ਮੰਡੀਆਂ ‘ਚ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ, ਕਿਸਾਨਾਂ ਨੂੰ ਸਮੇਂ ਸਿਰ ਹੋਵੇਗੀ ਅਦਾਇਗੀ : ਰੱਖੜਾ
ਚੇਅਰਮੈਨ ਆਕੜੀ ਦੀ ਅਗਵਾਈ ‘ਚ ਮੰਤਰੀ ਰੱਖੜਾ ਦਾ ਕੀਤਾ ਸਨਮਾਨ
ਪਟਿਆਲਾ, 29 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਮੰਡੀ ਵਿਚ ਕਿਸਾਨਾਂ ਵੱਲੋਂ ਲਿਆਂਦਾ ਗਿਆ ਇਕ ਇਕ ਦਾਣਾ ਖਰੀਦਿਆ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਤੇ ਉਚੇਰੀ ਸਿੱਖਿਆ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਨੇ ਕੀਤਾ ਹੈ।
ਅੱਜ ਇਥੇ ਮਾਰਕੀਟ ਕਮੇਟੀ ਦਫਤਰ ਵਿਚ ਚੇਅਰਮੈਨ ਨਰਦੇਵ ਸਿੰਘ ਆਕੜੀ ਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਰਣਧੀਰ ਸਿੰਘ ਰੱਖੜਾ ਦੀ ਅਗਵਾਈ ‘ਚ ਰੱਖੇ ਸੰਖੇਪ ਸਨਮਾਨ ਸਮਾਗਮ ਮਗਰੋਂ ਗੱਲਬਾਤ ਕਰਦਿਆਂ ਸ੍ਰੀ ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਦੇ ਢੁਕਵੇਂ ਪ੍ਰਬੰਧ ਕੀਤੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜਿਣਸ ਦੀ ਅਦਾਇਗੀ ਕਰਨ ਵਾਸਤੇ ਲਿਮਟ ਦਾ ਪ੍ਰਬੰਧ ਵੀ ਹੋ ਗਿਆ ਹੈ ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਖਰੀਦ ਏਜੰਸੀਆਂ ਦੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਾ ਆਵੇ।
ਟਰੈਕਟਰ ਟਰਾਲੀਆਂ ਨੂੰ ਝੋਨੇ ਦੀ ਟਰਾਂਸਪੋਰਟੇਸ਼ਨ ਵਾਸਤੇ ਵਰਤਣ ਬਾਰੇ ਸਵਾਲ ਦੇ ਜਵਾਬ ਵਿਚ ਸ੍ਰੀ ਰੱਖੜਾ ਨੇ ਦੱਸਿਆ ਕਿ ਇਸ ਤਜਵੀਜ਼ ‘ਤੇ ਵਿਚਾਰ ਹਾਲੇ ਕੀਤਾ ਜਾ ਰਿਹਾ ਤੇ ਅੰਤਿਮ ਫੈਸਲਾ ਲਿਆ ਜਾਣਾ ਬਾਕੀ ਹੈ।
ਇਸ ਮੌਕੇ ਚੇਅਮਰੈਨ ਨਰਦੇਵ ਸਿੰਘ ਆਕੜੀ ਦੀ ਅਗਵਾਈ ਵਿਚ ਸ੍ਰੀ ਰੱਖੜਾ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਆਕੜੀ ਨੇ ਦੱਸਿਆ ਕਿ ਮੰਡੀ ਵਿਚ ਸਫਾਈ ਦਾ ਪ੍ਰਬੰਧ ਮੁਕੰਮਲ ਹੋ ਗਿਆ ਹੈ ਤੇ ਮੰਡੀ ਵਿਚ ਆਉਂਦੀ ਸੜਕ ‘ਤੇ ਪੈਚ ਵਰਕ ਵਾਸਤੇ ਵੀ ਹਦਾਇਤਾਂ ਹੋ ਗਈਆਂ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਹੀਂ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਤਰਪਾਲਾਂ ਦਾ ਢੁਕਵਾਂ ਪ੍ਰਬੰਧ ਕਰਨ ਵਾਸਤੇ ਵੀ ਆਖਿਆ ਗਿਆ ਹੈ।
ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਠੇਕੇਦਾਰ ਸੁਰਜੀਤ ਸਿੰਘ ਹਸਨਪੁਰ, ਸਕੱਤਰ ਗੁਰਿੰਦਰਪਾਲ ਸਿੰਘ, ਬਲਵਿੰਦਰ ਸਿੰਘ ਦੌਣਕਲਾਂ, ਨਿਰਮਲਜੀਤ ਸਿੰਘ ਮੰਜਾਲ, ਦਵਿੰਦਰ ਸਿੰਘ ਸੁਪਰਡੈਂਟ, ਸੁਖਵਿੰਦਰ ਸਿੰਘ ਗਾਗੂ ਤੇ ਹੋਰ ਪਤਵੰਤੇ ਹਾਜ਼ਰ ਸਨ।

