ਪਟਿਆਲਾ

ਨਾਭਾ ਸ਼ਹਿਰ ਵਿੱਚ ਸੀਵਰੇਜ਼ ਨਾ ਹੋਣ ਕਾਰਨ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੇ ਕੀਤਾ ਪ੍ਰਦਰਸ਼ਨ

ਨਾਭਾ ਸ਼ਹਿਰ ਦੇ ਲੋਕ ਆਪਣੇ ਆਪ ਨੂੰ ਗੁਮਰਾਹ ਤੇ ਠੱਗੇ ਮਹਿਸੂਸ ਕਰ ਰਹੇ — ਕਾਕਾ

ਪਟਿਆਲਾ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਾਭਾ ਸ਼ਹਿਰ ਵਿੱਚ ਸੀਵਰੇਜ਼ ਦੀਆਂ ਸਹੂਲਤਾਂ ਨਾ ਹੋਣ ਕਾਰਨ ਫੈਲੀ ਗੰਦਗੀ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਵਿਰੁੱਧ ਨਾਅਰੇਬਾਜੀ ਕਰਕੇ ਨਾਭੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਵਿਕਾਸ ਪੱਖੋਂ ਵਾਂਝੇ ਨਾਭਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਵੇਰਵਾ ਦਿੰਦਿਆ ਕਿਹਾ ਕਿ ਨਾਭੇ ਸ਼ਹਿਰ ਵਿੱਚ ਸੀਵਰੇਜ਼ ਨਾ ਹੋਣ ਕਾਰਨ ਜਿੱਥੇ ਲੋਕਾਂ ਵਿੱਚ ਬੀਮਾਰੀਆਂ ਫੈਲਦੀਆਂ ਹਨ ਉੱਥੇ ਹੀ ਅਨੇਕਾਂ ਪਰਿਵਾਰ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਸੀਵਰੇਜ਼ ਨਾ ਹੋਣ ਕਰਕੇ ਟੁਆਇਲਟਾਂ ਦਾ ਗੰਦਾ ਪਾਣੀ ਬਾਹਰ ਸੜਕਾਂ ਤੇ ਨਾਲੇ ਨਾਲੀਆਂ ਵਿੱਚ ਜਾਂਦਾ ਹੈ। ਜਿਹੜਾ ਕਿ ਬਰਸਾਤਾਂ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਾਲੀਆਂ ਦੇ ਗੰਦੇ ਪਾਣੀ ਵਿੱਚ ਬਰਸਾਤੀ ਪਾਣੀ ਮਿਕਸ ਹੋ ਕੇ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ। ਫਿਰ ਅਨੇਕਾਂ ਪਰਿਵਾਰਾਂ ਲਈ ਖੱਜਲ ਖੁਆਰੀ ਤੇ ਮੁਸੀਬਤਾਂ ਖੜੀਆਂ ਕਰ ਦਿੰਦਾ ਹੈ। ਬਰਸਾਤਾਂ ਦੌਰਾਨ ਦੁਕਾਨਾਂ ਵਿੱਚ ਗੰਦਾ ਪਾਣੀ ਦਾਖਲ ਹੋਣ ਕਰਕੇ ਦੁਕਾਨਦਾਰਾਂ ਨੂੰ ਵੀ ਆਪਣੀਆਂ ਮਾਰਕੀਟਾਂ ਬੰਦ ਕਰਨੀਆਂ ਪੈਂਦੀਆਂ ਹਨ। ਜਿਸ ਕਰਕੇ ਨਾਭਾ ਵਾਸੀ ਬੇਹੱਦ ਦੁੱਖੀ ਤੇ ਪ੍ਰੇਸ਼ਾਨ ਹਨ ਜੇਕਰ ਨਾਭਾ ਸ਼ਹਿਰ ਵਿੱਚ ਬਾਹਰੋ ਕੋਈ ਵਿਅਕਤੀ ਆਉਂਦਾ ਹੈ ਤਾਂ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅੱਜ ਦੇ ਯੁੱਗ ਵਿੱਚ ਵੀ ਨਾਭੇ ਦੇ ਲੋਕ ਗੰਦਗੀ ਦੇ ਵਾਤਾਵਰਣ ਵਿੱਚ ਕਿਵੇ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ।

ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਰੋਸ ਭਰੇ ਸ਼ਬਦਾਂ ਵਿੱਚ ਕਿਹਾ ਕਿ ਨਾਭਾ ਸ਼ਹਿਰ ਦੀ ਮੂੰਹ ਬੋਲਦੀ ਤਸਵੀਰ ਦੱਸ ਰਹੀ ਹੈ ਕਿ ਹੁਣ ਨਾਭਾ ਸ਼ਹਿਰ ਵਿਕਾਸ ਕਾਰਜਾਂ ਦੇ ਮਾਮਲੇ ਵਿੱਚ ਪੱਛੜ ਚੁੱਕਾ ਹੈ ਤੇ ਗੰਦਗੀ ਦੇ ਮਾਮਲੇ ਵਿੱਚ ਨੰਬਰ 1 ਤੇ ਆ ਗਿਆ ਹੈ। ਜੇਕਰ ਫੈਲੀ ਗੰਦਗੀ ਦੀ ਗੱਲ ਕੀਤੀ ਜਾਵੇ ਤਾਂ ਸਵੱਛਤ ਭਾਰਤ ਅਭਿਆਨ ਦਾ ਨਾਅਰਾ ਹੋਰਡਿੰਗ ਬੋਰਡਾਂ ਤੱਕ ਹੀ ਸੀਮਤ ਰਹਿ ਗਿਆ, ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੂੰ ਸ਼ਹਿਰ ਦੇ ਵਸਨੀਕਾਂ ਨੇ ਦੱਸਿਆ ਕਿ ਸੀਵਰੇਜ਼ ਪਾਉਣ ਦੀ ਮੰਗ ਰਾਜਨੀਤਕਿ ਪਾਰਟੀ ਦੇ ਆਗੂਆਂ ਤੋਂ ਕਈ ਵਾਰ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ ਨੇ ਨਾਭਾ ਵਾਸੀਆਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਦਾ ਖਮਿਆਜਾ ਨਾਭਾ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜਾਂ ਦੇ ਦਾਅਵੇ ਵਾਅਦੇ ਸਬ ਖੋਖਲੇ ਸਾਬਿਤ ਹੋਏ ਹਨ। ਨਾਭੇ ਸ਼ਹਿਰਾਂ—ਪਿੰਡਾਂ ਵਿੱਚ ਕੋਈ ਬਦਲਾਵ ਨਹੀਂ ਆਇਆ। ਸਿਰਫ ਨਾਭੇ ਦਾ ਮੌਜੂਦਾ ਐਮ.ਐਲ.ਏ. ਸਾਈਕਲ ਤੋਂ ਗੱਡੀਆਂ ਤੇ ਆ ਗਿਆ ਹੈ। ਨਾਭੇ ਸ਼ਹਿਰ ਦੇ ਲੋਕ ਆਪਣੇ ਆਪ ਨੂੰ ਠੱਗੇ ਤੇ ਗੁੰਮਰਾਹ ਹੋਏ ਮਹਿਸੂਸ ਕਰ ਰਹੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਨਾਭਾ ਸ਼ਹਿਰ ਦੇ ਹਵਾਲਾ ਨੂੰ ਅਤਿ ਚਿੰਤਾਯੋਗ ਤੇ ਤਰਸਯੋਗ ਦੱਸਦਿਆ ਕਿਹਾ ਕਿ ਨਾਭੇ ਵਿੱਚ ਸੀਵਰੇਜ਼ ਪਾਉਣ ਦਾ ਕੰਮ ਸਰਕਾਰ ਵਲੋਂ ਜਲਦ ਸ਼ੁਰੂ ਨਾ ਕੀਤਾ ਤਾਂ ਨਾਭੇ ਵਾਸੀਆਂ ਨੂੰ ਨਾਲ ਲੈ ਕੇ ਸੜਕਾਂ ਤੇ ਉੱਤਰ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਕੇਵਲ ਸਿੰਘ, ਸੁਰਜੀਤ ਸਿੰਘ, ਬੰਟੀ ਸਿੰਘ, ਸੁਖਦੇਵ ਸਿੰਘ, ਲਕਸ਼ਮੀ, ਚਮਕੌਰ ਸਿੰਘ, ਗੁਰਦੀਪ ਸਿੰਘ, ਹਰਮੀਤ ਸਿੰਘ, ਜਗਦੀਸ਼ ਰਾਮ, ਮੱਖਣ ਸਿੰਘ, ਜਗਜੀਤ ਸਿੰਘ, ਲੀਲਾ ਬਾਬਾ, ਧਰਮਪਾਲ, ਮੋਹਨ ਲਾਲ, ਅਰੂਨ ਸਿੰਘ, ਉੱਦਮ ਸਿੰਘ, ਜਰਨੈਲ ਸਿੰਘ, ਅਮਰ ਸਿੰਘ, ਭੋਲਾ ਖਾਨ, ਜੁਜਾਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *