ਨਸ਼ਿਆਂ ਦੀ ਰੋਕਥਾਮ ਸੰਬੰਧੀ ਇਕੱਤਰਤਾ ਵਿੱਚ ਪ੍ਰੋ. ਮਮਤਾ ਸ਼ਰਮਾ ਨੇ ਕੀਤੀ ਯੂਨੀਵਰਸਿਟੀ ਦੀ ਨੁਮਾਇੰਦਗੀ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਪੰਜਾਬ ਦੇ ਮਾਨਸਿਕ ਸਿਹਤ ਸੈੱਲ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਰਾਜ ਪੱਧਰੀ ਇਕੱਤਰਤਾ ਬੁਲਾਈ ਗਈ ਜਿਸ ਵਿੱਚ ਨਸ਼ਿਆਂ ਦੀ ਵਰਤੋਂ ਸੰਬੰਧੀ ਸਮੱਸਿਆ ਦੇ ਵਿਸ਼ੇਸ਼ ਪ੍ਰਸੰਗ ਵਿੱਚ ਪੰਜਾਬ ਵਿੱਚ ਮਾਨਸਿਕ ਸਿਹਤ ਸੰਬੰਧੀ ਦਖਲ ਦੇ ਵਿਸ਼ੇ ਉੱਤੇ ਚਰਚਾ ਕੀਤੀ ਗਈ। ਇਸ ਇਕੱਤਰਤਾ ਵਿੱਚ ਪ੍ਰੋ. ਮਮਤਾ ਸ਼ਰਮਾ ਨੇ ਇੱਕ ਪੈਨਲ ਚਰਚਾ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ।
ਪ੍ਰੋ. ਮਮਤਾ ਸ਼ਰਮਾ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਮਿਸ਼ਨ ਨੂੰ ਪਹੁੰਚਯੋਗ ਮਾਨਸਿਕ ਸਿਹਤ ਦੇਖਭਾਲ ਪ੍ਰਦਾਨ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਘੱਟ ਕਰਨ ਲਈ ਰਣਨੀਤੀਆਂ ਤਿਆਰ ਕਰਨ ਵਿੱਚ ਯੋਗਦਾਨ ਪਾਉਣ ਦੇ ਦ੍ਰਿਸ਼ਟੀਕੋਣ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਮਾਨਸਿਕ ਸਿਹਤ ਬਾਰੇ ਸਮੱਸਿਆਵਾਂ ਦੀ ਰੋਕਥਾਮ ਅਤੇ ਤਰੱਕੀ ਵਿੱਚ ਇੱਕ ਮਨੋਵਿਗਿਆਨੀ ਦੀ ਭੂਮਿਕਾ ਨੂੰ ਉਜਾਗਰ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵੀ ਸ਼ਿਰਕਤ ਕੀਤੀ। ਡਾ. ਆਦਰਸ਼ਪਾਲ, ਡਾਇਰੈਕਟਰ ਸਿਹਤ ਸੇਵਾਵਾਂ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਵਿਚਾਰ ਚਰਚਾ ਦੌਰਾਨ ਸ਼ਾਮਿਲ ਹੋਏ ਹੋਰ ਮਾਹਿਰਾਂ ਵਿੱਚ ਪ੍ਰੋ. ਦੇਬਾਸ਼ੀਸ਼ ਬਾਸੂ, ਮੁਖੀ ਮਨੋਵਿਗਿਆਨ ਵਿਭਾਗ ਪੀ. ਜੀ. ਆਈ., ਚੰਡੀਗੜ੍ਹ, ਪ੍ਰੋ. ਅਤੁਲ ਅੰਬੇਦਕਰ, ਮੁਖੀ ਮਨੋਵਿਗਿਆਨ ਵਿਭਾਗ ਏਮਜ਼, ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਪ੍ਰੋ. ਰਜਨੀਸ਼ ਜੀ.ਐਮ.ਸੀ. ਪਟਿਆਲਾ, ਪ੍ਰੋ. ਪੀਰੂ ਦੱਤ ਜੀ.ਐਮ.ਸੀ. ਫਰੀਦਕੋਟ ਸ਼ਾਮਿਲ ਸਨ।

