ਪਟਿਆਲਾ

ਦਸਤ ਨਾਲ ਪੀੜ੍ਹਤ 0-5 ਸਾਲ ਤੱਕ ਦੇ ਬੱਚਿਆਂ ਨੂੰ ਓ.ਆਰ.ਐਸ/ ਜਿੰਕ ਕਾਰਨਰ ਤੇ ਲਿਆਂਦਾ ਜਾਵੇ-ਡਾ: ਗੁਪਤਾ

ਪੰਦਰਵਾੜੇ ਦੌਰਾਨ 0-5 ਸਾਲ ਤੱਕ ਦੇ 17721 ਬੱਚਿਆਂ ਨੂੰ ਓ.ਆਰ.ਐਸ ਪੈਕੇਟ ਵੰਡਣ ਦਾ ਟੀਚਾ
ਪਟਿਆਲਾ 11 ਜੁਲਾਈ (ਮਧੂਸਾਰ ਬਿਊਰੋ)
ਸਿਵਲ ਸਰਜਨ, ਪਟਿਆਲਾ ਡਾ: ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਅੰਜਨਾ ਗੁਪਤਾ ਦੀ ਅਗਵਾਈ ਹੇਠ 11 ਤੋਂ 23 ਜੁਲਾਈ 2016 ਤੱਕ ਇੰਟੈਸੀਫਾਈਡ ਦਸਤ ਰੋਕੂ ਪੰਦਰਵਾੜੇ ਸਬੰਧੀ ਪ੍ਰੋਗਰਾਮ ਦੀ ਸ਼ੁਰੂਆਤ 0-5 ਸਾਲ ਤੱਕ ਦੇ ਬੱਚਿਆਂ ਨੂੰ ਓ.ਆਰ.ਐਸ ਦੇ ਪੈਕੇਟ ਵੰਡ ਕੇ ਕੀਤੀ ਗਈ।

ਡਾ: ਅੰਜਨਾ ਗੁਪਤਾ ਐਸ.ਐਮ.ਓ ਨੇ ਕਿਹਾ ਕਿ ਬਲਾਕ ਕੌਲੀ ਅਤੇ ਅਧੀਨ ਆਉਂਦੀਆਂ ਸੰਸਥਾਵਾਂ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ 0-5 ਸਾਲ ਤੱਕ ਦੇ ਬੱਚਿਆਂ ਦੀਆਂ ਦਸਤ ਨਾਲ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਸਿਹਤ ਕੇਂਦਰਾਂ ਵਿੱਚ ਓ.ਆਰ.ਐਸ/ ਜ਼ਿੰਕ ਕਾਰਨਰ ਬਣਾਏ ਗਏ ਹਨ। ਜਿਥੇ ਆਸ਼ਾ ਵਰਕਰਾਂ ਵੱਲੋਂ ਆਪਣੇ-ਆਪਣੇ ਪਿੰਡ ਪੱਧਰ ਤੇ ਦਸਤ ਨਾਲ ਪੀੜਤ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਰਨਰ ਵਾਲੀ ਥਾਂ ਤੇ ਲਿਆ ਕੇ ਤਿਆਰ ਕੀਤਾ ਗਿਆ ਘੋਲ ਪਿਲਾਇਆ ਜਾਵੇਗਾ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਡਾ: ਮੁਹੰਮਦ ਸਾਜਿਦ ਨੇ ਦੱਸਿਆ ਕਿ ਦਸਤ ਨਾਲ ਪੀੜਤ 2 ਤੋਂ 6 ਮਹੀਨੇ ਦੇ ਬੱਚੇ ਨੂੰ ਲਗਾਤਾਰ 14 ਦਿਨਾਂ ਤੱਕ ਜ਼ਿੰਕ ਦੀ ਅੱਧੀ ਗੋਲੀ ਮਾਂ ਦੇ ਦੁੱਧ ਵਿੱਚ ਅਤੇ ਛੇ ਮਹੀਨੇ ਤੋਂ ਵੱਡੇ ਬੱਚੇ ਨੂੰ ਰੋਜ਼ਾਨਾ ਇੱਕ ਗੋਲੀ ਸਾਫ ਪਾਣੀ ਜਾਂ ਦੁੱਧ ਵਿੱਚ ਘੋਲ ਕੇ ਦੇਣੀ ਯਕੀਨੀ ਬਣਾਈ ਜਾਵੇ।
ਸਰਬਜੀਤ ਸਿੰਘ ਬੀ.ਈ.ਈ ਕਮ ਨੋਡਲ ਅਧਿਕਾਰੀ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਬਲਾਕ ਕੌਲੀ ਅਧੀਨ 0-5 ਸਾਲ ਤੱਕ ਦੇ 17,721 ਬੱਚਿਆਂ ਨੂੰ ਆਸ਼ਾ ਵਰਕਰਾਂ ਵੱਲੋਂ ਓ.ਆਰ.ਐਸ. ਦੇ ਪੈਕੇਟ ਘਰ-ਘਰ ਵੰਡੇ ਜਾਣੇ ਹਨ ਤੇ ਇਸਦੇ ਨਾਲ ਹੀ ਕੁਪੋਸ਼ਣ ਦਾ ਸ਼ਿਕਾਰ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਇਲਾਜ਼ ਲਈ ਰੈਫਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੂਲ ਹੈਲਥ ਟੀਮ ਵੱਲੋਂ ਸਕੂਲਾਂ ਵਿੱਚ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣ ਦੀ ਵਿਧੀ ਬਾਰੇ ਦੱਸਿਆ ਜਾ ਰਿਹਾ ਹੈ। ਇਸ ਕੜੀ ਤਹਿਤ ਅਧੀਨ ਆਉਂਦੇ ਸੈਕਟਰ ਗੱਜੂਮਾਜਰਾ, ਕਲਿਆਣ, ਕੱਲਰ ਭੈਣੀ ਅਤੇ ਹੱਸਨਪੁਰ ਦੇ ਸਬ-ਸੈਂਟਰਾਂ ਪੱਧਰ ਤੇ ਵੀ ਓ.ਆਰ.ਐਸ. ਅਤੇ ਜਿੰਕ ਕਾਰਨਰ ਬਣਾਏ ਗਏ ਹਨ। ਇਸ ਮੌਕੇ ਪੁਰਸੋਤਮ ਗਰਗ ਚੀਫ ਫਾਰਮਾਸਿਸਟ, ਸੁਮਨ ਸ਼ਰਮਾ ਹੈਲਥ ਸੁਪਰਵਾਇਜਰ, ਵਨੀਤਾ ਰਾਣੀ ਸਟਾਫ ਨਰਸ, ਭੁਪਿੰਦਰ ਕੌਰ ਏ.ਐਨ.ਐਮ, ਲਖਵੀਰ ਕੌਰ ਆਸ਼ਾ ਫੈਸੀਲੀਟੇਟਰ, ਜਸਵੀਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *