ਕੇਜਰੀਵਾਲ 3 ਜੁਲਾਈ ਨੂੰ ਅੰਮ੍ਰਿਤਸਰ ‘ਚ 51 ਨੁਕਾਤੀ ‘ਯੂਥ ਮੈਨੀਫ਼ੈਸਟੋ’ ਜਾਰੀ ਕਰਨਗੇ
ਕਿਸਾਨ, ਦਲਿਤ, ਮਹਿਲਾਵਾਂ ਲਈ ਤੇ ਹੋਰ ਮੈਨੀਫ਼ੈਸਟੋ ਅਗਲੇ ਮਹੀਨਿਆਂ ਦੌਰਾਨ ਜਾਰੀ ਹੋਣਗੇ
ਚੰਡੀਗੜ੍ਹ 25 ਜੂਨ (ਮਧੂਸਾਰ ਬਿਊਰੋ)
ਸਾਲ 2017 ‘ਚ ਹੋਣ ਵਾਲੀਆਂ ਪੰਜਾਬ ਚੋਣਾਂ ਲਈ ਆਮ ਆਦਮੀ ਪਾਰਟੀ ਦਾ ‘ਯੂਥ ਮੈਨੀਫ਼ੈਸਟੋ’ ‘ਆਪ’ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਆਉਂਦੀ 3 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਜਾਰੀ ਕੀਤਾ ਜਾਵੇਗਾ। ਇਸ ਸਬੰਧੀ ਸਮਾਰੋਹ ਸ਼ਾਮ ਨੂੰ ਹੋਵੇਗਾ, ਜਿਸ ਦੇ ਸਥਾਨ ਅਤੇ ਹੋਰ ਸਮੁੱਚੇ ਵੇਰਵਿਆਂ ਬਾਰੇ ਫ਼ੈਸਲਾ ਇੱਕ ਜਾਂ ਦੋ ਦਿਨਾਂ ਵਿੱਚ ਲੈ ਲਿਆ ਜਾਵੇਗਾ।
ਸਨਿੱਚਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ‘ਦਿੱਲੀ ਡਾਇਲਾੱਗ ਕਮਿਸ਼ਨ’ ਦੇ ਚੇਅਰਪਰਸਨ ਆਸ਼ੀਸ਼ ਖੇਤਾਨ ਅਤੇ ‘ਪੰਜਾਬ ਡਾਇਲਾੱਗ’ ਕਮੇਟੀ ਦੇ ਚੇਅਰਪਰਸਨ ਕੰਵਰ ਸੰਧੂ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਤਿੰਨ ਦਿਨਾ ਦੌਰੇ ਲਈ ਪੰਜਾਬ ਆਉਣਗੇ। ਮੈਨੀਫ਼ੈਸਟੋ ਜਾਰੀ ਕਰਨ ਤੋਂ ਇਲਾਵਾ, ਉਹ ਸਮਾਜ ਦੇ ਵੱਖੋ-ਵੱਖਰੇ ਵਰਗਾਂ ਨਾਲ ਮੁਲਾਕਾਤ ਵੀ ਕਰਨਗੇ। ਉਨ੍ਹਾਂ ਮੀਟਿੰਗਾਂ ਦੇ ਵੇਰਵੇ ਵੀ ਛੇਤੀ ਜਾਰੀ ਕਰ ਦਿੱਤੇ ਜਾਣਗੇ। ਅੱਜ ਦੀ ਪ੍ਰੈਸ ਕਾਨਫ਼ਰੰਸ ‘ਚ ‘ਪੰਜਾਬ ਡਾਇਲਾੱਗ’ ਕਮੇਟੀ ਦੇ ਮੈਂਬਰ ਚੰਦਰ ਸੁਤਾ ਡੋਗਰਾ, ਗੁਰਿੰਦਰ ਸਿੰਘ ਬੜਿੰਗ, ਗਗਨਦੀਪ ਸਿੰਘ ਚੱਢਾ, ਦਿਨੇਸ਼ ਚੱਢਾ, ਨਿਸ਼ਚਲ ਗੌੜ ਅਤੇ ਵਿਕਾਸ ਕੰਬੋਜ ਵੀ ਮੌਜੂਦ ਸਨ।
ਆਸ਼ੀਸ਼ ਖੇਤਾਨ ਨੇ ਦੱਸਿਆ ਕਿ ਆਉਂਦੀਆਂ ਚੋਣਾਂ ਲਈ ਮੈਨੀਫ਼ੈਸਟੋ ਤਿਆਰ ਕਰਨ ਵਾਸਤੇ ‘ਪੰਜਾਬ ਡਾਇਲਾੱਗ’ ਕਮੇਟੀ ਨੇ ਪੰਜਾਬ ਦੇ ਸਕੂਲਾਂ, ਕਾਲਜਾਂ, ਡਿਸਪੈਂਸਰੀਆਂ, ਉਦਯੋਗਾਂ ਤੇ ਹੋਰਨਾਂ ਸਥਾਨਾਂ ਦੇ ਦੌਰੇ ਕੀਤੇ ਹਨ। ਅਧਿਆਪਕਾਂ, ਉਦਯੋਗਪਤੀਆਂ ਤੇ ਸਮਾਜ ਦੇ ਹੋਰਨਾਂ ਵਰਗਾਂ ਨਾਲ ਗੱਲਬਾਤ ਤੋਂ ਬਾਅਦ ਹੀ ‘ਯੂਥ ਮੈਨੀਫ਼ੈਸਟੋ’ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸੰਵਾਦਾਂ ‘ਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸੇ ਆਸ ਨਾਲ ਭਾਗ ਲਿਆ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਦੀ ਮੌਜੂਦਾ ਸਥਿਤੀ ਵਿੱਚ ਤਬਦੀਲੀ ਲਿਆ ਸਕਦੀ ਹੈ।
ਸੰਧੂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਵੱਡੀ ਗਿਣਤੀ ‘ਚ ਆਸਾਮੀਆਂ ਖ਼ਾਲੀ ਪਈਆਂ ਹਨ। ਬਹੁਤ ਸਾਰੇ ਸਕੂਲ ਬਿਨਾ ਅਧਿਆਪਕਾਂ ਤੋਂ ਹੀ ਚੱਲ ਰਹੇ ਹਨ ਅਤੇ ਪੰਜਾਬ ਦੀਆਂ ਲਗਭਗ ਅੱਧੀਆਂ ਆਈ.ਟੀ.ਆਈਜ਼ ‘ਚ ਆਸਾਮੀਆਂ ਪੁਰ ਨਹੀਂ ਕੀਤੀਆਂ ਗਈਆਂ ਹਨ। ਸਕੂਲਾਂ ਵਿੱਚ ਖੇਡ ਅਧਿਆਪਕਾਂ ਦੀਆਂ ਆਸਾਮੀਆਂ ਲਈ ਵੀ ਕੋਈ ਭਰਤੀ ਨਹੀਂ ਕੀਤੀ ਜਾ ਰਹੀ, ਜਿਸ ਕਰ ਕੇ ਪੰਜਾਬ ਦਾ ਖੇਡ ਸਭਿਆਚਾਰ ਬਰਬਾਦ ਹੋ ਕੇ ਰਹਿ ਗਿਆ ਹੈ।
3 ਜੁਲਾਈ ਦਾ ਸਮਾਰੋਹ ਅਹਿਮ ਹੈ ਕਿਉਂਕਿ ਪੰਜਾਬ ‘ਚ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤਾ ਜਾਣ ਵਾਲਾ ਇਹ ਪਹਿਲਾ ਮੈਨੀਫ਼ੈਸਟੋ ਹੋਵੇਗਾ। ਪਾਰਟੀ ਨੌਜਵਾਨਾਂ ਨੂੰ ਬਹੁਤ ਅਹਿਮੀਅਤ ਦੇ ਰਹੀ ਹੈ, ਜਿਨ੍ਹਾਂ ਦੀ ਗਿਣਤੀ ਵਿੱਚ ਸੂਬੇ ਦੀ ਕੁੱਲ ਆਬਾਦੀ ਦਾ 30 ਫ਼ੀਸਦੀ ਹੈ ਅਤੇ ਉਨ੍ਹਾਂ ਨੂੰ ਰਾਸ਼ਟਰ ਦਾ ਭਵਿੱਖ ਵੀ ਮੰਨਿਆ ਜਾਂਦਾ ਹੈ। ਯੂਥ ਮੈਨੀਫ਼ੈਸਟੋ ਤੋਂ ਬਾਅਦ, ਪਾਰਟੀ ਦੀ ‘ਪੰਜਾਬ ਡਾਇਲਾੱਗ’ ਕਮੇਟੀ ਕਿਸਾਨਾਂ, ਦਲਿਤਾਂ, ਮਹਿਲਾਵਾਂ ਤੇ ਸਮਾਜ ਦੇ ਹੋਰ ਵਰਗਾਂ ਲਈ ਵੀ ਅਜਿਹੇ ਮੈਨੀਫ਼ੈਸਟੋ ਤਿਆਰ ਕਰ ਰਹੀ ਹੈ।
‘ਪੰਜਾਬ ਡਾਇਲਾੱਗ’ ਕਮੇਟੀ ਦੇ ਚੇਅਰਪਰਸਨ ਨੇ ਸੂਬੇ ਵਿੱਚ ਕੀਤੇ ਵੱਖੋ-ਵੱਖਰੇ ਸੰਵਾਦਾਂ ਦੌਰਾਨ ਹੋਏ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ,”ਵੱਖੋ-ਵੱਖਰੇ ਵਰਗਾਂ ਨਾਲ ਕੀਤੀ ਗੱਲਬਾਤ ਤੋਂ ਸੂਬੇ ਦੇ ਨੌਜਵਾਨਾਂ ਲਈ ਸਹੂਲਤਾਂ ਤੇ ਬੁਨਿਆਦੀ ਢਾਂਚੇ ਦੀ ਬਹੁਤ ਨਿਰਾਸ਼ਾਜਨਕ ਤਸਵੀਰ ਸਾਹਮਣੇ ਆਈ ਹੈ।”
ਯੂਥ ਮੈਨੀਫ਼ੈਸਟੋ ਤਿਆਰ ਕਰਨ ਲਈ ਬਹੁਤ ਮਿਹਨਤ ਕੀਤੀ ਗਈ ਹੈ ਤੇ ਉਸ ਤੋਂ ਪਹਿਲਾਂ ਨੌਜਵਾਨਾਂ ਨਾਲ 7 ਸੰਵਾਦ ਰਚਾਏ ਗਏ ਸਨ। ਇਨ੍ਹਾਂ ਸੰਵਾਦਾਂ ਵਿੱਚ 700 ਤੋਂ ਲੈ ਕੇ 2,000 ਤੱਕ ਦਾ ਇਕੱਠ ਹੁੰਦਾ ਰਿਹਾ ਸੀ। ਇਹ ਸੰਵਾਦ ਮੋਹਾਲੀ, ਸੰਗਰੂਰ, ਪਟਿਆਲਾ, ਬਠਿੰਡਾ, ਜਲੰਧਰ, ਮਾਲੇਰਕੋਟਲਾ ਅਤੇ ਰਾਏਕੋਟ ਜਿਹੇ ਸ਼ਹਿਰਾਂ ਵਿੱਚ ਰਚਾਏ ਗÂ ਸਨ। ਉਨ੍ਹਾਂ ਸੰੰਵਾਦਾਂ ਦੌਰਾਨ ਜਿੱਥੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ ਸੀ, ਉੱਥੇ 1,610 ਲਿਖਤੀ ਸੁਝਾਅ ਵੀ ਮਿਲੇ ਸਨ। ਡਾਕ ਤੇ ਈ-ਮੇਲਾਂ ਰਾਹੀਂ ਕੁੱਲ 340 ਸੁਝਾਅ ਮਿਲੇ ਸਨ ਅਤੇ ਟੀਮ ਨੇ ਫ਼ੇਸਬੁੱਕ ‘ਤੇ 6,000 ਵਿਅਕਤੀਆਂ ਨਾਲ ਗੱਲਬਾਤ ਕੀਤੀ ਸੀ। ਵੱਖੋ-ਵੱਖਰੇ ਖੇਤਰਾਂ ਦੇ 44 ਮਾਹਿਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ ਅਤੇ 6 ਯੂਨੀਅਨਾਂ ਨਾਲ ਸੰਪਰਕ ਕੀਤਾ ਗਿਆ ਸੀ। ਟੀਮ ਸੂਬੇ ਦੇ 10 ਵਿਦਿਅਕ ਅਦਾਰਿਆਂ ਦੇ ਨਾਲ-ਨਾਲ ਹੋਰਨਾਂ ਸਥਾਨਾਂ ‘ਤੇ ਵੀ ਗਈ ਸੀ।

