ਕਰਨਾਟਕ ਦੇ ਗ੍ਰਹਿ ਮੰਤਰੀ ਪਿ੍ਰਯਾਂਕ ਖੜਗੇ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ, ਲੱਗਾ ਇਹ ਦੋਸ਼
ਬੈਂਗਲੁਰੂ 11 ਨਵੰਬਰ (ਮਧੂਸਾਰ ਬਿਊਰੋ) ਫਰਜ਼ੀ ਖ਼ਬਰਾਂ ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਅਤੇ ਸਮਾਜਿਕ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕਰਨਾਟਕ ਦੇ ਗ੍ਰਹਿ ਮੰਤਰੀ ਪਿ੍ਰਯਾਂਕ ਖੜਗੇ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਤੇਜਸ ਏ. ਗੌੜਾ ਨਾਂ ਦੇ ਵਿਅਕਤੀ ਨੇ ਮੰਗਲਵਾਰ ਨੂੰ ਬਨਸ਼ੰਕਰੀ ਪੁਲਸ ਥਾਣੇ ’ਚ ਇਹ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿਚ ਖੜਗੇ ’ਤੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਰਾਹੀਂ ਹਾਲ ਹੀ ਵਿਚ ਬਿਹਾਰ ਤੇ ਹਰਿਆਣਾ ’ਚ ਵੱਡੀ ਮਾਤਰਾ ਵਿਚ ਕਾਰਤੂਸ ਬਰਾਮਦ ਹੋਣ ਦੇ ਮਾਮਲੇ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੋੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ।
ਸ਼ਿਕਾਇਤਕਰਤਾ ਨੇ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਆਪਣੀ ਸ਼ਿਕਾਇਤ ਵਿਚ ਗੌੜਾ ਨੇ ਦੋਸ਼ ਲਾਇਆ ਕਿ ਪਿ੍ਰਯਾਂਕ ਖੜਗੇ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਬਿਹਾਰ ਤੇ ਹਰਿਆਣਾ ਵਿਚ ਲੱਗਭਗ 44,250 ਕਾਰਤੂਸਾਂ ਦੀ ਬਰਾਮਦਗੀ ਨੂੰ ਆਰ. ਐੱਸ. ਐੱਸ. ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਤੇਜਸ ਗੌੜਾ ਨੇ ਦੋਸ਼ ਲਾਇਆ,‘‘ਆਪਣੇ ਬਿਆਨਾਂ ਤੇ ਇਸ਼ਾਰਿਆਂ ਰਾਹੀਂ ਉਨ੍ਹਾਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਰ. ਐੱਸ. ਐੱਸ. ਦਾ ਇਸ ਕਥਿਤ ਅਪਰਾਧਕ ਸਰਗਰਮੀ ਨਾਲ ਸਬੰਧ ਹੈ।’’ ਉਨ੍ਹਾਂ ਕਿਹਾ ਕਿ ਮੰਤਰੀ ਨੇ ਇਹ ਜਾਣਦੇ ਹੋਏ ਵੀ ਜਾਣ-ਬੁੱਝ ਕੇ ਗੁੰਮਰਾਹਕੁੰਨ ਜਾਣਕਾਰੀ ਪ੍ਰਸਾਰਤ ਕੀਤੀ ਕਿ ਇਸ ਦੇ ਤੱਥ ਗਲਤ ਹਨ।

