ਪੰਜਾਬ

‘ਆਪ’ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਪਾਰਕ ‘ਚ ਜਾ ਕੇ ਬਜ਼ੁਰਗਾਂ ਦੇ ਦਿਲ ਦੀ ਸੁਣੀ

ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਦੀ ਤਰ੍ਹਾਂ ਫੋਕੇ ਬਿਆਨ ਨਹੀਂ ਹਕੀਕਤ ਵਿੱਚ ਕੰਮ ਕਰ ਕੇ ਦਿਖਾਏਗੀ ‘ਆਪ’ : ਸ਼ੇਰਗਿੱਲ
ਐੱਸ.ਏ.ਐੱਸ. ਨਗਰ, 3 ਸਤੰਬਰ (ਮਧੂਸਾਰ ਬਿਊਰੋ)
‘ਕਹਿੰਦੇ ਨੇ ਜਿਹੜਾ ਬੰਦਾ ਆਪਣੇ ਬਜ਼ੁਰਗਾਂ ਦੀ ਗੱਲ ਸੁਣ ਕੇ ਕੋਈ ਕੰਮ ਕਰਦਾ ਹੈ, ਉਹ ਜ਼ਰੂਰ ਸਫ਼ਲ ਹੁੰਦਾ ਹੈ।’ ਅਜਿਹਾ ਹੀ ਕੁਝ ਸੋਚ ਕੇ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਸਵੇਰ ਸਮੇਂ ਸ਼ਹਿਰ ਮੋਹਾਲੀ ਦੇ ਪਾਰਕਾਂ ਵਿੱਚ ਜਾ ਕੇ ਬਜ਼ੁਰਗਾਂ ਨੂੰ ਮਿਲ ਕੇ ਉਨ੍ਹਾਂ ਦੇ ਵਿਚਾਰ ਸੁਣਨ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦੇ ਤਹਿਤ ਉਨ੍ਹਾਂ ਅੱਜ ਫੇਜ਼ 11 ਦੇ ਪਾਰਕ ਵਿੱਚ ਸੈਰ ਕਰ ਰਹੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸ਼ੇਰਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਪਾਰਕ ਵਿੱਚ ਬਜ਼ੁਰਗਾਂ ਨਾਲ ਸਵੇਰ ਦੀ ਸੈਰ ਸਮੇਂ ਮੁਲਾਕਾਤ ਦੌਰਾਨ ਕਾਫ਼ੀ ਸੁਝਾਅ ਮਿਲੇ ਹਨ ਜੋ ਕਿ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵੀ ਜਾ ਕੇ ਸਾਂਝੇ ਕਰਨਗੇ। ਉਨ੍ਹਾਂ ਬਜ਼ੁਰਗਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣ ਸਬੰਧੀ ਕੀਤੇ ਗਏ ਸੁਧਾਰਾਂ ਬਾਰੇ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਦੀ ਤਰ੍ਹਾਂ ਅਖ਼ਬਾਰਾਂ ਰਾਹੀਂ ਫੋਕੇ ਬਿਆਨ ਨਹੀਂ ਦਾਗੇ ਜਾਣਗੇ। ਹਰ ਵਾਰ ਚੋਣਾਂ ਨੇੜੇ ਆਉਂਦੀਆਂ ਦੇਖ ਇਨ੍ਹਾਂ ਰਵਾਇਤੀ ਰਾਜਨੀਤਕ ਪਾਰਟੀਆਂ ਦੇ ਆਗੂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ, ਰੋਜ਼ਗਾਰ ਦੇ ਸਾਧਨ ਪੈਦਾ ਕਰਨ, ਸਿੱਖਿਆ ਦਾ ਪਸਾਰਾ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਪ੍ਰੰਤੂ ਇਨ੍ਹਾਂ ਦੀ ਸਰਕਾਰ ਬਣਦਿਆਂ ਸਾਰ ਹੀ ਤੇਵਰ ਬਦਲ ਜਾਂਦੇ ਹਨ ਅਤੇ ਦੇਖਦੇ ਹੀ ਦੇਖਦਿਆਂ ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਦੀ ਸੰਖਿਆ ਸਰਕਾਰੀ ਸਕੂਲ ਸਕੂਲਾਂ ਤੋਂ ਕਈ ਗੁਣਾਂ ਵੱਧ ਜਾਂਦੀ ਹੈ। ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਵਿੱਚ ਲਗਾ ਕੇ ਪੰਜਾਬ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ। ਗਰੀਬ ਲੋਕਾਂ ਲਈ ਆਟਾ ਦਾਲ ਸਕੀਮ ਚਲਾ ਕੇ ਉਨ੍ਹਾਂ ਨੂੰ ਰੋਜ਼ਗਾਰ ਤੋਂ ਵਿਰਵੇ ਰੱਖਿਆ ਜਾ ਰਿਹਾ ਹੈ।
ਸ਼ੇਰਗਿੱਲ ਨੇ ਕਿਹਾ ਕਿ ਜਿਹੜੇ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਪਿਛਲੇ 70 ਸਾਲ ਵਿੱਚ ਪੰਜਾਬ ਦਾ ਕੁਝ ਨਹੀਂ ਸੁਧਾਰ ਸਕੀਆਂ ਉਨ੍ਹਾਂ ਤੋਂ ਭਵਿੱਖ ਵਿੱਚ ਵੀ ਕੋਈ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਪੂਰਾ ਸਹਿਯੋਗ ਦੇਣ ਅਤੇ ‘ਆਪ’ ਦੀ ਸਰਕਾਰ ਬਣਨ ‘ਤੇ ਹਕੀਕਤ ਵਿੱਚ ਕੰਮ ਕਰ ਕੇ ਦਿਖਾਏ ਜਾਣਗੇ।
ਇਸ ਮੌਕੇ ਬਿਕਰਮ ਸਿੰਘ ਬਾਜਵਾ, ਜੈਕਾਰ ਸਿੰਘ, ਪ੍ਰੇਮ ਸਿੰਘ ਗੁਰਦਾਸਪੁਰੀ, ਐਮ.ਐਸ. ਬਾਠ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *