ਪੰਜਾਬਪਟਿਆਲਾ

ਹਰ ਮਨੁੱਖ ਨੂੰ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ: ਬਾਬਾ ਬਲਬੀਰ ਸਿੰਘ

ਪਟਿਆਲਾ 21 ਅਪ੍ਰੈਲ (ਮਧੂਸਾਰ ਬਿਊਰੋ) ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਅੰਗਦ ਦਰਬਾਰ ਵਿਖੇ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਟ ਪਾਠ ਦੀ ਮੱਧ ਅਰਦਾਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਦਰਬਾਰ ‘ਚ ਪੁਜਣ ਤੋਂ ਪਹਿਲਾਂ ਪ੍ਰਬੰਧਕਾਂ ਤੇ ਪਟਿਆਲਾ ਨਿਵਾਸੀਆਂ ਵੱਲੋਂ ਉਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਇਨਸਾਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਕਰਦੀਆਂ ਹਨ। ਮਨੁੱਖੀ ਜ਼ਿੰਦਗੀ ਦੇ ਹਰ ਪਹਿਲੂ ਦੀ ਅਗਵਾਈ ਸਾਨੂੰ ਗੁਰਬਾਣੀ ਦੀ ਰੋਸ਼ਨੀ ਤੋਂ ਪ੍ਰਾਪਤ ਹੁੰਦੀ ਹੈ।

ਸਮੱਚੇ ਸੰਸਾਰ ਅੰਦਰ ਵਸਦੇ ਹਰ ਮਨੁੱਖ ਲਈ ਸ਼ਬਦ ਗੁਰੂ (ਗੁਰਬਾਣੀ) ਦੀ ਟੇਕ ਅੱਜ ਲਾਜਮੀ ਹੋ ਗਈ ਹੈ ਅਤੇ ਇਹ ਪ੍ਰਵਾਹ ਬਹੁਤ ਤੇਜੀ ਨਾਲ ਸੰਸਾਰ ਅੰਦਰ ਵਿਕਾਸ ਕਰ ਰਿਹਾ ਹੈ। ਉਨ੍ਹਾਂ ਬੁੱਢਾ ਦਲ ਦੀ ਸਥਾਪਨਾ, ਮਨੋਰਥ ਅਤੇ ਸੇਵਾ ਸਬੰਧੀ ਇਤਿਹਾਸਕ ਪੱਖ ਤੋਂ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਨਿਸ਼ਾਨ ਨਿਗਾਰਿਆਂ ਦੀ ਤਾਬਿਆ ਪੰਜਵਾਂ ਤਖ਼ਤ ਚਲਦਾਵਹੀਰ ਚਲਦਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦਰਬਾਰ ਦੇ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬੀਬੀ ਵਿਪਨਪ੍ਰੀਤ ਕੌਰ ਲੁਧਿਆਣਾ, ਸ. ਤਰਲੋਚਨ ਸਿੰਘ ਪਟਿਆਲਾ ਵੰਸ਼ਜ ਸ੍ਰੀ ਗੁਰੂ ਅੰਗਦ ਦੇਵ ਜੀ, ਬੀਬੀ ਪਰਮਜੀਤ ਕੌਰ ਪਿੰਕੀ ਅੰਮ੍ਰਿਤਸਰ, ਸ. ਸਤਨਾਮ ਸਿੰਘ ਸਲੂਜਾ, ਬਾਬਾ ਗੁਰਮੱਖ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *