ਪੰਜਾਬ ਫਰੰਟ ਤੋਂ ਗੁਰਸੇਵਕ ਸਿੰਘ ਅੰਟਾਲ ਅਤੇ ਲਵਪ੍ਰੀਤ ਸਿੰਘ ਨੂੰ ਭਾਜਪਾ ਵਿੱਚ ਜੈ ਇੰਦਰ ਕੌਰ ਨੇ ਕੀਤਾ ਸ਼ਾਮਿਲ
ਇਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਦਿਹਾਤੀ ਖ਼ੇਤਰ ਵਿੱਚ ਮਿਲੇਗੀ ਹੋਰ ਮਜ਼ਬੂਤੀ – ਜੈ ਇੰਦਰ ਕੌਰ
ਪਟਿਆਲਾ, 14 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਜਪਾ ਦੇ ਪਰਿਵਾਰ ਨੂੰ ਵਧਾਉਣ ਦੇ ਆਪਣੇ ਸਿਲਸਿਲੇ ਨੂੰ ਜਾਰੀ ਰਖਦੇ ਹੋਏ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਪੁੱਤਰੀ ਜੈ ਇੰਦਰ ਕੌਰ ਨੇ ਅੱਜ ਪਾਰਟੀ ਵਿੱਚ ਪੰਜਾਬ ਫਰੰਟ ਤੋਂ 2 ਨੇਤਾਵਾਂ ਗੁਰਸੇਵਕ ਸਿੰਘ ਅੰਟਾਲ ਅਤੇ ਲਵਪ੍ਰੀਤ ਸਿੰਘ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ। ਇਹ ਦੋਵੇਂ ਹੀ ਨੇਤਾ, ਘਨੌਰ ਦੇ ਪਿੰਡ ਮੰਜੌਲੀ ਤੋਂ ਗੁਰਸੇਵਕ ਸਿੰਘ ਅੰਟਾਲ ਅਤੇ ਮਲਕਪੁਰ ਜੱਟਾਂ ਤੋਂ ਲਵਪ੍ਰੀਤ ਸਿੰਘ ਸੰਧੂ, ਸਾਬਕਾ ਐਮਪੀ ਧਰਮਵੀਰ ਗਾਂਧੀ ਦੁਆਰਾ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਬਣਾਏ ਪੰਜਾਬ ਫਰੰਟ ਦੇ ਮੋਢੀ ਨੇਤਾਵਾਂ ਵਿਚੋਂ ਇਕ ਸਨ ਅਤੇ ਗੁਰਸੇਵਕ ਸਿੰਘ ਵਲੋਂ ਤਾਂ ਘਨੌਰ ਤੋਂ ਚੋਣ ਵੀ ਲੜੀ ਗਈ ਸੀ।
ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਜੈ ਇੰਦਰ ਕੌਰ ਨੇ ਕਿਹਾ, “ਭਾਜਪਾ ਦੇ ਵਿਕਾਸ ਪੱਖੀ ਏਜੰਡੇ ਅਤੇ ਸਾਡੇ ਦੁਆਰਾ ਪਾਰਟੀ ਦੀ ਮਜ਼ਬੂਤੀ ਲਈ ਕੀਤੀ ਜਾ ਰਹੀ ਸਖ਼ਤ ਮੇਹਨਤ ਨੂੰ ਦੇਖਦਿਆਂ ਲਗਾਤਾਰ ਦੂਜਿਆਂ ਪਾਰਟੀਆਂ ਤੋਂ ਆਗੂਆਂ ਦਾ ਭਾਜਪਾ ਵਿੱਚ ਸ਼ਾਮਿਲ ਹੋਣਾ ਜਾਰੀ ਹੈ। ਇਸੇ ਤਹਿਤ ਅੱਜ ਪੰਜਾਬ ਫਰੰਟ ਤੋਂ ਗੁਰਸੇਵਕ ਸਿੰਘ ਅੰਟਾਲ ਅਤੇ ਲਵਪ੍ਰੀਤ ਸਿੰਘ ਦਾ ਮੈਂ ਭਾਜਪਾ ਵਿੱਚ ਸਵਾਗਤ ਕੀਤਾ ਅਤੇ ਪੂਰਨ ਉਮੀਦ ਹੈ ਕਿ ਇਹ ਦੋਵੇਂ ਹੀ ਪਾਰਟੀ ਅਤੇ ਸਮਾਜ ਦੀ ਬਿਹਤਰੀ ਲਈ ਸਖ਼ਤ ਮਿਹਨਤ ਕਰਨਗੇ ਅਤੇ ਇਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਪਿੰਡਾਂ ਵਿੱਚ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਅੱਗੇ ਕਿਹਾ, “ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਕੀਤੇ ਧੋਖੇ ਅਤੇ ਵਾਅਦਾ ਖਿਲਾਫੀ ਤੋਂ ਪੰਜਾਬ ਦੇ ਲੋਕ ਤੰਗ ਆ ਚੁੱਕੇ ਹਨ ਅਤੇ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਉਹ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਸਬਕ ਸਿਖਾਉਣਗੇ ਅਤੇ ਵਿਕਾਸ ਕੇਂਦਰਿਤ ਭਾਜਪਾ ਨੂੰ ਹੀ ਆਪਣਾ ਕੀਮਤੀ ਵੋਟ ਪਾਉਣਗੇ। ਇਸ ਮੌਕੇ ‘ਤੇ ਬੀਬਾ ਜੈ ਇੰਦਰ ਕੌਰ ਨਾਲ ਨੌਜਵਾਨ ਆਗੂ ਸੁਖਚੈਨ ਸਿੰਘ ਵੀ ਮੌਜੂਦ ਸਨ।

