ਸਿਹਤ ਵਿਭਾਗ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ ਉਤੇ ਆਸ਼ਾ ਵਰਕਰਾਂ ਨੂੰ ਝੌਨੇ ਦੀ ਪਰਾਲੀ ਨੂੰ ਨਾ ਸਾੜਨ ਸਬੰਧੀ ਕੀਤਾ ਜਾਗਰੂਕ
ਪਟਿਆਲਾ, 19 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਪਟਿਆਲਾ ਡਾ: ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਅਤੇ ਖੇਤੀਬਾੜੀ ਅਫਸਰ ਪਟਿਆਲਾ ਡਾ: ਅਵਨਿੰਦਰ ਸਿੰਘ ਮਾਨ ਦੀ ਸਾਂਝੀ ਅਗਵਾਈ ਵਿੱਚ ਪਿੰਡ ਹਸਨਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਸਿਹਤ ਵਿਭਾਗ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ ਉਤੇ ਝੌਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਬਾਰੇ ਆਸ਼ਾ ਫੈਸੀਲੀਟੇਟਰਜ਼ ਅਤੇ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦੇਣ ਲਈ ਸਮਾਰੋਹ ਰੱਖਿਆ ਗਿਆ। ਇਸ ਮੌਕੇ ਖੇਤੀਬਾੜੀ ਅਫਸਰ ਪਟਿਆਲਾ ਡਾ: ਅਵਨਿੰਦਰ ਸਿੰਘ ਮਾਨ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ: ਅਜੈਪਾਲ ਬਰਾੜ ਨੇ ਕਿਹਾ ਕਿ ਆਸ਼ਾ ਵਰਕਰਾਂ ਘਰ ਘਰ ਜਾ ਕੇ ਕਿਸਾਨ ਪਰਿਵਾਰਾਂ ਨੂੰ ਜਾਗਰੂਕ ਕਰਨ ਕਿ ਕਿਸਾਨ ਖੇਤਾਂ ਦੀ ਪਰਾਲੀ ਨੂੰ ਨਾ ਸਾੜ ਕੇ ਇਸ ਨੂੰ ਬਲਕਿ ਖੇਤਾਂ ਚ ਹੀ ਖਾਦ ਦੇ ਰੂਪ ਵਿੱਚ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਖੇਤਾਂ ਵਿੱਚ ਸਾੜਨ ਨਾਲ ਜਮੀਨਾਂ ਦੀ ਉਪਜਾਊ ਸ਼ਕਤੀ ਦਿਨੋ ਦਿਨ ਘਟਦੀ ਜਾ ਰਹੀ ਹੈ। ਖੇਤ ਵਿੱਚ ਆਲੇ- ਦੁਆਲੇ ਖੜੇ ਦਰਖਤ ਵੀ ਅੱਗ ਨਾਲ ਝੁਲਸ ਜਾਂਦੇ ਹਨ
ਇਹਨਾਂ ਦਰਖਤਾਂ ਤੇ ਰਹਿੰਦੇ ਬੇਜੁਬਾਨ ਪੰਛੀ ਵੀ ਅੱਗ ਦੀ ਲਪੇਟ ਵਿੱਚ ਆ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ। ਏਡੀਓ ਡਾ: ਜ਼ਸਪਿੰਦਰ ਕੌਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਹਵਾਲੇ ਕਰਕੇ ਅਸੀ ਸਲਫਰ ਵਰਗੇ ਤੱਤਾਂ ਨੂੰ ਵੀ ਖਤਮ ਕਰ ਦਿੰਦੇ ਹਾਂ ਜੋ ਇਹੋ ਕੁਦਰਤੀ ਸਲਫਰ ਖਾਦ ਤੋਂ ਅਸੀਂ ਆਪਣੇ ਖੇਤਾਂ ਦਾ ਨੁਕਸਾਨ ਕਰਵਾ ਰਹੇ ਹਾਂ।ਉਨ੍ਹਾਂ ਆਸ਼ਾ ਵਰਕਰਾਂ ਨੂੰ ਘਰ ਘਰ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਹਾ ਅਤੇ ਸਾਰੀ ਜਾਣਕਾਰੀ ਪ੍ਰੋਫਾਰਮੇ ਰਾਹੀ ਭਰ ਕੇ ਸਬੰਧਤ ਵਿਭਾਗ ਨੂੰ ਦੇਣ। ਇਸ ਮੌਕੇ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਨੋਡਲ ਅਫਸਰ ਆਈਈਸੀ ਨੇ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਦਾ ਰੁਝਾਨ ਬੇਹੱਦ ਖਤਰਨਾਕ ਹੈ। ਅੱਗ ਲਗਾਉਣ ਤੋਂ ਬਾਅਦ ਪੈਦਾ ਹੋਏ ਪ੍ਰਦੂਸ਼ਣ ਕਾਰਨ ਆ ਰਹੀਆਂ ਸਿਹਤ ਸਮੱਸਿਆਵਾਂ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਹ ਧੂੰਆਂ ਸੜਕਾਂ ਤੇ ਜਾ ਰਹੇ ਵਾਹਨਾਂ ਚ ਸੜਕੀ ਦੁਰਘਟਨਾਵਾਂ ਦਾ ਵੀ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਧੂਏ ਨਾਲ ਅੱਖਾਂ ਵਿੱਚ ਜਲਣ ਹੁੰਦੀ ਹੈ ਅਤੇ ਅੱਖਾਂ ਦੀ ਨਜਰ ਤੇ ਵੀ ਬੁਰਾ ਅਸਰ ਪੈਂਦਾ ਹੈ। ਇਸ ਤਰ੍ਹਾਂ ਸਾਹ ਦਮੇ ਦੇ ਮਰੀਜਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ।ਇਸ ਮੌਕੇ ਤਕਨੀਸ਼ੀਅਨ ਅਭਿਸ਼ੇਕ, ਦੀਪ ਸਿੰਘ, ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰਾਂ ਮੋਜੂਦ ਸਨ।

