ਐੱਨ. ਐੱਸ. ਐੱਸ. ਵਿਭਾਗ ਵੱਲੋਂ ਭਰੂਣ ਹੱਤਿਆ ਰੋਕਣ ਹਿਤ ਜਾਗਰੂਕਤਾ ਪੈਦਾ ਕਰਨ ਲਈ ਰੈਲੀ ਕੱਢੀ
ਪਟਿਆਲਾ, 9 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਭਰੂਣ ਹੱਤਿਆ ਰੋਕਣ ਹਿਤ ਜਾਗਰੂਕਤਾ ਪੈਦਾ ਕਰਨ ਲਈ ਕੈਂਪਸ ਵਿੱਚ ਰੈਲੀ ਕੱਢੀ ਗਈ। ਇਹ ਰੈਲੀ ਰੈੱਡ ਰਿਬਨ ਕਲੱਬ, ਏਕ ਭਾਰਤ ਸ਼੍ਰੇਸ਼ਠ ਭਾਰਤ ਕਲੱਬ, ਇੰਟਰਪਨਿਉਰਸ਼ਿਪ ਕਲੱਬ ਅਤੇ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸਾਂਝੇ ਉੱਦਮਾਂ ਨਾਲ਼ ਕੱਢੀ ਗਈ। ਰੈਲੀ ਦੌਰਾਨ ਵਲੰਟੀਅਰ ਭਰੂਣ ਹੱਤਿਆ ਰੋਕਣ ਲਈ ਨਾਅਰ੍ਹੇ ਲਗਾਉਂਦੇ ਹੋਏ ਇਸ ਜਾਗਰੂਕਤਾ ਰੈਲੀ ਵਿੱਚ ਸ਼ਾਮਿਲ ਹੋਏ। ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇਸ ਰੈਲੀ ਦੇ ਆਯੋਜਨ ਨੂੰ ਮਹੱਤਪੂਰਣ ਦਸਦਿਆਂ ਕਿਹਾ ਕਿ ਅੱਜ ਇੱਕੀਵੀਂ ਸਦੀ ਵਿੱਚ ਜਿਉਂਦਿਆਂ ਵੀ ਕੁੱਝ ਲੋਕ ਲਿੰਗ ਅਧਾਰਿਤ ਭੇਦ-ਭਾਵ ਕਰਦੇ ਹਨ ਜਦੋਂ ਕਿ ਹੁਣ ਸਾਡੇ ਸਭ ਦੇ ਸਾਹਮਣੇ ਇਹ ਤੱਥ ਉਪਲਬਧ ਹਨ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲ਼ੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਹੁਣ ਇਸ ਪੱਖੋਂ ਬਹੁਤ ਜਾਗਰੂਕਤਾ ਆ ਵੀ ਚੁੱਕੀ ਹੈ ਪਰ ਹਾਲੇ ਵੀ ਇਸ ਦਿਸ਼ਾ ਵਿੱਚ ਕੰਮ ਕੀਤੇ ਜਾਣ ਦੀ ਲੋੜ ਹੈ।
ਐੱਨ. ਐੱਸ. ਐੱਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਸ ਜਾਗਰੂਕਤਾ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਭਰੂਣ ਹੱਤਿਆ ਰੋਕਣ ਅਤੇ ਪੰਜਾਬ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਘੱਟ ਰਹੀ ਗਿਣਤੀ ਬਾਰੇ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਕੁੜੀਆਂ ਮੁੰਡਿਆ ਦੇ ਮੁਕਾਬਲੇ ਘੱਟ ਨਹੀ ਹਨ, ਸਮਾਜ ਦੇ ਹਰੇਕ ਤਰੱਕੀ ਦੇ ਖੇਤਰ ਵਿਚ ਕੁੜੀਆਂ ਮੁੰਡਿਆਂ ਨਾਲ ਮੋਢੇ ਨਾਲ਼ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਮੁੰਡੇ ਅਤੇ ਕੁੜੀ ਵਿੱਚ ਕਿਸੇ ਕਿਸਮ ਦਾ ਭੇਦ ਭਾਵ ਨਹੀ ਕਰਨਾ ਚਾਹੀਦਾ। ਔਰਤ ਦੀ ਹੋਂਦ ਨਾਲ਼ ਹੀ ਸਮਾਜ ਅਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ। ਇਸ ਜਾਗਰੂਕਤਾ ਰੈਲੀ ਵਿੱਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ, ਸਮੇਤ ਲਗਭਗ 276 ਐਨ.ਐਸ.ਐਸ. ਵਲੰਟੀਅਰਾਂ ਅਤੇ ਸਕੂਲੀ ਬਚਿਆ ਨੇ ਭਾਗ ਲਿਆ।

