ਪੰਜਾਬ ’ਚ ਆਪ ਦੀ ਪੁਸ਼ਤਪਨਾਹੀ ਹੇਠ ਨਸ਼ੇ ਵਿਕ ਰਹੇ ਹਨ: ਹਰਸਿਮਰਤ ਕੌਰ ਬਾਦਲ
ਆਪ ਵਰਕਰਾਂ ਕੋਲੋਂ ਨਸ਼ਾ ਬਰਾਮਦ ਹੋਣ ਤੇ ਉਹਨਾਂ ਨੂੰ ਛੁਡਾਉਣ ਲਈ ਕੀਤੇ ਯਤਨਾਂ ਦਾ ਹਵਾਲਾ ਦੇ ਕੇ ਆਪਣੀ ਗੱਲ ਰੱਖੀ
ਬੱਸੀ ਪਠਾਣਾ ਤੇ ਸਮਰਾਲਾ ਵਿਖੇ ਔਰਤਾਂ ਦੀਆਂ ਵਿਸ਼ਾਲ ਕਾਨਫਰੰਸਾਂ ਨੂੰ ਕੀਤਾ ਸੰਬੋਧਨ
ਫਤਿਹਗੜ੍ਹ ਸਾਹਿਬ/ਲੁਧਿਆਣਾ,(ਮਧੂਸਾਰ ਬਿਊਰੋ) 17 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਪੁਸ਼ਤਪਨਾਹੀ ਹੇਠ ਨਸ਼ੇ ਵੇਚੇ ਜਾ ਰਹੇ ਹਨ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਹਾਲ ਹੀ ਵਿਚ ਆਪ ਦੇ ਵਰਕਰਾਂ ਤੋਂ ਨਸ਼ਿਆਂ ਦਾ ਫੜਿਆ ਜਾਣਾ ਤੇ ਸਰਕਾਰ ਵੱਲੋਂ ਮੁਲਜ਼ਮਾਂ ਨੂੰ ਬਚਾਉਣ ਵਾਸਤੇ ਪੱਬਾਂ ਭਾਰ ਹੋਣਾ ਇਸ ਗੱਲ ਦਾ ਪ੍ਰਤੱਖ ਸਬੂਤ ਹਨ। ਬਠਿੰਡਾ ਦੇ ਐਮ ਪੀ ਨੇ ਬੱਸੀ ਪਠਾਣਾ ਤੇ ਸਮਰਾਲਾ ਵਿਚ ਔਰਤਾਂ ਦੀਆਂ ਵਿਸ਼ਾਲ ਕਾਨਫਰੰਸਾਂ ਨੂੰ ਸੰਬੋਧਨ ਕੀਤਾ ਜਿਸ ਦੌਰਾਨ ਔਰਤਾਂ ਨੇ ਮੰਗ ਕੀਤੀ ਕਿ ਅਕਾਲੀ ਦਲ ਇਸ ਬੁਰਾਈ ਦੇ ਖ਼ਾਤਮੇ ਵਾਸਤੇ ਮੁਹਿੰਮ ਦੀ ਅਗਵਾਈ ਕਰੇ ਕਿਉਂਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਤਾਂ ਇਸ ਮੁਹਾਜ਼ ’ਤੇ ਫੇਲ੍ਹ ਸਾਬਤ ਹੋਈਆਂ ਹਨ। ਸਰਦਾਰਨੀ ਬਾਦਲ ਨੇ ਭਰੋਸਾ ਦੁਆਇਆ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਇਸਦਾ ਮੁਕੰਮਲ ਖ਼ਾਤਮਾ ਕਰਾਂਗੇ।
ਆਪ ਦੇ ਆਗੂਆਂ ਦੇ ਨਸ਼ਿਆਂ ਨਾਲ ਫੜੇ ਜਾਣ ਦੀ ਗੱਲ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪ ਦੇ ਪਿੰਡ ਕਲਸੀਆਂ ਦੇ ਸਰਪੰਚ ਪਰਮਿੰਦਰ ਸਿੰਘ ਨੂੰ 1600 ਕਰੋੜ ਰੁਪਏ ਮੁੱਲ ਦੀ ਹੈਰੋਇਨ ਤੇ ਹੋਰ ਨਸ਼ਿਆਂ ਨਾਲ ਫੜਿਆ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਦੇ ਮਜੀਠੀਆ ਹਲਕੇ ਦੇ ਯੂਥ ਪ੍ਰਧਾਨ ਲਵਪ੍ਰੀਤ ਸਿੰਘ ਨੂੰ 100 ਕਰੋੜ ਰੁਪਏ ਦੇ ਨਸ਼ੇ ਨਾਲ ਫੜਿਆ ਗਿਆ ਪਰ ਸਰਕਾਰ ਨੇ ਅਦਾਲਤ ਵਿਚ ਚਲਾਨ ਹੀ ਪੇਸ਼ ਨਹੀਂ ਕੀਤਾ ਜਿਸ ਕਾਰਨ ਉਸਦੀ ਜ਼ਮਾਨਤ ਹੋ ਗਈ। ਉਹਨਾਂ ਕਿਹਾ ਕਿ ਅਜਿਹੇ ਵੀ ਮਾਮਲੇ ਹਨ ਜਿਥੇ ਆਪ ਕੌਂਸਲਰ ਦੇ ਪੁੱਤਰ ਨੂੰ 500 ਕਰੋੜ ਰੁਪਏ ਦੇ ਨਸ਼ਿਆਂ ਨਾਲ ਫੜਿਆ ਗਿਆ ਅਤੇ ਅੰਮ੍ਰਿਤਸਰ ਵਿਚ ਆਪ ਕੌਂਸਲਰ ਨੂੰ 100 ਕਰੋੜ ਰੁਪਏ ਦੇ ਨਸ਼ੇ ਨਾਲ ਫੜਿਆ ਗਿਆ। ਉਹਨਾਂ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਆਪ ਸਰਕਾਰ ਦੀ ਮਿਲੀਭੁਗਤ ਨਾਲ ਨਸ਼ੇ ਸਰਗਰਮੀ ਨਾਲ ਵਿਕ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਰਕਾਰ ਨਸ਼ਾ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਨਾ ਤਾਂ ਕਿਸੇ ਵੱਡੇ ਨਸ਼ਾ ਤਸਕਰ ਨੂੰ ਫੜਿਆ ਗਿਆ ਹੈ ਤੇ ਨਾ ਹੀ ਕੋਈ ਨਸ਼ਾ ਬਣਾਉਣ ਵਾਲੇ ਕਾਰਖਾਨੇ ਨੂੰ ਬੇਨਕਾਬ ਕੀਤਾ ਗਿਆ ਹੈ। ਸਰਦਾਰਨੀ ਬਾਦਲ ਨੇ ਕਿਹਾ ਕਿ ਉਹਨਾਂ ਤੋਂ ਨਸ਼ਿਆਂ ਕਾਰਨ ਪੁੱਤ ਗੁਆਉਣ ਵਾਲੀਆਂ ਮਾਵਾਂ ਦੀਆਂ ਅੱਖਾਂ ਵਿਚ ਹੰਝੂ ਨਹੀਂ ਵੇਖੇ ਜਾਂਦੇ। ਉਹਨਾਂਕਿਹਾ ਕਿ ਆਪ ਸਰਕਾਰ ਨੇ ਮਾਵਾਂ ਦੇ ਹੰਝੂ ਪੂੱਝਣ ਵਾਸਤੇ ਕੱਖ ਨਹੀਂ ਕੀਤਾ ਤੇ ਮਾਵਾਂ ਨੂੰ ਆਪਣੇ ਪੁੱਤਰ ਸਰਿੰਜਾਂ ਨਾਲ ਸੜਕਾਂ ’ਤੇ ਮਰੇ ਪਏ ਵੇਖਣ ਦਾ ਸੰਤਾਪ ਹੰਢਾਉਣਾ ਪਿਆ। ਉਹਨਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਕਾਰਨ ਯਤੀਮ ਹੋਏ ਸਾਡੇ ਨੌਜਵਾਨ ਬੱਚਿਆਂ ਵਾਸਤੇ ਵੀ ਕੱਖ ਨਹੀ਼ ਕੀਤਾ ਤੇ ਨਾ ਹੀ ਕਾਤਲਾਂ ਨੂੰ ਸਜ਼ਾਵਾਂ ਦੇ ਕੇ ਉਹਨਾਂ ਨੂੰ ਨਿਆਂ ਦਿੱਤਾ।
ਉਹਨਾਂ ਕਿਹਾ ਕਿ ਭਾਵੇਂ ਇਹ ਬਹੁਤ ਲੰਬੀ ਤੇ ਔਖੀ ਲੜਾਈ ਹੈ ਪਰ ਸਾਨੂੰ ਇਹ ਲੜਨੀ ਪਵੇਗੀ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਉਹਨਾਂ ਖਿਲਾਫ ਇਹ ਲੜਾਈ ਲੜਨੀ ਪਵੇਗੀ ਜਿਹਨਾਂ ਨੇ ਸਾਡੇ ਪੁੱਤਰ ਮੌਤ ਦੇ ਮੂੰਹ ਵਿਚ ਧੱਕੇ। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਉਣ ਅਤੇ ਉਹਨਾਂ ਲੋਕਾਂ ਦਾ ਹਿਸਾਬ ਰੱਖਣ ਜੋ ਨਸ਼ੇ ਵੇਚਦੇ ਹਨ ਤੇ ਜੋ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਹਨ।ਉਹਨਾਂ ਕਿਹਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਇਕ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਬਣਾਵਾਂਗੇ ਜੋ ਇਹਨਾਂ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਵਾਈ ਕਰੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਇਕ ਨਵਾਂ ਕਾਨੂੰਨ ਲਿਆਵੇਗੀ ਜਿਸ ਨਾਲ ਨਸ਼ਾ ਤਸਕਰਾਂ ਨੂੰ 10 ਸਾਲਾਂ ਤੱਕ ਜ਼ਮਾਨਤ ਨਹੀਂ ਮਿਲੇਗੀ ਤੇ ਉਹਨਾਂ ਦੀਆਂ ਜਾਇਦਾਦਾਂ ਵੇਚ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਸਰਦਾਰਨੀ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੂੰ ਹਾਲੇ ਵੀ ਲੋਕਾਂ ਦੇ ਦੁੱਖ ਤਕਲੀਫਾਂ ਦੀ ਪਰਵਾਹ ਨਹੀਂ।ਬਜਾਏ ਮੁਸ਼ਕਿਲ ਨੂੰ ਸਮਝ ਕੇ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਦੇ ਸਰਕਾਰ ਹਾਲੇ ਵੀ ਖੰਡਨ ਕਰਨ ’ਤੇ ਲੱਗੀ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਸਰਕਾਰ ਨੇ ਭੰਮੇ ਕਲਾਂ ਦੇ ਦਲਜੀਤ ਸਿੰਘ ਦੀ ਲਾਸ਼ ਅਗਵਾ ਕਰ ਕੇ ਉਸਦੇ ਮਾਪਿਆਂ ਨੂੰ ਇਹ ਲਿਖਤੀ ਤੌਰ ’ਤੇ ਦੇਣ ਵਾਸਤੇ ਮਜਬੂਰ ਕੀਤਾ ਕਿ ਉਹਨਾਂ ਦੇ ਪੁੱਤਰ ਦਾ ਕਤਲ ਹੋਇਆ ਹੈ ਨਾ ਕਿ ਉਹ ਨਸ਼ਿਆਂ ਨਾਲ ਮਰਿਆ ਹੈ। ਉਹਨਾਂ ਦੱਸਿਆਕਿ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਸਦੀ ਹਾਜ਼ਰੀ ਵਿਚ ਨਸ਼ਿਆਂ ਖਿਲਾਫ ਰੋਸ ਪ੍ਰਦਰਸ਼ਨ ਵਾਲੇ ਮੋਹਣਜੀਤ ਸ਼ੇਰੋਂ ’ਤੇ ਤਸ਼ੱਦਦ ਢਾਹਿਆ। ਉਹਨਾਂ ਕਿਹਾ ਕਿ ਔਰਤਾਂ ਦਾ ਇਹ ਸਰਕਾਰ ਕਿਸ ਤਰੀਕੇ ਸਤਿਕਾਰ ਕਰਦੀ ਹੈ ਇਸਦਾ ਅੰਦਾਜ਼ਾ ਇਸ ਗੱਲੋਂ ਹੀ ਲਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਜ਼ਬਰ ਜਨਾਹ ਮਾਮਲਿਆਂ ਵਿਚ ਸ਼ਾਮਲ ਮੁਲਜ਼ਮ ਨੂੰ ਜੇਲ੍ਹ ਵਿਚੋਂ ਛੁਡਾਉਣ ਬਦਲੇ 5 ਕਰੋੜ ਰੁਪਏ ਦੀ ਰਿਸ਼ਵਤ ਲਈ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਹੌਂਸਲੇ ਸਾਰੇ ਹੱਦ ਬੰਨੇ ਟੱਪ ਗਏ ਹਨ। ਉਹਨਾਂ ਕਿਹਾ ਕਿ ਨਸ਼ੇ ਵੇਚਣ ਵਾਲੇ ਮੈਡੀਕਲ ਸਟੋਰ ਮਾਲਕ ਨੇ ਸ਼ਰ੍ਹੇਆਮ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ। ਪੀੜਤ ਪਰਿਵਾਰ ਵੱਲੋਂ 23 ਦਿਨਾਂ ਤੱਕ ਧਰਨਾ ਦੇਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਐਸ ਐਸ ਪੀ ਵੈਭਵ ਚੌਧਰੀ ਨੂੰ ਨਹੀਂ ਬਦਲਿਆ ਜਿਸਨੇ ਕਾਤਲ ਨੂੰ ਹਥਿਆਰਾਂ ਦੇ ਦੋ ਲਾਇਸੰਸ ਦਿੱਤੇ ਸਨ। ਇਸ ਮੌਕੇ ਬੱਸੀ ਪਠਾਣਾ ਵਿਚ ਦਰਬਾਰਾ ਸਿੰਘ ਗੁਰੂ, ਡਾ. ਰਣਜੀਤ ਕੌਰ ਗੁਰੂ, ਸ਼ਰਨਜੀਤ ਸਿੰਘ ਚਨਾਰਥਲ ਤੇ ਅਵਤਾਰ ਸਿੰਘ ਰਈਆ ਅਤੇ ਸਮਰਾਲਾ ਵਿਖੇ ਪਰਮਜੀਤ ਸਿੰਘ ਢਿੱਲੋਂ, ਪਰਮਜੀਤ ਕੌਰ ਕੰਗ ਇਸਤਰੀ ਵਿੰਗ ਹਲਕਾ ਪ੍ਰਧਾਨ, ਪ੍ਰਕਾਸ਼ ਕੌਰ, ਹਰਸ਼ਰਨ ਸਿੰਘ ਕੋਟਲਾ, ਸੁਖਪ੍ਰੀਤ ਕੌਰ ਪਤਨੀ ਪਰਮਜੀਤ ਸਿੰਘ, ਅਮਨਿੰਦਰ ਕੌਰ ਤੇ ਤੇਜਿੰਦਰ ਕੌਰ ਢਿੱਲੋਂ ਵੀ ਹਾਜ਼ਰ ਸਨ।

