25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ ਅੱਖਾਂ ਦਾਨ ਪੰਦਰਵਾੜਾ ਅੱਖਾਂ ਦਾ ਦਾਨ …… ਮਹਾਂ ਦਾਨ
ਪਟਿਆਲਾ 25 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਰਮਿੰਦਰ ਕੋਰ ਵੱਲੋਂ ਅੱਖ ਦਾਨ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਦਫਤਰ ਵਿੱਚ ਹੋਰ ਅਧਿਕਾਰੀਆਂ ਨਾਲ ਮਿਲ ਕੇ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਚਨਾਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜ਼ਸਵਿੰਦਰ ਸਿੰਘ, ਸਹਾਇਕ ਸਿਹਤ ਅਫਸਰ ਡਾ. ਕੁੱਸ਼ਲਦੀਪ , ਡਾ. ਦਿਵਜੋਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਤੇ ਜ਼ਸਜੀਤ ਕੌਰ, ਪੀ.ਏ. ਜ਼ਸਪਾਲ ਕੌਰ ਅਤੇ ਬਿੱਟੂ ਕੁਮਾਰ ਆਦਿ ਹਾਜ਼ਰ ਸਨ। ਡਾ. ਰਮਿੰਦਰ ਕੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰਨ ਉਪਰੰਤ ਅੱਖ ਦਾਨ ਕਰਨ ਦੀ ਜਾਗਰੂਕਤਾ ਪੈਦਾ ਕਰਨ ਲਈ 25 ਅਗਸਤ ਤੋਂ 8 ਸਤੰਬਰ ਤੱਕ ਅੱਖਦਾਨ ਜਾਗਰੂਕਤਾ ਪੰਦਰਵਾੜਾ ਮਨ੍ਹਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਅੱਖਾਂ ਦਾਨ ਸਿਰਫ ਮੌਤ ਤੋਂ ਬਾਅਦ ਹੀ ਹੁੰਦੀਆਂ ਹਨ, ਅੱਖਾਂ ਦਾਨ ਕਰਨ ਨਾਲ ਇੱਕ ਵਿਅਕਤੀ ਦੋ ਵਿਅਕਤੀਆਂ ਦੀ ਜਿੰਦਗੀ ਰੋਸ਼ਨ ਕਰ ਸਕਦਾ ਹੈ।
ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟਿਆਂ ਦੇ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ।ਕਿਸੇ ਵੀ ਉਮਰ ਦਾ ਵਿਅਕਤੀ ਚਾਹੇ ਉਸਦੇ ਐਨਕਾਂ ਲੱਗੀਆ ਹੋਣ, ਅੱਖਾਂ ਦੇ ਅਪਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਂਜ ਪਾਏ ਹੋਣ ਜਾਂ ਬੀ.ਪੀ. ਅਤੇ ਸ਼ੁਗਰ ਦਾ ਮਰੀਜ਼ ਹੈ, ਵੀ ਅੱਖ ਦਾਨ ਕਰ ਸਕਦਾ ਹੈ।ਮੌਤ ਉਪਰੰਤ ਅੱਖਾਂ ਦਾਨ ਲਈ ਅੱਖ ਬੈਂਕ ਦੀ ਟੀਮ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ ਅਤੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟਾਂ ਵਿੱਚ ਹੀ ਮੁਕੰਮਲ ਕਰ ਲਈ ਜਾਂਦੀ ਹੈ ਅਤੇ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ , ਤਾਂ ਕਿ ਅੰਤਿਮ ਦਰਸ਼ਨ ਵੇਲੇ ਬੁਰਾ ਨਾ ਲੱਗੇ।ਜਿਹਨਾਂ ਮਰੀਜਾਂ ਨੂੰ ਐਚ. ਆਈ.ਵੀ./ ਏਡਜ, ਰੇਬੀਜ, ਦਿਮਾਗੀ ਬੁਖਾਰ ਅਤੇ ਕਾਲਾ ਪੀਲੀਆ ਹੈ ਉਹ ਅੱਖਾਂ ਦਾਨ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਅੱਖਦਾਨ ਨੂੰ ਲੋਕ ਲਹਿਰ ਬਣਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਅੱਖਾਂ ਲੈਣ ਅਤੇ ਅੱਖਾਂ ਦਾਨ ਦੇਣ ਵਾਲਿਆਂ ਦੇ ਵਿਚਲੇ ਅੰਤਰ ਨੂੰ ਘਟਾਇਆ ਜਾ ਸਕੇ। ਉਹਨਾਂ ਕਿਹਾ ਕਿ ਧਾਰਮਿਕ ਆਗੂਆਂ ਨੇ ਵੀ ਅੰਗਦਾਨ ਅਤੇ ਅੱਖਾਂ ਦੇ ਦਾਨ ਦੀ ਮਹੱਤਤਾ ਲਈ ਪ੍ਰੇਰਿਆ ਹੈ। ਅਪਥਾਲਮਿਕ ਅਫਸਰ ਸ਼ਕਤੀ ਖੰਨਾ ਨੇ ਦੱਸਿਆ ਕਿ ਅੱਖ ਦਾਨ ਕਰਨ ਲਈ ਨੇੜੇ ਦੇ ਅੱਖਦਾਨ ਕੇਂਦਰ ਜਾਂ 104 ਟੋਲ ਫ੍ਰੀ ਹੈਲਪਲਾਈਨ ਤੇ ਵੀ ਕਾਲ ਕਰਕੇ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ।

