ਪੰਜਾਬ ਦੀਆਂ ਵਿਸ਼ੇਸ਼ ਸੰਗੀਤਿਕ ਵੰਨਗੀਆਂ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਖੋਜ
ਅਕਬਰ ਸਮੇਂ ਤੋਂ ਸ਼ੁਰੂ ਪਰੰਪਰਾਗਤ ਕਿੱਸਾ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਦਾ ਕੀਤਾ ਸੰਗੀਤਕ ਵਿਸ਼ਲੇਸ਼ਣ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵਿਖੇ ਹੋਈ ਇੱਕ ਖੋਜ ਰਾਹੀਂ ਪੰਜਾਬ ਵਿੱਚ ਮੱਧ ਕਾਲ ਤੋਂ ਚਲਦੀ ਆ ਰਹੀ ਪਰੰਪਰਾਗਤ ਕਿੱਸਾ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਦਾ ਸੰਗੀਤਕ ਵਿਸ਼ਲੇਸ਼ਣ ਕੀਤਾ ਗਿਆ ਹੈ। ਨਿਗਰਾਨ ਡਾ. ਅਲੰਕਾਰ ਸਿੰਘ ਦੀ ਅਗਵਾਈ ਵਿੱਚ ਖੋਜਾਰਥੀ ਮਨਪ੍ਰੀਤ ਸਿੰਘ ਵੱਲੋਂ ਕੀਤੇ ‘ਪੰਜਾਬ ਵਿੱਚ ਪਰੰਪਰਾਗਤ ਕਿੱਸਾ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਦਾ ਸੰਗੀਤਕ ਵਿਸ਼ਲੇਸ਼ਣ’ ਨਾਮਕ ਇਸ ਖੋਜ ਕਾਰਜ ਰਾਹੀਂ ਸੰਗੀਤ ਦੀ ਇਸ ਵਡਮੁੱਲੀ ਪਰੰਪਰਾ ਦੇ ਵੱਖ-ਵੱਖ ਪੱਖਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਗਿਆ। ਇਸ ਖੋਜ ਪ੍ਰਬੰਧ ਦਾ ਉਦੇਸ਼ ਪੰਜਾਬੀ ਲੋਕ ਸੰਗੀਤ ਦੇ ਅੰਤਰਗਤ ਸਦੀਆਂ ਪੁਰਾਣੀ ਪੰਜਾਬ ਦੀ ਪਰੰਪਰਾਗਤ ਕਿੱਸਾ ਗਾਇਕੀ ਦੀਆਂ ਵੱਖੋ-ਵੱਖ ਪੰਜ ਵੰਨਗੀਆਂ ਦਾ ਸੰਗੀਤਕ ਵਿਸ਼ਲੇਸ਼ਣ ਕਰਨਾ ਸੀ।
ਖੋਜਾਰਥੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਖੋਜ ਵਿੱਚ ਅਕਬਰ ਰਾਜਕਾਲ ਸਮੇਂ ਦੇ ਪਟਵਾਰੀ ਦਮੋਦਰ ਗੁਲਾਟੀ ਤੋਂ ਸ਼ੁਰੂ ਹੋਈ ਕਿੱਸਾ ਕਾਵਿ ਪਰੰਪਰਾ ਦਾ ਜਿੱਥੇ ਇਤਿਹਾਸਕ, ਸਾਹਿਤਕ ਅਤੇ ਸੰਗੀਤਕ ਪੱਖੋਂ ਅਧਿਐਨ ਕੀਤਾ ਗਿਆ ਹੈ ਉਥੇ ਹੀ ਪੰਜਾਬ ਦੀ ਪਰੰਪਰਾਗਤ ਕਿੱਸਾ ਗਾਇਕੀ ਦਾ ਵਿਸ਼ਾ ਵਸਤੂ ਪੱਖ, ਭਾਸ਼ਾ ਪੱਖ, ਸਾਜ਼ ਸੰਗੀਤ ਪੱਖ, ਸਰੂਪਗਤ ਪੱਖ, ਅਖਾੜਾ ਪਰੰਪਰਾ, ਗਾਇਨ ਵਿਧਾ, ਪਹਿਰਾਵਾ, ਸੰਗੀਤਕ ਬਦਲਾਓ, ਅਜੋਕੀ ਸਥਿਤੀ ਅਤੇ ਭਵਿੱਖਮੁਖੀ ਸੰਭਾਵਨਾਵਾਂ ਆਦਿ ਬਾਰੇ ਵੀ ਵਿਸ਼ਲੇਸ਼ਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿੱਸਾ ਅਖਾੜਾ ਪਰੰਪਰਾ ਅਧੀਨ ਇਕੱਠੇ ਕੀਤੇ ਕਿੱਸਿਆਂ ਨੂੰ ਡੀ.ਵੀ.ਡੀ. ਰਾਹੀਂ ਸੰਭਾਲ ਕੇ ਢੁਕਵੀਂ ਧੁਨ, ਰਾਗ ਅਤੇ ਤਾਲ ਅਧੀਨ ਸੁਰਲਿਪੀਬੱਧ ਕਰਨ ਅਤੇ ਸੰਗੀਤਕ ਵਿਸ਼ਲੇਸ਼ਣ ਕਰਨ ਦਾ ਵੀ ਯਤਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇਨ੍ਹਾਂ ਗਾਇਨ ਵੰਨਗੀਆਂ ਦੇ ਵਿਕਾਸ ਵਾਲ਼ੇ ਦੌਰ ਵਿੱਚ ਨਾਮਵਰ ਕਿੱਸਾ ਗਾਇਕਾਂ ਦੀਆਂ ਸੰਖੇਪ ਜੀਵਨੀਆਂ, ਚਿੱਤਰਾਵਲੀ ਨੂੰ ਇਕੱਠਾ ਕਰਨ ਦੇ ਨਾਲ਼-ਨਾਲ਼ ਮੌਜੂਦਾ ਕਿੱਸਾ ਗਾਇਕਾਂ ਦੀ ਸਿਰਨਾਵਾਂ-ਸਾਰਣੀ ਅਤੇ ਯੋਗਦਾਨ ਬਾਰੇ ਵੀ ਵਿਸੇਸ਼ ਅਧਿਐਨ ਕੀਤਾ ਗਿਆ।
ਨਿਗਰਾਨ ਡਾ. ਅਲੰਕਾਰ ਸਿੰਘ ਨੇ ਇਸ ਖੋਜ ਕਾਰਜ ਦੀ ਵਿਧੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਦੀ ਵਿਧੀ ਮੁੱਖ ਤੌਰ ਉੱਤੇ ਵਿਸ਼ਲੇਸ਼ਣਾਤਮਕ, ਨਿਰੀਖਣਾਤਮਕ ਅਤੇ ਮੁਲਾਕਾਤ ਆਧਾਰਿਤ ਰਹੀ ਹੈ। ਉਨ੍ਹਾਂ ਦੱਸਿਆ ਕਿ ਖੋਜ ਅਧਿਐਨ ਨਾਲ਼ ਜੁੜੇ ਵੱਖ-ਵੱਖ ਤੱਥਾਂ ਦਾ ਇਕੱਤਰੀਕਰਨ ਇੱਕ ਚੁਣੌਤੀ ਭਰਪੂਰ ਕਾਰਜ ਸੀ। ਇਸ ਮਕਸਦ ਲਈ ਵੱਖ-ਵੱਖ ਪੁਸਤਕਾਂ, ਪੱਤਰਿਕਾਵਾਂ, ਅਖ਼ਬਾਰਾਂ, ਛਪੇ/ਅਣਛਪੇ ਖੋਜ ਪਰਚਿਆਂ, ਅਖਾੜਾ ਪਰੰਪਰਾ ਅਤੇ ਇੰਟਰਨੈੱਟ ਆਦਿ ਮਾਧਿਅਮ ਤੋਂ ਲੋੜੀਂਦੀ ਸਮੱਗਰੀ ਦੀ ਵਰਤੋਂ ਕਰਦਿਆਂ ਇਸ ਕਾਰਜ ਵਿੱਚ ਸਫਲਤਾ ਹਾਸਿਲ ਕੀਤੀ ਗਈ। ਉਨ੍ਹਾਂ ਦੱਸਿਆ ਇਹ ਇੱਕ ਕਿਰਿਆਤਮਕ ਵਿਸ਼ਾ ਹੋਣ ਕਾਰਨ ਪੰਜਾਬ ਦੀ ਪਰੰਪਰਾਗਤ ਕਿੱਸਾ ਗਾਇਕੀ ਦੇ ਖੇਤਰ ਵਿੱਚ ਕਵੀਸ਼ਰ ਕਿੱਸਾ ਗਾਇਕਾਂ, ਢਾਡੀ ਕਿੱਸਾ ਗਾਇਕਾਂ, ਤੂੰਬਾ ਕਿੱਸਾ ਗਾਇਕਾਂ, ਤੂੰਬੀ ਕਿੱਸਾ ਗਾਇਕਾਂ, ਕਿੰਗ ਕਿੱਸਾ ਗਾਇਕਾਂ, ਕਿੱਸਾਕਾਰਾਂ, ਅਧਿਆਪਕਾਂ, ਸੰਗੀਤ ਚਿੰਤਕਾਂ ਆਦਿ ਨਾਲ ਫ਼ੋਨ ਵਾਰਤਾਵਾਂ ਅਤੇ ਨਿੱਜੀ ਮੁਲਾਕਾਤਾਂ ਰਾਹੀਂ ਪ੍ਰਮਾਣਿਕ ਤੱਥਾਂ ਅਤੇ ਕਿੱਸਾ ਗਾਇਕੀ ਦਾ ਇਕੱਤਰੀਕਰਨ ਕਰਕੇ ਹੀ ਸਹੀ ਸਿੱਟਿਆਂ ਉੱਪਰ ਪਹੁੰਚਿਆ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਪ੍ਰਾਪਤ ਤੱਥਾਂ/ਕਿੱਸਾ ਗਾਇਕੀ ਦਾ ਵਿਸ਼ਲੇਸ਼ਣ ਖੋਜਾਰਥੀ ਦੇ ਨਿੱਜੀ ਤਜਰਬਿਆਂ ਉੱਤੇ ਅਧਾਰਿਤ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖੋਜ ਕਾਰਜ ਦੀ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕਰਦਿਆਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਅਜਿਹੀਆਂ ਵਿਸ਼ੇਸ਼ ਗਾਇਨ ਪਰੰਪਰਾਵਾਂ ਨੂੰ ਖੋਜ ਅਧਿਐਨ ਦਾ ਕੇਂਦਰ ਬਣਾਉਣਾ ਇੱਕ ਸ਼ਲਾਘਾਯੋਗ ਕਦਮ ਹੈ ਜੋ ਪੰਜਾਬੀ ਯੂਨੀਵਰਸਿਟੀ ਦੇ ਮੂਲ ਮੰਤਵ ਨਾਲ਼ ਮੇਲ ਖਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਜਿੱਥੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਪੈਦਾ ਹੋ ਰਹੇ ਨਵੇਂ ਗਿਆਨ ਨੂੰ ਪੰਜਾਬੀ ਮੁਹਾਵਰੇ ਰਾਹੀਂ ਆਮ ਲੋਕਾਈ ਦੀ ਪਹੁੰਚ ਵਿੱਚ ਬਣਾਉਣ ਹਿਤ ਕਾਰਜ ਕਰ ਰਹੀ ਹੈ ਓਥੇ ਹੀ ਪੰਜਾਬੀਅਤ ਨਾਲ਼ ਜੁੜੇ ਸੰਗੀਤ, ਕਲਾ, ਭਾਸ਼ਾ, ਸਾਹਿਤ ਆਦਿ ਜਿਹੇ ਵਿਸ਼ਿਆਂ ਉੱਤੇ ਖੋਜ ਪੱਧਰ ਦਾ ਅਜਿਹਾ ਕਾਰਜ ਵੀ ਬਾਖ਼ੂਬੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਅਜਿਹਾ ਕਾਰਜ ਪੰਜਾਬੀ ਯੂਨੀਵਰਸਿਟੀ ਦੇ ਅਕੀਦਿਆਂ ਵਿੱਚ ਸ਼ੁਮਾਰ ਹੈ।

