ਅੰਮ੍ਰਿਤਸਰਪੰਜਾਬ

ਅਕਾਲੀ ਬਾਬਾ ਫੂਲਾ ਸਿੰਘ ਦੇ ਸ਼ਤਾਬਦੀ ਸਮਾਗਮਾਂ ਦੀ ਸਫਲਤਾ ਲਈ ਕੀਤੀ ਸ਼ੁਕਰਾਨਾ ਅਰਦਾਸ

ਅੰਮਿ੍ਰਤਸਰ 20 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੋ ਸੌ ਸਾਲਾ ਸ਼ਹੀਦੀ ਸ਼ਤਾਬਦੀ ਦੇ ਮੁੱਖ ਸਮਾਗਮ ਭਲੀਭਾਂਤ ਸ਼ਾਂਤੀ ਪੂਰਨ ਸਫਲ ਹੋਣ ਦੇ ਸ਼ੁਕਰਾਨੇ ਵਜੋਂ ਅੰਮਿ੍ਰਤਸਰ ਦੀਆਂ ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੇ ਇਕੱਤਰ ਹੋ ਕੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਬੁੱਢਾ ਦਲ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਗੁਰਮਤਿ ਸਮਾਗਮ ਉਪਰੰਤ ਸ਼ਰਧਾ ਭਾਵਨਾ ਨਾਲ ਸੰਪੂਰਨਤਾ ਦੀ ਅਰਦਾਸ ਕੀਤੀ।

ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਗੁਰਚਰਨ ਕੌਰ ਅਤੇ ਬੀਬੀ ਤੇਜ ਕੌਰ ਦੇ ਸਹਿਯੋਗ ਨਾਲ ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੇ 4 ਜੁਲਾਈ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਪ੍ਰੇਰਨਾ ਨਾਲ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੋ ਸੌ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਾਮ ਸਿਮਰਨ, ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਦਾ ਪ੍ਰਵਾਹ ਅਰੰਭ ਕੀਤਾ ਸੀ ਜੋ 14 ਮਾਰਚ ਨੂੰ ਨਿਰਵਿਘਨ ਸੰਪੂਰਨ ਹੋਇਆ ਹੈ। ਸਮੂਹ ਇਸਤਰੀਆਂ ਦੀਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਮੈਂਬਰਾਂ ਨੇ ਜਿਥੇ ਸ਼ਬਦ ਕੀਰਤਨ, ਸੁਖਮਨੀ ਸਾਹਿਬ ਦੇ ਪਾਠ ਕੀਤੇ ਉਥੇ ਸ਼ਰਧਾ ਭਾਵਨਾ ਨਾਲ ਸ਼ੁਕਰਾਨੇ ਦੀ ਅਰਦਾਸ ਕੀਤੀ।
ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਪ੍ਰਸਾਦਿ ਰੂਪ ‘ਚ ਗੁਰੂ ਘਰ ਦਾ ਖਜਾਨਾ ਭੇਜਿਆ ਗਿਆ ਵਿਚੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਅਤੇ ਬੀਬੀ ਪਰਮਜੀਤ ਕੌਰ ਪਿੰਕੀ ਨੇ ਸਮੂਹ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਨੂੰ ਯਾਦਗਾਰੀ ਚਿੰਨ੍ਹ, ਸਿਰਪਾਓ ਤੇ ਖਜਾਨੇ ‘ਚ ਆਈ ਮਾਇਆ ਦੇ ਪ੍ਰਸਾਦਿ ਨਾਲ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਭਗਤ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਗੁਰਲਾਲ ਸਿੰਘ, ਬਾਬਾ ਜੋਗਾ ਸਿੰਘ, ਸ. ਪਰਮਜੀਤ ਸਿੰਘ ਬਾਜਵਾ, ਭਾਈ ਗਗਨਦੀਪ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *