ਬਾਦਲ ਸਰਕਾਰ ਤੋਂ ਅੱਕੇ ਬੇਰੁਜ਼ਗਾਰ ਲਾਈਨਮੈਨ ਕਰਨਗੇ ਆਪ ਦੀ ਹਿਮਾਇਤ
ਪਟਿਆਲਾ 2 ਜੂਨ (ਮਧੂਸਾਰ ਬਿਊਰੋ)
ਬੇਰੁਜਗਾਰ ਲਾਈਨਮੈਨ ਯੂਨੀਅਨ ਨੇ ਜ਼ਿਲ੍ਹਾ ਪਟਿਆਲਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪਿਰਮਲ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਦੀਆਂ ਰੁਜ਼ਗਾਰ ਮਾਰੂ ਨੀਤੀਆਂ ਤੋਂ ਅੱਕ ਕੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਨੇ 22 ਮਈ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕਰ ਕੇ ਸਰਵ ਸੰਮਤੀ ਨਾਲ ਇਹ ਫੈਸਲਾ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਵਿਚ ਵੱਡਾ ਇਕੱਠ ਕਰ ਕੇ ਅਕਾਲੀ ਸਰਕਾਰ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਜਾਵੇਗਾ।
ਸੂਬਾ ਪ੍ਰਧਾਨ ਨੇ ਕਿਹਾ ਕਿ ਅਕਾਲੀ ਸਰਕਾਰ ਵਲੋਂ ਸਾਲ 2011 ਵਿਚ 5000 ਲਾਈਨਮੈਨਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਸੀ। ਜਿਸ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਸ ਦਿਨਾਂ ਵਿਚ ਮੁਕੰਮਲ ਕਰਨ ਦਾ ਬਿਆਨ ਵੀ ਦਿੱਤਾ ਸੀ। ਪਰ ਪੰਜ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਿਰਫ਼ 1000 ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਬਾਕੀ 4000 ਲਾਈਨਮੈਨ ਅੱਜ ਵੀ ਪਰਿਵਾਰਾਂ ਸਮੇਤ ਸੜਕਾਂ ਤੇ ਰੁਲ ਰਹੇ ਹਨ। ਬੇਰੁਜਗਾਰ ਲਾਈਨਮੈਨਾਂ ਨੇ ਬਾਦਲ ਸਰਕਾਰ ਤੋਂ ਮਰਨ ਵਰਤ, ਭੁੱਖ ਹੜਤਾਲਾਂ ਆਦਿ ਰਖ ਕੇ ਵੀ ਨਿਯੁਕਤੀ ਪੱਤਰਾਂ ਦੀ ਮੰਗ ਕੀਤੀ ਪਰ ਬਾਦਲ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲੋਂ ਆਪਣੇ ਰਿਸ਼ਤੇਦਾਰਾਂ ਦਾ ਕਾਰੋਬਾਰ ਜ਼ਿਆਦਾ ਪਿਆਰਾ ਹੈ ਜੋ ਕਿ ਪਾਵਰ ਕੌਮ ਅੰਦਰ ਆਊਟਸੋਰਸ ਰਾਹੀਂ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਪਿਛਲੇ 6 ਸਾਲਾਂ ਤੋਂ ਮੁੱਖ ਮੰਤਰੀ ਵਲੋਂ ਕੀਤਾ ਵਾਅਦਾ ਪੂਰਾ ਕਰਵਾਉਣ ਲਈ ਸੰਘਰਸ਼ ਕਰਦੀ ਆ ਰਹੀ ਹੈ ਇਸ ਸਮੇਂ ਦੌਰਾਨ ਯੂਨੀਅਨ ਦੀਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਸੈਂਕੜੇ ਮੀਟਿੰਗਾਂ ਹੋਈਆਂ ਪਰ ਮੁੰਖ ਮੰਤਰੀ ਵਲੋਂ ਸਿਵਾਏ ਲਾਰਿਆਂ ਦੇ ਹੋਰ ਕੁਝ ਨਹੀਂ ਦਿੱਤਾ ਗਿਆ। ਸਰਕਾਰ ਦੀ ਲਾਰੇਬਾਜੀ ਤੋਂ ਅੱਕ ਕੇ 2 ਬੇਰੁਜਗਾਰ ਲਾਈਨਮੈਨ ਸਰਬਜੀਤ ਸਿੰਘ ਤਰਨਤਾਰਨ ਤੇ ਰਾਜ ਕੁਮਾਰ ਫਾਜ਼ਿਲਕਾ ਖੁਦਕਸ਼ੀ ਵੀ ਕਰ ਚੁੱਕੇ ਹਨ ਪਰ ਸਰਕਾਰ ਨੂੰ ਲਾਈਨਮੈਨਾਂ ਦੀ ਹਾਲਤ ਤੇ ਕੋਈ ਤਰਸ ਨਹੀਂ ਆਇਆ। ਯੂਨੀਅਨ ਵਲੋਂ ਮਸਲੇ ਦੇ ਹਲ ਲਈ ਬੀਤੀ 4 ਜਨਵਰੀ 2016 ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਸਾਹਮਣੇ ਪਰਿਵਾਰਾਂ ਸਮੇਤ ਪੱਕਾ ਧਰਨਾ ਲਗਾਇਆ ਗਿਆ ਸੀ ਜਿਸ ਦੌਰਾਨ ਭੁੱਖ ਹੜਤਾਲ ਤੇ ਮਰਨ ਵਰਤ ਵੀ ਰੱਖੇ ਗਏ। ਪਰ ਸਰਕਾਰ ਵਲੋਂ ਮੰਗਾਂ ਮੰਨਣ ਦੀ ਬਜਾਏ ਸੰਘਰਸ਼ ਨੂੰ ਦਬਾਉਣ ਲਈ 99ਵੇਂ ਦਿਨਾਂ ਤੋਂ ਸ਼ਾਂਤਮਈ ਤਰੀਕੇ ਨਾਲ ਚਲ ਰਿਹਾ ਪੱਕਾ ਧਰਨਾ 11 ਅਪ੍ਰੈਲ ਨੂੰ ਪੁੱਟ ਕੇ ਬੇਰੁਜਗਾਰ ਲਾਈਨਮੈਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਟਿਆਲਾ ਜੇਲ੍ਹ ਵਿਚ ਬੰਦ ਕਰ ਦਿੱਤਾ। ਇਸ ਦੇ ਰੋਸ ਵਜੋਂ ਜਦੋਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਵਿਖੇ ਅਕਾਲੀ ਦਲ ਦੀ ਰੈਲੀ ਵਿਚ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਮੁੱਖ ਮੰਤਰੀ ਨੇ ਗੱਲ ਸੁਣਨ ਦੀ ਬਜਾਏ ਅਕਾਲੀ ਵਰਕਰਾਂ ਤੇ ਪੁਲਿਸ ਵਲੋਂ ਲਾਈਨਮੈਨਾਂ ਤੇ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਬੀਬੀਆਂ ਦੇ ਕੱਪੜੇ ਤੱਕ ਫਾੜ ਦਿੱਤੇ। ਬਜੁਰਗਾਂ ਦੀਆਂ ਪੱਗਾਂ ਪੈਰਾਂ ਵਿਚ ਰੋਲੀਆਂ ਗਈਆਂ। ਬਾਅਦ ਵਿਚ ਤਲਵੰਡੀ ਸਾਬੋ ਥਾਣੇ ਅੰਦਰ ਲਾਈਨਮੈਨਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਐਸ.ਐਸ.ਪੀ ਬਠਿੰਡਾ ਸਵਪਨ ਸ਼ਰਮਾ ਵਲੋਂ ਬੁਰੀ ਤਰ੍ਹਾਂ ਕੁੱਟ ਮਾਰ ਤੇ ਸਿਰ ਉੱਪਰ ਬੰਨ੍ਹੀਆਂ ਪੱਗ ਨੂੰ ਪਾੜ ਕੇ ਬੇਅਦਬੀ ਕੀਤੀ ਗਈ। ਜਿਸ ਤੋਂ ਸਾਫ਼ ਪਤਾ ਚਲਦਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੋ ਵਾਅਦਾ 2011 ਵਿਚ 5000 ਲਾਈਨਮੈਨ ਦਸ ਦਿਨਾਂ ਅੰਦਰ ਭਰਤੀ ਕਰਨ ਦਾ ਕੀਤਾ ਸੀ ਉਹ ਉਸ ਤੋਂ ਮੁਕਰ ਗਏ ਹਨ। ਦੂਜੇ ਪਾਸੇ ਨਵੀਂ ਦਿੱਲੀ ਵਿੱਚ ਸਰਕਾਰ ਬਣਾ ਚੁੱਕੀ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਸ਼੍ਰੀ ਦੁਰਗੇਸ਼ ਪਾਠਕ ਵਲੋਂ ਲਾਈਨਮੈਨ ਯੂਨੀਅਨ ਨਾਲ ਗੱਲਬਾਤ ਕਰਕੇ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਜੋ ਵਾਅਦਾ ਮੁੱਖ ਮੰਤਰੀ ਬਾਦਲ ਨੇ 2011 ਵਿਚ ਲਾਈਨਮੈਨਾਂ ਨਾਲ ਕੀਤਾ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪਹਿਲੇ ਮਹੀਨੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੂਰਾ ਕੀਤਾ ਜਾਵੇਗਾ।
ਅੰਤ ਵਿਚ ਸੂਬਾ ਖਜਾਨਚੀ ਭੋਲਾ ਸਿੰਘ ਗੱਗੜਪੁਰ ਤੇ ਸੋਮਾ ਸਿੰਘ ਭੜੋ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਲਾਰਿਆਂ ਤੋਂ ਅੱਕ ਚੁੱਕੇ ਬੇਰੁਜ਼ਗਾਰ ਲਾਈਨਮੈਨਾਂ ਵਲੋਂ ਜਲਦੀ ਹੀ ਸੂਬਾ ਪੱਧਰੀ ਇਕੱਠ ਕਰਕੇ ਆਮ ਆਦਮੀ ਪਾਰਟੀ ਦੀ ਹਿਮਾਇਤ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਸਿੰਘ, ਅਮਰਪ੍ਰੀਤ ਚੌਹਾਨ, ਤੇਜਿੰਦਰ ਸਿੰਘ, ਗੁਰਜੰਟ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਚਰਨਜੀਤ ਸਿੰਘ, ਭਾਗ ਸਿੰਘ, ਅਮਨਦੀਪ ਕੌਰ, ਲਵਲੀ, ਗਗਨਦੀਪ ਕੌਰ, ਜਸਵਿੰਦਰ ਕੌਰ ਆਦਿ ਹਾਜਰ ਸਨ।

