ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਦੀ ਪੋਸਟ ਡਾਕਟਰੇਟ ਲਈ ਆਕਸਫੋਰਡ ਯੂਨੀਵਰਸਿਟੀ ਵਿੱਚ ਹੋਈ ਚੋਣ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੇਜੁਏਟ ਗਣਿਤ ਵਿਭਾਗ ਦੇ ਵਿਦਿਆਰਥੀ ਸੁਖਦੀਪ ਸਿੰਘ ਬੱਲ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਪੋਸਟ ਡਾਕਟਰੇਟ ਕਰਨ ਲਈ ਚੋਣ ਹੋਈ ਹੈ। ਵਰਨਣਯੋਗ ਹੈ ਕਿ ਇਹ ਵਿਦਿਆਰਥੀ ਨੇ ਐਮ. ਐਸ. ਸੀ. ਮੈਥੇਮੈਟਿਕਸ ਖ਼ਾਲਸਾ ਕਾਲਜ ਪਟਿਆਲਾ ਤੋਂ ਕਰਨ ਉਪਰੰਤ ਪੀ.ਐਚ. ਡੀ. ਦੀ ਡਿਗਰੀ ਕਰਨ ਲਈ ਸਕੂਲ ਆਫ ਫਿਜ਼ੀਕਲ ਸਾਇੰਸਜ਼ ਯੂਨੀਵਰਸਿਟੀ ਆਫ ਲਿਵਰਪੂਲ ਇੰਗਲੈਂਡ ਚਲਾ ਗਿਆ ਸੀ। ਜਿੱਥੇ ਉਸਨੇ ਵਜ਼ੀਫ਼ਾ ਲਗਭਗ ਇਕ ਕਰੋੜ ਦਾ ਵਜੀਫਾ ਪ੍ਰਾਪਤ ਕਰਕੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅਗਲੇਰੀ ਖੋਜ ਲਈ ਉਸਨੂੰ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ ਹੈ।
ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਆਪਣੇ ਕਾਲਜ ਦੇ ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਦੀ ਉੱਚ ਵਿੱਦਿਆ ਲਈ ਹਮੇਸ਼ਾ ਹੀ ਕਾਰਜਸ਼ੀਲ ਰਹਿੰਦਾ ਹੈ । ਹਰ ਸਾਲ ਸਾਡੇ ਅਨੇਕਾਂ ਹੀ ਵਿਦਿਆਰਥੀ ਖ਼ਾਲਸਾ ਕਾਲਜ ਤੋਂ ਵਿਦਿਆ ਪ੍ਰਾਪਤ ਕਰਕੇ ਵਿਦੇਸ਼ਾਂ ਵਿਚ ਉੱਚ ਡਿਗਰੀ ਦੀ ਪ੍ਰਾਪਤੀ ਲਈ ਵਿਦੇਸ਼ ਜਾਂਦੇ ਹਨ। ਕਾਲਜ ਵੱਲੋਂ ਵੀ ਵਿਦਿਆਰਥੀਆਂ ਦੀ ਵਿਦੇਸ਼ ਪੜ੍ਹਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਉਨ੍ਹਾਂ ਸੁਖਦੀਪ ਸਿੰਘ ਬਲ ਦੇ ਮਾਪਿਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।
ਮੈਥੇਮੈਟਿਕਸ ਵਿਭਾਗ ਦੇ ਮੁਖੀ ਅਤੇ ਵਾਈਸ ਪਿ੍ਰੰਸੀਪਲ ਡਾ. ਗੁਰਮੀਤ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਸਾਡੇ ਵਿਭਾਗ ਦੇ ਅਨੇਕਾਂ ਹੀ ਵਿਦਿਆਰਥੀ ਕਾਲਜ ਤੋਂ ਐਮ.ਐਸ.ਸੀ. ਮੈਥੇਮੈਟਿਕਸ ਕਰਨ ਉਪਰੰਤ ਅਗਲੇਰੇ ਖੋਜ ਕਾਰਜਾਂ ਲਈ ਦੁਨੀਆਂ ਦੀਆਂ ਨਾਮੀ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਂਦੇ ਹਨ। ਅਜਿਹੇ ਵਿਦਿਆਰਥੀ ਜਿੱਥੇ ਕਾਲਜ ਦਾ ਨਾਮ ਰੌਸ਼ਨ ਕਰਦੇ ਹਨ ਉਥੇ ਵਿਭਾਗ ਵੱਲੋਂ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਬਾਰੇ ਵੀ ਪਤਾ ਲੱਗਦਾ ਹੈ। ਇਸ ਮੌਕੇ ਉਹਨਾਂ ਵਿਦਿਆਰਥੀ ਨੂੰ ਉਸਦੀ ਇਸ ਪ੍ਰਾਪਤੀ ਲਈ ਵਧਾਈ ਵੀ ਸੰਦੇਸ਼ ਭੇਜਿਆ।

