ਮੁੱਖ ਮੰਤਰੀ ਰੇਖਾ ਗੁਪਤਾ ਨੇ ਪੇਸ਼ ਕੀਤਾ ਦਿੱਲੀ ਸਰਕਾਰ ਦਾ 1,03,700 ਕਰੋੜ ਰੁਪਏ ਦਾ ਬਜਟ
ਨਵੀਂ ਦਿੱਲੀ 24 ਮਾਰਚ (ਮਧੂਸਾਰ ਬਿਊਰੋ) ਦਿੱਲੀ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਵਿੱਤੀ ਸਾਲ 2026-27 ਲਈ 1,03,700 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ “ਟਿ੍ਰਪਲ ਇੰਜਣ” ਸਰਕਾਰ ਨਾਲ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ। ਇਸ ਨੂੰ “ਗ੍ਰੀਨ ਬਜਟ” ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਬਦਲਾਅ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ “ਮੁਫ਼ਤ ਦੀ ਰਾਜਨੀਤੀ” ਦੇ ਸੱਭਿਆਚਾਰ ਨੇ ਵਿਕਾਸ ਦਰ ਨੂੰ ਪ੍ਰਭਾਵਿਤ ਕੀਤਾ ਸੀ। ਬਜਟ ਵਿੱਚ ਟੈਕਸ ਤੋਂ 74,000 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਹੈ, ਜਦਕਿ ਦਿੱਲੀ ਨਗਰ ਨਿਗਮ ਲਈ 11,666 ਕਰੋੜ ਰੁਪਏ ਰੱਖੇ ਗਏ ਹਨ। ਬੁਨਿਆਦੀ ਢਾਂਚਾ ਅਤੇ ਸੜਕਾਂ: ਲੋਕ ਨਿਰਮਾਣ ਵਿਭਾਗ ਲਈ 5,921 ਕਰੋੜ ਰੁਪਏ ਅਤੇ ਸ਼ਹਿਰੀ ਵਿਕਾਸ ਲਈ 7,887 ਕਰੋੜ ਰੁਪਏ ਅਲਾਟ ਕੀਤੇ ਗਏ ਹਨ। 750 ਕਿਲੋਮੀਟਰ ਸੜਕਾਂ ਨੂੰ ਧੂੜ-ਮੁਕਤ ਬਣਾਉਣ ਅਤੇ ਦੁਬਾਰਾ ਬਣਾਉਣ ਲਈ 1,352 ਕਰੋੜ ਰੁਪਏ ਖਰਚੇ ਜਾਣਗੇ। ਬਿਜਲੀ ਅਤੇ ਪਾਣੀ: ਬਿਜਲੀ ਵਿਭਾਗ ਲਈ 3,942 ਕਰੋੜ ਰੁਪਏ ਰੱਖੇ ਗਏ ਹਨ, ਜਿਸ ਵਿੱਚੋਂ 200 ਕਰੋੜ ਰੁਪਏ ਸਿਰਫ਼ ਸਿਰਾਂ ਦੇ ਉੱਪਰੋਂ ਲੰਘਦੀਆਂ ਤਾਰਾਂ ਹਟਾਉਣ ਲਈ ਹਨ। ਦਿੱਲੀ ਜਲ ਬੋਰਡ ਨੂੰ 9,000 ਕਰੋੜ ਰੁਪਏ ਦਿੱਤੇ ਗਏ ਹਨ ਤਾਂ ਜੋ ਕਿਸੇ ਨੂੰ ਪਾਣੀ ਦੇ ਟੈਂਕਰਾਂ ਲਈ ਲਾਈਨ ਵਿੱਚ ਨਾ ਲੱਗਣਾ ਪਵੇ।
ਇਲਾਕਾਈ ਵਿਕਾਸ: ਟ੍ਰਾਂਸ-ਯਮੁਨਾ ਖੇਤਰ ਲਈ 300 ਕਰੋੜ ਅਤੇ ਦਿੱਲੀ ਗ੍ਰਾਮ ਵਿਕਾਸ ਬੋਰਡ ਲਈ 787 ਕਰੋੜ ਰੁਪਏ ਦਿੱਤੇ ਗਏ ਹਨ। ਨਜਫ਼ਗੜ੍ਹ ਡਰੇਨ ਲਈ 454 ਕਰੋੜ ਰੁਪਏ ਰੱਖੇ ਗਏ ਹਨ। ਸੁਰੱਖਿਆ: ਅੱਗ ਬੁਝਾਉਣ ਵਾਲੇ ਢਾਂਚੇ ਨੂੰ ਮਜ਼ਬੂਤ ਕਰਨ ਲਈ 674 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਤਾਂ ਜੋ ਤੰਗ ਗਲੀਆਂ ਵਿੱਚ ਅੱਗ ’ਤੇ ਕਾਬੂ ਪਾਇਆ ਜਾ ਸਕੇ। ਉਦਯੋਗਿਕ ਵਿਕਾਸ: ਪਹਿਲੀ ਵਾਰ ਗੈਰ-ਅਨੁਕੂਲ ਉਦਯੋਗਿਕ ਖੇਤਰਾਂ ਦੇ ਵਿਕਾਸ ਲਈ 160 ਕਰੋੜ ਰੁਪਏ ਰੱਖੇ ਗਏ ਹਨ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਮੋਦੀ ਮਿੱਲ ਫਲਾਈਓਵਰ ਨੂੰ ਕਾਲਕਾਜੀ ਅਤੇ ਸਾਵਿਤਰੀ ਸਿਨੇਮਾ ਚੌਕ ਤੱਕ ਵਧਾਉਣ ਲਈ 151 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਕਰਮਚਾਰੀਆਂ ਲਈ ਇੱਕ ਏਕੀਕ੍ਰਿਤ ਸਕੱਤਰੇਤ ਅਤੇ ਰਿਹਾਇਸ਼ੀ ਕੰਪਲੈਕਸ ਵੀ ਬਣਾਇਆ ਜਾਵੇਗਾ।

