ਮਾਇਕਲ ਮਿਸ਼ਰਾ ਫਿਲਮ ਵਿਰੁੱਧ ਦਲਿਤ ਭਾਈਚਾਰੇ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ
ਅਦਾਕਾਰਾ ਵੱਲੋਂ ਭਗਵਾਨ ਵਾਲਮੀਕ ਪ੍ਰਤੀ ਭੱਦੀ ਸ਼ਬਦਾਂਵਲੀ ਨੂੰ ਸਹਿਣ ਨਹੀਂ ਕਰਾਂਗੇ : ਹੈਪੀ ਲੋਹਟ
ਸੈਂਸਰ ਬੋਰਡ ਅਜਿਹੀਆਂ ਫਿਲਮਾਂ ‘ਤੇ ਰੋਕ ਲਗਾਵੇ: ਰਵੀ, ਰਾਹੀਂ
ਪਟਿਆਲਾ, 5 ਅਗਸਤ (ਕੰਵਰ ਬੇਦੀ) ਨਵੀਂ ਆ ਰਹੀ ਫਿਲਮ ‘ਮਾਇਕਲ ਮਿਸ਼ਰਾ’ ‘ਚ ਭਗਵਾਨ ਵਾਲਮੀਕ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਂਵਾਲੀ ਨੂੰ ਲੈ ਕੇ ਪੰਜਾਬ ਭਰ ਦੇ ਦਲਿਤ ਭਾਈਚਾਰੇ ‘ਚ ਗੁੱਸੇ ਦੀ ਲਹਿਰ ਵੱਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਵਾਲਮੀਕ ਸਮਾਜ ਦੇ ਲੋਕਾਂ ਵੱਲੋਂ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੱਢਿਆ ਗਿਆ।
ਪ੍ਰਦਰਸ਼ਨਕਾਰੀਆਂ ਨੇ ਸਮੁੱਚੇ ਸ਼ਹਿਰ ਨੂੰ ਬੰਦ ਕਰਵਾਇਆ ਅਤੇ ਸ਼ਾਂਤਮਈ ਤਰੀਕੇ ਨਾਲ ਫਿਲਮ ਬਣਾਉਣ ਵਾਲੇ ਡਾਇਰੈਕਟਰ ਅਤੇ ਅਦਾਕਾਰ ਅਰਸ਼ਦ ਵਾਰਸੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਵਾਲਮੀਕ ਸਮਾਜ ਵੱਲੋਂ ਰੋਸ ਵਜੋਂ ਸ਼ਹਿਰ ਬੰਦ ਕਰਨ ਦੀ ਸ਼ੁਰੂਆਤ ਲਾਹੌਰੀ ਗੇਟ ਤੋਂ ਕੀਤੀ ਗਈ। ਭਾਈਚਾਰੇ ਦੇ ਲੋਕਾਂ ਵੱਲੋਂ ਵੱਖ-ਵੱਖ ਬਜ਼ਾਰਾਂ ‘ਚ ਰੋਸ ਮਾਰਚ ਕੱਢਿਆ ਅਤੇ ਖੁੱਲ੍ਹੀਆਂ ਪਈਆਂ ਦੁਕਾਨਾਂ ਨੂੰ ਬੰਦ ਕਰਵਾਇਆ।
ਰੋਸ ਮਾਰਚ ਦੌਰਾਨ ਨਾਅਰੇਬਾਜ਼ੀ ਕਰ ਰਹੇ ਆਗੂਆਂ ਨੇ ਕਿਹਾ ਕਿ ਬਾਲੀਵੁੱਡ ਹਸਤੀਆਂ ਵੱਲੋਂ ਵਾਰ ਵਾਰ ਭਗਵਾਨ ਵਾਲਮੀਕ ਪ੍ਰਤੀ ਭੱਦੀ ਸ਼ਬਦਾਂਵਾਲੀ ਵਰਤੀ ਜਾ ਰਹੀ ਹੈ, ਜਿਸ ਨੂੰ ਦਲਿਤ ਸਮਾਜ ਉਕਾ ਹੀ ਸਹਿਣ ਨਹੀਂ ਕਰੇਗਾ।
ਇਸ ਮੌਕੇ ਐਸ.ਸੀ. ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਹੈਪੀ ਲੋਹਟ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਾਲੀਵੁੱਡ ਅਦਾਕਾਰ ਵੱਲੋਂ ਵਾਰ ਵਾਰ ਭਗਵਾਨ ਵਾਲਮੀਕ ਪ੍ਰਤੀ ਅਪਸ਼ਬਦ ਬੋਲੇ ਜਾ ਰਹੇ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਦਾਕਾਰਾ ਰਾਖੀ ਸਾਂਵੰਤ ਵੱੋਲੋਂ ਭੱਦੀ ਸ਼ਬਦਾਂਵਾਲੀ ਦੀ ਵਰਤੋਂ ਕੀਤੀ ਗਈ ਸੀ, ਜਿਸ ਨੂੰ ਲੈ ਕੇ ਅੱਜ ਤੱਕ ਭਾਈਚਾਰੇ ਦੇ ਲੋਕਾਂ ‘ਚ ਰੋਸ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਾਇਕਲ ਮਿਸ਼ਰਾ ਫਿਲਮ ‘ਤੇ ਰੋਕ ਨਹੀਂ ਲੱਗਦੀ ਅਤੇ ਅਰਸ਼ਦ ਵਾਰਸੀ ਖਿਲਾਫ਼ ਕਾਰਵਾਈ ਨਹੀ ਹੁੰਦੀ ਉਦੋਂ ਤੱਕ ਭਾਈਚਾਰੇ ਦੇ ਲੋਕਾਂ ਦੇ ਹਿਰਦੇ ਸ਼ਾਤ ਨਹੀਂ ਹੋਣਗੇ।
ਇਸ ਮੌਕੇ ਦਿਹਾਤੀ ਪ੍ਰਧਾਨ ਰਵੀ ਕੁਮਾਰ ਨੇ ਕਿਹਾ ਕਿ ਭਗਵਾਨ ਵਾਲਮੀਕ ਪ੍ਰਤੀ ਅਪਮਾਨਜਨਕ ਸ਼ਬਦ ਵਰਤੇ ਜਾ ਰਹੇ, ਜਿਸ ਨੂੰ ਲੈ ਕੇ ਰੋਸ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਨੂੰ ਚਾਹੀਦਾ ਹੈ ਕਿ ਅਜਿਹੀਆਂ ਫਿਲਮਾਂ ‘ਤੇ ਰੋਕ ਲਗਾਵੇ, ਜਿਨਾਂ ‘ਚ ਭਗਵਾਨ ਵਾਲਮੀਕ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਸਹਿਣ ਕਰਨਾ ਬਹੁਤ ਔਖਾ ਹੈ।
ਉਨ੍ਹਾਂ ਕਿਹਾ ਕਿ ਮਨਾਂ ‘ਚ ਰੋਸ ਦੀ ਲਹਿਰ ਨੂੰ ਲੈ ਕੇ ਜਲਦ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਦਲਿਤ ਭਾਈਚਾਰੇ ਦੇ ਲੋਕਾਂ ਦਾ ਵਫ਼ਦ ਮੁਲਾਕਾਤ ਕਰਕੇ ਆਪਣਾ ਰੋਸ ਜ਼ਾਹਿਰ ਕਰੇਗਾ।
ਰੋਸ ਮਾਰਚ ‘ਚ ਜਤਿੰਦਰ ਪ੍ਰਿੰਸ, ਵਿੱਕੀ ਘਾਰੂ, ਜਤਿੰਦਰ ਰਾਜੀ, ਨਿਰਮਲਾ ਦੇਵੀ, ਵਿਜੈ ਚੌਹਾਨ, ਰਾਜੇਸ਼ ਸੱਭਰਵਾਲ, ਨਰੇਸ਼ ਬੌਬੀ, ਸੋਨੀ ਲੌਹਟ, ਵਿਕਾਸ ਕੁਮਾਰ, ਹਰਵਿੰਦਰ ਜੌਨੀ, ਵਿਕਾਸ ਗਿੱਲ, ਵਿਸ਼ਾਲ ਕੁਮਾਰ, ਗੌਰਵ ਕੁਮਾਰ, ਪ੍ਰਿੰਸ, ਮਿੱਕੀ, ਬਿੰਨੀ ਗਿੱਲ, ਮੁਕੇਸ਼ ਅਟਵਾਲ, ਮੁਕੇਸ਼ ਰਾਹੀ, ਰਿਸ਼ੀਪਾਲ, ਮੋਨੂੰ ਰੱਖੜਾ, ਵਿੱਕੀ ਕਾਂਗੜਾ, ਕਾਮਿਨੀ ਦੇਵੀ, ਦਰਸ਼ਨਾ ਕੌਰ, ਮੋਨੂੰ, ਜਗਮੋਹਨ ਚੌਹਾਨ, ਵੀਰ ਲਵੀ, ਜੌਨੀ ਅਟਵਾਲ, ਵਿਕਰਮਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।

