ਪੰਜਾਬਪਟਿਆਲਾ

ਵਰਲਡ ਯੂਨੀਵਰਸਿਟੀ ਵਿਖੇ ਖਾਲਸਾ ਸਾਜਨਾ ਦਿਹਾੜਾ ਸਮਾਗਮ

ਫ਼ਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਵਿਖੇ ਡੀਨ, ਵਿਦਿਆਰਥੀ ਭਲਾਈ ਵੱਲੋਂ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਅਤੇ ਹੋਰ ਵੱਖੋ-ਵੱਖ ਸਮਾਗਮ ਉਲੀਕੇ ਗਏ। ਇਸ ਪ੍ਰੋਗਰਾਮ ਦੇ ਉਦਘਾਟਨੀ ਭਾਸ਼ਣ ਵਿਚ ਡੀਨ, ਅਕਾਦਮਿਕ ਮਾਮਲੇ, ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਸਿੱਖੀ ਦਾ ਮਾਰਗ ਪ੍ਰੇਮ ਦਾ ਮਾਰਗ ਹੈ। ਪ੍ਰੰਤੂ ਇਸ ਰਾਹ ‘ਤੇ ਚੱਲਣਾ ਖੰਡੇ ਦੀ ਧਾਰ ‘ਤੇ ਚੱਲਣ ਦੇ ਸਮਾਨ ਹੈ। ਇਸ ਰਾਹ ‘ਤੇ ਚੱਲਣਾ ਸਾਨੂੰ ਗੁਰੂ ਸਿਖਾ ਸਕਦਾ ਹੈ, ਇਸ ਕਰਕੇ ਗੁਰੂ ਨਾਲ ਸਨੇਹ ਅਤੇ ਪ੍ਰੇਮ ਸਭ ਤੋਂ ਪਹਿਲਾਂ ਹੈ ਅਤੇ ਬਾਕੀ ਸਭ ਪਿੱਛੇ। ਇਸ ਮੌਕੇ ਵਿਸ਼ੇਸ਼ ਬੁਲਾਰੇ ਦੇ ਤੌਰ ‘ਤੇ ਡਾ. ਹਰਦੇਵ ਸਿੰਘ, ਸਹਾਇਕ ਪ੍ਰੋਫੈਸਰ ਧਰਮ ਅਧਿਐਨ ਵਿਭਾਗ ਨੇ ਸ਼ਿਰਕਤ ਕੀਤੀ। ਉਹਨਾਂ ਨੇ ਕਿਹਾ ਕਿ ਹਰ ਧਰਮ ਦਾ ਇਕ ਹੀ ਰਾਹ ਹੈ। ਆਪਣੇ ਲਈ ਸੰਤੋਖ ਅਤੇ ਦੂਜੇ ਲਈ ਦਇਆ ਭਾਵਨਾ ਹਰ ਬੰਦੇ ਦਾ ਧਰਮ ਹੈ। ਉਹਨਾਂ ਕਿਹਾ ਕਿ ਖਾਲਸਾ ਸਾਜਨਾ ਮੌਕੇ ਇਹ ਘਟਨਾ ਪਹਿਲੀ ਵਾਰ ਘਟੀ ਜਿਸ ਵਿਚ ਮਨੁੱਖ ਨੂੰ ਘੜਿਆ ਗਿਆ ਅਤੇ ਜਿਸ ਵਿਚ ਇਕ ਵਿਅਕਤੀ ਗੁਰੂ ਨਹੀਂ ਸਗੋਂ ਸਾਰਾ ਪੰਥ ਹੀ ਗੁਰੂ ਵਜੋਂ ਸਥਾਪਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਇਸ ਧਰਤੀ ਤੇ ਅਸੁਰ ਸੰਘਾਰਨ, ਦੁਰਜਨ ਮਾਰਨ ਅਤੇ ਸੰਕਟ ਨਿਵਾਰਨ ਲਈ ਗੁਰੂ ਨੇ ਖਲਾਸਾ ਸਾਜਿਆ ਹੈ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਵਾਈਸ ਚਾਂਸਲਰ, ਡਾ. ਪਰਿਤ ਪਾਲ ਸਿੰਘ ਨੇ ਕਿਹਾ ਕਿ ਖਾਲਸਾ ਸਾਜਨਾ ਦੀ ਦਿਸ਼ਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਦਸਾਂ ਗੁਰੂ ਸਾਹਿਬਾਨਾਂ ਵਿਚ ਇਕ ਹੀ ਜੋਤ ਬਿਰਾਜਮਾਨ ਸੀ ਅਤੇ ਹੁਣ ਇਹ ਜੋਤ ਪੰਥ ਵਿਚ ਹੈ। ਵਾਈਸ-ਚਾਂਸਲਰ ਸਾਹਿਬ ਨੇ ਕਿਹਾ ਕਿ ਸਾਨੂੰ ਖਾਲਸਾ ਸਾਜਨਾ ਤੋਂ ਸੇਧ ਲੈਣੀ ਚਾਹੀਦੀ ਹੈ। ਅੰਤ ਵਿਚ ਡੀਨ, ਵਿਦਿਆਰਥੀ ਭਲਾਈ, ਡਾ. ਸਿਕੰਦਰ ਸਿੰਘ ਨੇ ਬੁਲਾਰੇ ਅਤੇ ਹੋਰ ਅਧਿਕਾਰੀ ਸਾਹਿਬਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਡਾ. ਹਰਦੇਵ ਸਿੰਘ ਦੇ ਲੈਕਚਰ ਦੇ ਦਾਰਸ਼ਨਿਕ ਮੁਹਾਵਰੇ ਦੀ ਤਈਦ ਕੀਤੀ। ਖਾਲਸਾ ਸਾਜਨਾ ਦਿਹਾੜੇ ਮੌਕੇ ‘ਤੇ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਉਪਰੰਤ ਖੇਤੀਬਾੜੀ ਵਿਭਾਗ ਵੱਲੋਂ ਚਾਹ ਅਤੇ ਲੱਡੂਆਂ ਦਾ ਲੰਗਰ ਲਾਇਆ ਗਿਆ। ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵੱਲੋਂ ਕਵਿਤਾ ਉਚਾਰਣ ਮੁਕਾਬਲੇ, ਗਾਇਨ ਮੁਕਾਬਲੇ ਅਤੇ ਕੋਰੀਓਗ੍ਰਾਫੀ ਮੁਕਾਬਲੇ ਕਰਵਾਏ ਗਏ। ਕਵਿਤਾ ਉਚਾਰਣ ਮੁਕਾਬਲੇ ਵਿਚ ਸਤਨਾਮ ਸਿੰਘ, ਗਾਇਨ ਮੁਕਾਬਲੇ ਵਿਚ ਗੁਰਤੇਜ ਸਿੰਘ ਅਤੇ ਕੋਰੀਓਗ੍ਰਾਫੀ ਮੁਕਾਬਲੇ ਵਿਚ ਮਨਪ੍ਰੀਤ ਕੌਰ ਅਤੇ ਕੋਮਲ ਜੇਤੂ ਰਹੇ।

Leave a Reply

Your email address will not be published. Required fields are marked *