ਸਿੱਖਿਆ ਵਿਭਾਗ ਵੱਲੋਂ ਗਰੈਜੂਏਸ਼ਨ ਅਤੇ ਸਲਾਨਾ ਸਨਮਾਨ ਸਮਾਰੋਹ ਦਾ ਆਯੋਜਨ
ਫਤਹਿਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵੱਲੋਂ ਦੂਜਾ ਗਰੈਜੂਏਸ਼ਨ ਦਿਵਸ ਮਨਾਇਆ ਗਿਆ। ਸਲਾਨਾ ਸਮਾਰੋਹ ਦੌਰਾਨ ਗ੍ਰੈਜੂਏਡ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ: ਪ੍ਰਿਤਪਾਲ ਸਿੰਘ, ਦੁਆਰਾ ਡਿਗਰੀਆਂ ਪ੍ਰਾਪਤ ਕੀਤੀਆਂ । ਸਿੱਖਿਆ ਵਿਭਾਗ ਦੇ ਇੰਚਾਰਜ ਡਾ: ਹਰਨੀਤ ਬਿਲਿੰਗ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਗ੍ਰੈਜੂਏਟਾਂ ਦੇ ਅਕਾਦਮਿਕ ਸਫ਼ਰ, ਉਹਨਾਂ ਦੀਆਂ ਪ੍ਰਾਪਤੀਆਂ ਅਤੇ ਉਹਨਾਂ ਦੀ ਮੌਜੂਦਾ ਸਥਿਤੀ ਨੂੰ ਹਾਜ਼ਰੀਨ ਨਾਲ ਸਾਂਝਾ ਕੀਤਾ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ.(ਡਾ.) ਐਸ.ਐਸ. ਬਿਲਿੰਗ ਨੇ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਸਿਰਫ਼ ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਅੰਕਾਂ ‘ਤੇ ਹੀ ਧਿਆਨ ਨਹੀਂ ਦੇਣਾ ਚਾਹੀਦਾ, ਸਗੋਂ ਇਸ ਨੂੰ ਇਨੋਵੇਸ਼ਨ ਅਤੇ ਰੁਜ਼ਗਾਰ ਦੇ ਨਾਲ-ਨਾਲ ਉੱਦਮ-ਮੁਖੀ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗ੍ਰੈਜੂਏਟਾਂ ਦੀ ਸ਼ਖ਼ਸੀਅਤ ਵਿੱਚ ਇਮਾਨਦਾਰੀ, ਵਚਨਬੱਧਤਾ ਅਤੇ ਸਮਰਪਣ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਰਹਿਣ ਲਈ ਪ੍ਰੇਰਿਆ।
ਪ੍ਰੋਫੈਸਰ (ਡਾ) ਪ੍ਰਿਤ ਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸਿੱਖਿਆ ਇੱਕ ਨਿਰੰਤਰ ਪ੍ਰਕਿਰਿਆ ਹੈ ਜੋ ਵਿਦਿਆਰਥੀਆਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਮੱਦਦ ਕਰਦੀ ਹੈ। ਉਨ੍ਹਾਂ ਸਿੱਖਿਆ ਵਿੱਚ ਉੱਚ ਪੱਧਰ ਨੂੰ ਕਾਇਮ ਰੱਖਣ ਲਈ ਸਿੱਖਿਆ ਵਿਭਾਗ ਦੀ ਸ਼ਲਾਘਾ ਕੀਤੀ। ਡਾ: ਗਗਨਦੀਪ ਟਿਵਾਣਾ, ਸਹਾਇਕ ਪ੍ਰੋਫੈਸਰ (ਐਜੂਕੇਸ਼ਨ) ਨੇ ਸਮਾਗਮ ਦਾ ਸੰਚਾਲਨ ਕੀਤਾ। ਡਿਗਰੀ ਪ੍ਰਦਾਨ ਕਰਨ ਤੋਂ ਬਾਅਦ, ਬੀ.ਏ./ਬੀ.ਐਸ.ਸੀ.-ਬੀ.ਐਡ ਲਈ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਚੋਟੀ ਦੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਅਕਾਦਮਿਕ ਉੱਤਮਤਾ ਲਈ ਮੈਰਿਟ ਸਰਟੀਫਿਕੇਟ ਦਿੱਤਾ ਗਿਆ। ਵੰਦਨਾ, ਮਨਜੀਤ ਕੌਰ ਅਤੇ ਰੁਪਿੰਦਰ ਕੌਰ ਨੂੰ ਬੀ.ਏ.-ਬੀ.ਐਡ (ਬੈਚ 2017) ਦੀਆਂ ਪ੍ਰੀਖਿਆਵਾਂ ਵਿੱਚ ਅਕਾਦਮਿਕ ਉੱਤਮਤਾ ਲਈ ਸਰਟੀਫਿਕੇਟ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ। B.Sc-B.Ed ਲਈ ਇਹ ਸਨਮਾਨ ਪ੍ਰੀਤਕਮਲ ਕੌਰ ਅਤੇ ਕਿਰਨਜੋਤ ਕੌਰ ਨੂੰ ਦਿੱਤਾ ਗਿਆ। ਐਮਏ ਐਜੂਕੇਸ਼ਨ (ਪਹਿਲਾ ਸਾਲ) ਵਿੱਚ ਹਰਮਨਜੋਤ ਕੌਰ, ਰੁਪਿੰਦਰ ਕੌਰ ਅਤੇ ਰਾਜਦੀਪ ਕੌਰ, ਬੀਏ-ਬੀਐਡ ਬੈਚ 2021 (ਪਹਿਲਾ ਸਾਲ) ਰਾਜਵਿੰਦਰ ਕੌਰ, ਰੁਪਿੰਦਰ ਕੌਰ ਅਤੇ ਨੀਤਿਕਾ ਸ਼ਰਮਾ, ਬੀਏ-ਬੀਐਡ ਬੈਚ 2020 (ਦੂਜਾ ਸਾਲ) ਵਿੱਚ ਸਤਵਿੰਦਰ ਕੌਰ, ਗੁਰਜੀਤ ਕੌਰ ਅਤੇ ਜਸਪ੍ਰੀਤ ਕੌਰ,ਬੀ.ਏ.-ਬੀ.ਐਡ ਬੈਚ 2019 (ਤੀਜੇ ਸਾਲ) ਵਿੱਚ ਸੁਖਵੀਰ ਕੌਰ, ਪ੍ਰਿਆ ਵਾਧਵਾ ਅਤੇ ਪੱਲਵੀ ਰਾਣੀ, ਬੀ.ਐਸ.ਸੀ.-ਬੀ.ਐਡ ਬੈਚ 2019 ਵਿੱਚ ਮਨਦੀਪ ਕੌਰ, ਰਮਨਦੀਪ ਕੌਰ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ (ਗਾਈਡੈਂਸ ਅਤੇ ਕਾਉਂਸਲਿੰਗ) ਵਿੱਚ ਸੁਖਜੀਤ ਕੌਰ ਨੇ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ। ਸਮਾਗਮ ਦੌਰਾਨ ਬੀ.ਏ.-ਬੀ.ਐੱਡ ਦੇ ਸੱਤਰ ਵਿਦਿਆਰਥੀਆਂ ਨੂੰ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਗ੍ਰੈਜੂਏਟਾਂ ਨੇ ਫੈਕਲਟੀ ਅਤੇ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਡਾ: ਭੁਪਿੰਦਰ ਸਿੰਘ ਘੁੰਮਣ, ਡੀਨ ਫੈਕਲਟੀ ਆਫ਼ ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਗ੍ਰੈਜੂਏਟਾਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ।

