ਖ਼ਾਲਸਾ ਕਾਲਜ ਪਟਿਆਲਾ ਵਿਖੇ ਛੇ ਰੋਜਾ ਰੁਜ਼ਗਾਰ-ਯੋਗਤਾ ਅਤੇ ਸੌਫਟ ਸਕਿੱਲ ਸਿਖਲਾਈ ਪ੍ਰੋਗਰਾਮ ਸ਼ੁਰੂ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ: ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਦੀ ਅਗਵਾਈ ਹੇਠ ਅੱਜ ਖ਼ਾਲਸਾ ਕਾਲਜ, ਪਟਿਆਲਾ ਵਿਖੇ ਰੁਜ਼ਗਾਰ ਅਤੇ ਸਾਫਟ ਸਕਿੱਲ ਸਿਖਲਾਈ ਪ੍ਰੋਗਰਾਮ ਸ਼ੁਰੂ ਹੋਇਆ। ਇਸ ਛੇ-ਰੋਜਾ ਸੰਪਰਕ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ਦੇ ਦੋ ਬੈਚਾਂ ਨੂੰ ਸਿਖਲਾਈ ਦੇਣਾ ਹੈ। ਇਹ ਇੱਕੋ ਸਮੇਂ ਚੱਲ ਰਹੇ ਬੈਚਾਂ ਨੂੰ ਡੀਨ ਪਲੇਸਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਦੁਆਰਾ ਨਿਯੁਕਤ ਮਹਿੰਦਰਾ-ਪ੍ਰਾਈਡ ਕਲਾਸਰੂਮ ਦੇ ਵਧੀਆ ਸਿਖਲਾਈ ਪ੍ਰਾਪਤ ਅਧਿਆਪਕਾਂ ਦੁਆਰਾ ਟਰੇਨਿੰਗ ਦਿੱਤੀ ਜਾ ਰਹੀ ਹੈ। ਡਾ. ਬੀ.ਐਸ. ਭੁੱਲਰ, ਡੀਨ ਪਲੇਸਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਨੇ ਦੱਸਿਆ ਕਿ ਮਹਿੰਦਰਾ ਐਂਡ ਮਹਿੰਦਰਾ ਕੰਪਨੀ, ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਅਤੇ ਵਿਦਿਆਰਥੀਆਂ ਦੇ ਸਾਫਟ ਸਕਿੱਲਜ਼ ਨੂੰ ਵਧਾਉਣ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਉਨ੍ਹਾਂ ਨੇ ਕਾਲਜ ਦੀਆਂ ਗ੍ਰੈਜੂਏਟ ਲੜਕੀਆਂ ਲਈ ਇਸ ਮੁਫਤ ਸਿਖਲਾਈ ਪ੍ਰੋਗਰਾਮ ਲਈ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ।
ਕਾਲਜ ਦੀ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਸਿਖਲਾਈ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦੇਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਭਵਿੱਖ ਵਿੱਚ ਰੁਜ਼ਗਾਰ ਬਜ਼ਾਰ ਵਿੱਚ ਵੱਡੀਆਂ ਪੁਜ਼ੀਸ਼ਨਾਂ ਹਾਸਲ ਕਰਨ ਲਈ ਇੱਕ ਵੱਡਾ ਨਿਵੇਸ਼ ਹੁੰਦੇ ਹਨ। ਪ੍ਰੋ. ਜਸਪ੍ਰੀਤ ਕੌਰ, ਡੀਨ ਪਲੇਸਮੈਂਟ, ਖ਼ਾਲਸਾ ਕਾਲਜ, ਪਟਿਆਲਾ ਨੇ ਇਸ ਸਿਖਲਾਈ ਲਈ ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਅਤੇ ਵਿਦਿਆਰਥੀਆਂ ਨੂੰ ਟਰੇਨਰਾਂ ਦੁਆਰਾ ਦਿੱਤੇ ਜਾ ਰਹੇ ਗਿਆਨ ਨੂੰ ਹਾਸਲ ਕਰਨ ਲਈ ਆਪਣੀਆਂ ਅੱਖਾਂ ਅਤੇ ਕੰਨ ਖੁੱਲ੍ਹੇ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੋਨਾਂ ਟਰੇਨਰਾਂ ਸ਼੍ਰੀਮਤੀ ਨੈਨਸੀ ਮਦਾਨ ਅਤੇ ਸ਼੍ਰੀਮਤੀ ਦੀਪਾਲੀ ਗੰਭੀਰ ਦਾ ਸਵਾਗਤ ਕੀਤਾ। ਸੈੱਲ ਦੀ ਕਨਵੀਨਰ ਡਾ. ਨਿਪੁਨਜੋਤ ਕੌਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਉਦਯੋਗ ਲਈ ਢੁਕਵੇਂ ਹੁਨਰਾਂ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਡਾ. ਨਵਦੀਪ ਕੌਰ, ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਨੇ ਸਿਖਲਾਈ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਸ਼ੁਰੂ ਕਰਨ ਲਈ ਸੈੱਲ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।

