ਹੋਸਟਲ ਵਾਰਡਨਾਂ ਲਈ ‘ਸਮਰਥਾ ਨਿਰਮਾਣ’ ਦੇ ਵਿਸ਼ੇ ਉੱਤੇ ਵਰਕਸ਼ਾਪ ਕਰਵਾਈ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਡੀਨ, ਵਿਦਿਆਰਥੀ ਭਲਾਈ ਦੇ ਦਫ਼ਤਰ ਵੱਲੋਂ ਹੋਸਟਲ ਵਾਰਡਨਾਂ ਲਈ ‘ਸਮਰਥਾ ਨਿਰਮਾਣ’ ਦੇ ਵਿਸ਼ੇ ਉੱਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਲੜਕੀਆਂ ਅਤੇ ਲੜਕਿਆਂ ਦੇ ਹੋਸਟਲਾਂ ਤੋਂ ਸਾਰੇ ਵਾਰਡਨਾਂ ਅਤੇ ਸੀਨੀਅਰ ਵਾਰਡਨਾਂ ਨੇ ਭਾਗ ਲਿਆ। ਵਰਕਸ਼ਾਪ ਦੇ ਮੁੱਖ ਬੁਲਾਰੇ ਦੇ ਤੌਰ ਉੱਤੇ ਡਾ. ਵਿਧੂ ਮੋਹਨ, ਐਸੋਸੀਏਟ ਪ੍ਰੋਫੈਸਰ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ। ਡੀਨ, ਵਿਦਿਆਰਥੀ ਭਲਾਈ, ਪ੍ਰੋ. ਹਰਵਿੰਦਰ ਕੌਰ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਦਫ਼ਤਰ ਕਿਵੇਂ ਇੱਕ ਸੰਗਠਿਤ ਰੂਪ ਵਿੱਚ ਅਤੇ ਤਾਲਮੇਲ ਨਾਲ ਕੰਮ ਕਰਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਅਤੇ ਵਿਚਾਰ-ਵਟਾਂਦਰੇ ਬਿਹਤਰੀ ਵੱਲ ਵਧਣ ਵਿੱਚ ਸਹਾਈ ਹੁੰਦੇ ਹਨ। ਡਾ. ਵਿਧੂ ਮੋਹਨ ਨੇ ਆਪਣੇ ਭਾਸ਼ਣ ਵਿੱਚ ਸੰਚਾਰ, ਭਾਵਨਾਤਮਕ ਬੁੱਧੀ ਅਤੇ ਮਨੋਵਿਗਿਆਨਕ ਪੂੰਜੀ ਦੇ ਕਈ ਮਹੱਤਵਪੂਰਨ ਪਹਿਲੂਆਂ ਨੂੰ ਛੋਹਿਆ। ਵਰਕਸ਼ਾਪ ਦੇ ਦੂਜੇ ਅੱਧ ਵਿੱਚ, 10 ਅਤੇ 11 ਜੁਲਾਈ, 2023 ਨੂੰ ਹੜ੍ਹਾਂ ਦੌਰਾਨ ਹੋਸਟਲਾਂ ਨੂੰ ਖਾਲੀ ਕਰਨ ਵਿੱਚ ਸਹਾਇਤਾ ਅਤੇ ਸਹਿਯੋਗ ਕਰਨ ਲਈ ਵੱਖ-ਵੱਖ ਹੋਸਟਲਾਂ ਦੇ ਵਾਰਡਨਾਂ, ਹੋਸਟਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਇਸ ਕਦਮ ਦੀ ਸ਼ਲਾਘਾ ਕੀਤੀ।
ਇਹ ਸਮੁੱਚਾ ਪ੍ਰੋਗਰਾਮ ਦ ਪਰੋਵੋਸਟ ਡਾ. ਇੰਦਰਜੀਤ ਚਾਹਲ, ਡਾ. ਨੈਨਾ ਸ਼ਰਮਾ ਅਤੇ ਕੌਂਸਲਰ ਡਾ. ਰੂਬੀ ਗੁਪਤਾ ਦੀ ਦੇਖ ਰੇਖ ਵਿੱਚ ਹੋਇਆ |

