ਖ਼ਾਲਸਾ ਯੂਨੀਵਰਸਿਟੀ ਨੇ ਗਵਰਨਿੰਗ ਬਾਡੀ ਦੇ ਅਹੁੱਦੇਦਾਰਾਂ ਦਾ ਕੀਤਾ ਐਲਾਨ
ਮਜੀਠੀਆ, ਛੀਨਾ, ਸਾਬਕਾ ਪੀ. ਏ. ਯੂ. ਵੀ. ਸੀ. ਔਲਖ ਅਤੇ ਨਾਮਵਰ ਨਾਟਕਕਾਰ ਜਤਿੰਦਰ ਬਰਾੜ ਬਣੇ ਮੈਂਬਰ
ਸਰਵਉੱਚ ‘ਵਰਸਿਟੀ ਵਜੋਂ ਉਭਰ ਕੇ ਸਾਹਮਣੇ ਆਏਗੀ ਕੇ. ਯੂ. : ਸ: ਮਜੀਠੀਆ
ਅੰਮ੍ਰਿਤਸਰ, 7 ਅਕਤੂਬਰ (ਮਧੂਸਾਰ ਬਿਊਰੋ)
ਖ਼ਾਲਸਾ ਯੂਨੀਵਰਸਿਟੀ ਦੀ ਮੈਨੇਜ਼ਮੈਂਟ ਨੇ ਆਪਣੀਆਂ ਪ੍ਰਸ਼ਾਸ਼ਨਿਕ ਗਤੀਵਿਧੀਆਂ ਹੋਰ ਤੇਜ਼ ਕਰਦਿਆਂ ਅੱਜ ਗਵਰਨਿੰਗ ਬਾਡੀ, ਜੋ ਕਿ ਕਿਸੇ ਵੀ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਬਰਾਬਰ ਦੀ ਕਮੇਟੀ ਹੈ, ਦੇ ਅਹੁੱਦੇਦਾਰਾਂ ਦਾ ਐਲਾਨ ਕੀਤਾ। ਇਹ ਅਹੁੱਦੇਦਾਰ ਖ਼ਾਲਸਾ ਯੂਨੀਵਰਸਿਟੀਸ ਬਿੱਲ-2016 ਅਧੀਨ ਚਾਂਸਲਰ ਸ: ਸੱਤਿਆਜੀਤ ਸਿੰਘ ਮਜੀਠੀਆ ਦੁਆਰਾ ਆਪਣਾ ਅਧਿਕਾਰਾਂ ਦੀ ਵਰਤੋਂ ਕਰਦਿਆਂ ਘੋਸ਼ਿਤ ਕੀਤੇ ਗਏ, ਜਿਨ੍ਹਾਂ ‘ਚ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਸਕੱਤਰ ਰੌਸ਼ਨ ਸੰਕਾਰੀਆ ਵੀ ਮੈਂਬਰ ਹੋਣਗੇ।
‘ਵਰਸਿਟੀ ਦੇ ਪ੍ਰੋ-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉੱਪ ਕੁਲਪਤੀ ਡਾ. ਕ੍ਰਿਪਾਲ ਸਿੰਘ ਔਲਖ, ਨਾਮਵਰ ਨਾਟਕਕਾਰ ਸ: ਜਤਿੰਦਰ ਬਰਾੜ ਵੀ ਇਸ ਉੱਚ ਪੱਧਰੀ ਕਮੇਟੀ ਦੇ ਮੈਂਬਰ ਨਿਯੁਕਤ ਹੋਏ। ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਐੱਸ. ਐੱਸ. ਚਾਹਲ, ਸ: ਚਰਨਜੀਤ ਸਿੰਘ ਚੱਢਾ ਤੋਂ ਇਲਾਵਾ ਸੀ. ਆਈ. ਆਈ. ਦੇ ਸਾਬਕਾ ਰਿਜ਼ਨਲ ਹੈੱਡ ਅਤੇ ਈਕੋ ਅੰਮ੍ਰਿਤਸਰ ਦੇ ਮੁੱਖੀ ਅਤੇ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ ਵਿੱਤ ਸਕੱਤਰ ਸ: ਗੁਨਬੀਰ ਸਿੰਘ ਵੀ ਕਮੇਟੀ ਦੇ ਮੈਂਬਰ ਬਣੇ।
ਉਪਰੋਕਤ ਤੋਂ ਇਲਾਵਾ ਸਾਬਕਾ ਵਿਧਾਇਕ ਸ: ਸਵਿੰਦਰ ਸਿੰਘ ਕੱਥੂਨੰਗਲ, ਉੱਘੇ ਸਨੱਅਤਕਾਰ ਸ: ਹਰਮਿੰਦਰ ਸਿੰਘ ਫ੍ਰੀਡੰਮ ਦੇ ਨਾਮ ਵੀ ਕਮੇਟੀ ਦੇ ਮੈਂਬਰ ਵਜੋਂ ਜ਼ਿਕਰਯੋਗ ਹਨ। ‘ਵਰਸਿਟੀ ਦੇ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਇਸ ਬਾਡੀ ਦੇ ਐਕਸ ਆਫ਼ੀਸਿਓ ਮੈਂਬਰ ਹੋਣਗੇ। ਜਦ ਕਿ ਯੂਨੀਵਰਸਿਟੀ ਦੀ ਬੋਰਡ ਆਫ਼ ਮੈਨੇਜ਼ਮੈਂਟ ਦੀ ਘੋਸ਼ਣਾ ਅੱਜ ਕੀਤੀ ਗਈ ਜਿਸ ‘ਚ ਸ: ਮਜੀਠੀਆ, ਸ: ਛੀਨਾ, ਵੀ. ਸੀ. ਚਾਹਲ ਤੋਂ ਇਲਾਵਾ ਸ: ਅਜ਼ਮੇਰ ਸਿੰਘ ਹੇਰ, ਪ੍ਰਿੰਸੀਪਲ ਜਗਦੀਸ਼ ਸਿੰਘ, ਸ: ਨਿਰਮਲ ਸਿੰਘ ਅਤੇ ਪੰਜਾਬ ਇੰਡਸਟਰੀ ਬੋਰਡ ਦੇ ਸਾਬਕਾ ਡਿਪਟੀ ਚੀਫ਼ ਬਾਰਡਰ ਰੇਂਜ਼ ਇੰਜ਼: ਪਰਮਜੀਤ ਸਿੰਘ ਬੱਲ ਇਸ ਬੋਰਡ ਜੋ ਕਿ ਸੈਨੇਟ ਦੇ ਬਰਾਬਰ ਦੀ ਸੰਸਥਾ ਹੈ, ਦੇ ਮੈਂਬਰ ਬਣੇ ਹਨ।
ਇਸ ਮੌਕੇ ‘ਵਰਸਿਟੀ ਦੇ ਚਾਂਸਲਰ ਸ: ਮਜੀਠੀਆ ਅਤੇ ਪ੍ਰੋ-ਚਾਂਸਲਰ ਸ: ਛੀਨਾ ਨੇ ਨਵਨਿਯੁਕਤ ਸਮੂਹ ਅਹੁੱਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਦੀ ਯੋਗ ਅਗਵਾਈ ‘ਚ ਯੂਨੀਵਰਸਿਟੀ ਦਿਨ-ਦੁਗਣੀ ਰਾਤ ਚੋਗੁਣੀ ਤਰੱਕੀ ਕਰੇਗੀ। ਸ: ਮਜੀਠੀਆ ਨੇ ਕਿਹਾ ਕਿ ‘ਵਰਸਿਟੀ ਦਾ ਮਨੋਰਥ ਖੋਜ਼ ਭਰਪੂਰ ਵਿੱਦਿਆ ਨੂੰ ਪ੍ਰੋਤਸ਼ਾਹਿਤ ਕਰਨਾ ਅਤੇ ਪ੍ਰੋਫੈਸ਼ਨਲ ਕੋਰਸਾਂ ਦੀ ਸ਼ੁਰੂਆਤ ਕਰਨਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਬਹੁਤ ਜਲਦ ਖ਼ਾਲਸਾ ਯੂਨੀਵਰਸਿਟੀ ਇਕ ਵਰਲਡ ਕਲਾਸ ਯੂਨੀਵਰਸਿਟੀ ਵਜੋਂ ਉਭਰ ਕੇ ਸਾਹਮਣੇ ਆਵੇਗੀ।

