ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਚ ਘਟਨਾ ਲਈ ਆਪ ਸਰਕਾਰ ਤੇ ਪੁਲਿਸ ਅਧਿਕਾਰੀ ਜਿੰਮੇਵਾਰ : ਅਮਰਿੰਦਰ ਸਿੰਘ ਬਜਾਜ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਸਦਭਾਵਨਾ ਦਿਵਸ ਵਜੋਂ ਲੱਗੇਗਾ ਖੂਨਦਾਨ ਕੈਂਪ
ਨਿਗਮ ਚੋਣਾਂ ’ਚ ਚੰਗਾ ਨਤੀਜਾ ਦੇਣ ਵਾਲਿਆਂ ਨੂੰ ਪਾਰਟੀ ਚੋਣ ਮੈਦਾਨ ’ਚ ਉਤਾਰੇਗੀ
ਪਟਿਆਲਾ 1 ਦਸੰਬਰ :(ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸੁਲਤਾਨਪੁਰ ਲੋਧੀ ਵਿਖੇ ਪੁਲਿਸ ਦੇ ਦਖਲ ਨਾਲ ਵਾਪਰੀ ਮੰਦਭਾਗੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪਹਿਲਾਂ ਹੀ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ, ਉਥੇ ਹੀ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਵਿਚ ਸਾਹਮਣੇ ਆਈ ਘਟਨਾ ਲਈ ਉਨੀਂ ਹੀ ਜਿੰਮੇਵਾਰ ਹੈ, ਜਿਨ੍ਹਾਂ 1984 ਦੇ ਸਮੇਂ ਕਾਂਗਰਸ ਸਰਕਾਰ ਰਹੀ ਅਤੇ ਹੰਕਾਰੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ’ਤੇ ਭਾਰਤੀ ਫੌਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਜੁੱਤਿਆਂ ਸਮੇਤ ਦਾਖਲ ਹੋਈ ਸੀ। ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਪੁਲਿਸ ਦਾ ਗੁਰਦੁਆਰਾ ਸਾਹਿਬ ਵਿਚ ਮਰਿਆਦਾ ਨੂੰ ਭੰਗ ਕਰਨ ਅਤੇ ਜੁੱਤੀਆਂ ਸਣੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਵਿਚ ਦਾਖਲ ਹੋ ਕੇ ਤਾਬੜਤੋੜ ਗੋਲੀਆਂ ਚਲਾਉਣਾ ਸਪੱਸ਼ਟ ਕਰਦਾ ਹੈ ਕਿ ਆਪ ਸਰਕਾਰ ਨੇ ਵੀ ਕਾਂਗਰਸ ਵਾਲਾ ਰਾਹ ਚੁਣਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਦੇ ਹੌਂਸਲੇ ਏਨੇ ਬੁਲੰਦ ਹੋਏ ਕਿ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਵਿਚ ਦਾਖਲ ਹੋ ਕੇ ਅੰਨੇ ਵਾਹ ਗੋਲੀਆਂ ਚਲਾਈਆਂ, ਜਦਕਿ ਏਸ ਮਸਲੇ ਨੂੰ ਪੁਲਿਸ ਪ੍ਰਸ਼ਾਸਨ ਤੇ ਉਚ ਅਧਿਕਾਰੀ ਦੋ ਦਲ ਪੰਥੀਆਂ ਦੇ ਮਸਲੇ ਨੂੰ ਹੱਲ ਕਰ ਸਕਦੇ ਸਨ। ਹਲਕਾ ਇੰਚਾਰਜ ਅਮਰਿੰਦਰ ਬਜਾਜ ਨੇ ਕਿਹਾ ਕਿ ਸਿੱਖ ਜਮਾਤ ਨੇ ਅੱਜ ਤੱਕ ਕਾਂਗਰਸ ਨੂੰ ਕਦੇ ਘਿਨਾਉਣੇ ਕਾਰਿਆਂ ਕਰਕੇ ਕਦੇ ਮੁਆਫ ਨਹੀਂ ਕੀਤਾ। ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅਤੇ ਸਿੱਖਾਂ ਦੇ ਮਾਮਲਿਆਂ ਵਿਚ ਸਰਕਾਰ ਸਿੱੱਧੇ ਤੌਰ ’ਤੇ ਦਖਲ ਦੇ ਰਹੀ, ਜਿਸ ਨੂੰ ਸਿੱਖ ਕੌਮ ਕਦੇ ਬਰਦਾਸਤ ਨਹੀਂ ਕਰੇਗੀ।
ਪ੍ਰੈਸ ਕਾਨਫਰੰਸ ਦੌਰਾਨ ਅਮਰਿੰਦਰ ਸਿੰਘ ਬਜਾਜ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ 8 ਦਸੰਬਰ ਨੂੰ ਸਦਭਾਵਨਾ ਦਿਵਸ ਦੇ ਤੌਰ ’ਤੇ ਮਨਾਉਣ ਜਾ ਰਿਹਾ ਅਤੇ ਇਸ ਦਿਨ ’ਤੇ ਸੋ੍ਰਮਣੀ ਅਕਾਲੀ ਦਲ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨਿਗਮ ਚੋਣਾਂ ਨੂੰ ਲੈ ਕੇ ਸਿਲਸਿਲੇ ਵਾਰ ਮੀਟਿੰਗਾਂ ਕਰ ਰਿਹਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਿੱਤ ਦੇ ਮੰਤਵ ਨਾਲ ਨਿਗਮ ਚੋਣਾਂ ਲੜੇਗਾ ਅਤੇ ਇਸ ਸਬੰਧ ਵਿਚ ਤਿਆਰੀਆਂ ਪਾਰਟੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਿਗਮ ਚੋਣਾਂ ਦੌਰਾਨ ਚੰਗਾ ਨਤੀਜਾ ਦੇਣ ਵਾਲਿਆਂ ਨੂੰ ਹੀ ਪਾਰਟੀ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਮੀਦਵਾਰਾਂ ਨੂੰ ਉਤਾਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀ. ਅਕਾਲੀ ਆਗੂ ਅਮਰਜੀਤ ਸਿੰਘ ਬਠਲਾ, ਪੀਏਸੀ ਮੈਂਬਰ ਗੁਰਵਿੰਦਰ ਸਿੰਘ ਸ਼ਕਤੀਮਾਨ, ਇੰਦਰਪਾਲ ਸਿੰਘ ਸੇਠੀ, ਗੁਰਚਰਨ ਸਿੰਘ ਖਾਲਸਾ, ਸੁਖਬੀਰ ਸਿੰਘ ਅਬਲੋਵਾਲ, ਜਸਵਿੰਦਰਪਾਲ ਸਿੰਘ ਚੱਢਾ, ਪਰਮਿੰਦਰ ਸ਼ੋਰੀ, ਹਰਮੀਤ ਸਿੰਘ ਮੀਤ, ਇੰਦਰਜੀਤ ਸਿੰਘ ਬਿੰਦਰਾ, ਸੋਨੂੰ ਮਾਜਰਾ, ਸਾਹਿਲ ਗੋਇਲ, ਸੁਸ਼ੀਲ ਕੁਰੈਸ਼ੀ ਆਦਿ ਹਾਜ਼ਰ ਸਨ।

