ਾ ਗੁਲਦਾਊਦੀ ਦੇ ਫੁੱਲਾਂ ਦੀ ਦੂਸਰੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਬਾਗਬਾਨੀ ਵਿਭਾਗ ਦੇ ਵਿਸ਼ੇਸ਼ ਸਕੱਤਰ ਨੇ ਜਿੱਥੇ ਬਾਗਬਾਨੀ ਵਿਭਾਗ ਪਟਿਆਲਾ ਵੱਲੋਂ ਸਜਾਏ ਗੁਲਦਾਊਦੀ ਦੀਆਂ ਕਰੀਬ 100 ਕਿਸਮਾਂ ਦੇ 3000 ਤੋਂ ਵਧੇਰੇ ਗਮਲਿਆਂ ਦਾ ਜਾਇਜ਼ਾ ਲਿਆ ਉਥੇ ਹੀ ਉਨ੍ਹਾਂ ਨੇ ਅਗਾਂਹਵਧੂ ਕਿਸਾਨਾਂ ਵੱਲੋਂ ਵੱਖ-ਵੱਖ ਖੇਤੀ ਉਤਪਾਦਾਂ, ਫ਼ਲਾਂ ਤੇ ਸਬਜ਼ੀਆਂ ਦੀਆਂ ਲਗਾਈਆਂ ਸਟਾਲਾਂ ‘ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।
ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸਿਬਨ ਸੀ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਮੇਂ ਪੰਜਾਬ ਵਿਚਲੇ ਬਾਗਬਾਨੀ ਹੇਠਲੇ ਰਕਬੇ ਨੂੰ ਵਧਾਉਣ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਬਣਾਈਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਸ ਦੇ ਹਾਂ ਪੱਖੀ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸ੍ਰੀ ਸਿਬਨ ਸੀ. ਨੇ ਦੱਸਿਆ ਕਿ ਵਿਭਾਗ ਵੱਲੋਂ ਲਾਈਆਂ ਜਾਂਦੀਆਂ ਪ੍ਰਦਰਸ਼ਨੀਆਂ ਦਾ ਮੁੱਖ ਮੰਤਵ ਕਿਸਾਨਾਂ ਅਤੇ ਆਮ ਲੋਕਾਂ ਨੂੰ ਫੁੱਲਾਂ ਦੀ ਕਾਸ਼ਤ ਤੇ ਬਾਗਬਾਨੀ ਪ੍ਰਤੀ ਉਤਸ਼ਾਹਿਤ ਕਰਨਾ ਹੈ ਜਿਸ ਨਾਲ ਉਹ ਜਿਥੇ ਇਸ ਤੋਂ ਵਪਾਰਕ ਪੱਧਰ ‘ਤੇ ਲਾਭ ਲੈ ਸਕਦੇ ਹਨ, ਉਥੇ ਹੀ ਘਰੇਲੂ ਬਗੀਚੀ ਨੂੰ ਵੀ ਸੁੰਦਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਗੁਲਦਾਊਦੀ ਸ਼ੋਅ ਨੂੰ ਅਗਲੀ ਵਾਰ ਹੋਰਨਾਂ ਵਿਭਾਗਾਂ ਦਾ ਸਹਿਯੋਗ ਲੈਕੇ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਜਾਵੇਗਾ।
ਇਸ ਮੌਕੇ ਉਪ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ‘ਚ ਗੁਲਦਾਊਦੀ ਦੇ ਫੁੱਲਾਂ ਦੀਆਂ 100 ਤੋਂ ਵੱਧ ਕਿਸਮਾਂ ਦੇ ਫੁੱਲ ਬਾਗਬਾਨੀ ਵਿਭਾਗ ਵੱਲੋਂ ਨਗਰ ਨਿਗਮ ਪਟਿਆਲਾ, ਪੰਜਾਬੀ ਯੂਨੀਵਰਸਿਟੀ ਤੇ ਜਨ ਹਿਤ ਸੰਮਤੀ ਦੇ ਸਹਿਯੋਗ ਨਾਲ ਪ੍ਰਦਰਸ਼ਤ ਕੀਤੇ ਗਏ ਹਨ। ਉਨ੍ਹਾਂ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਵੇਲੇ ਪਟਿਆਲਾ ਜ਼ਿਲ੍ਹੇ ‘ਚ 250 ਹੈਕਟੇਅਰ ‘ਚ ਬੀਜਾਂ ਦੀ ਕਾਸ਼ਤ ਹੁੰਦੀ ਹੈ ਜਦੋਂਕਿ 100 ਹੈਕਟੇਅਰ ‘ਚ ਫੁੱਲਾਂ ਦੀ ਕਾਸ਼ਤ ਤੇ 10 ਹੈਕਟੇਅਰ ‘ਚ ਪੋਲੀ ਹਾਊਸ ‘ਚ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ ਪਰੰਤੂ ਵਿਭਾਗ ਵੱਲੋਂ ਇਸ ਨੂੰ ਅਗਲੇ ਸਾਲਾਂ ‘ਚ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਉਪ ਡਾਇਰੈਕਟਰ ਮੁੱਖ ਦਫ਼ਤਰ ਡਾ. ਗੁਲਾਬ ਸਿੰਘ ਗਿੱਲ ਨੇ ਇਸ ਦੌਰਾਨ ਵੱਖ-ਵੱਖ ਫਲ, ਫੁਲ, ਸਬਜ਼ੀ ਅਤੇ ਸ਼ਹਿਦ ਉਤਪਾਦਕਾਂ ਸਮੇਤ ਵੱਖ-ਵੱਖ ਨਰਸਰੀਆਂ ਵੱਲੋਂ ਵੀ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਬਾਗਬਾਨੀ ਵਿਕਾਸ ਅਫ਼ਸਰ ਡਾ. ਕੁਲਵਿੰਦਰ ਸਿੰਘ ਨੇ ਮੰਚ ਸੰਚਾਲਣ ਕੀਤਾ। ਇਸ ਮੌਕੇ ਸ੍ਰੀ ਸਚਿਨ ਸ਼ਰਮਾ, ਡਿਪਟੀ ਡਾਇਰੈਕਟਰ ਸੰਗਰੂਰ ਡਾ. ਕਰਨੈਲ ਸਿੰਘ, ਡਿਪਟੀ ਡਾਇਰੈਕਟਰ ਫ਼ਤਹਿਗੜ੍ਹ ਸਾਹਿਬ ਡਾ. ਰਜਿੰਦਰ ਸਿੰਘ ਗਰਚਾ, ਜਨ ਹਿਤ ਸੰਮਤੀ ਦੇ ਨੁਮਾਇੰਦੇ, ਟ੍ਰੈਫਿਕ ਇੰਚਾਰਜ ਇੰਸਪੈਕਟਰ ਕਰਨੈਲ ਸਿੰਘ, ਬਾਗਬਾਨੀ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਸਮੇਤ ਵੱਡੀ ਗਿਣਤੀ ‘ਚ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਅਤੇ ਪਟਿਆਲਵੀ ਮੌਜੂਦ ਸਨ।

Leave a Reply

Your email address will not be published. Required fields are marked *