ਪੰਜਾਬਪਟਿਆਲਾ

ਸੰਵੇਦਨਸ਼ੀਲਤਾ ਮਨੁੱਖ ਦੀ ਸਭ ਤੋਂ ਅਹਿਮ ਪ੍ਰਾਪਤੀ ਹੈ” – ਨਵਤੇਜ ਜੌਹਰ

ਪੰਜਾਬੀ ਵਿਭਾਗ ਦੁਆਰਾ ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਣ ਆਯੋਜਿਤ

ਪਟਿਆਲ਼ਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਪੰਜਾਬੀ ਵਿਭਾਗ ਵੱਲੋਂ 19 ਅਕਤੂਬਰ ਨੂੰ ਯੂਨੀਵਰਸਿਟੀ ਦੇ ਕਲਾ ਭਵਨ ਵਿਚ ਸੱਤਵਾਂ ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਣ ਆਯੋਜਿਤ ਕੀਤਾ ਗਿਆ। ਭਾਸ਼ਣ ਦੇ ਸਵਾਗਤੀ ਸ਼ਬਦਾਂ ਕਹਿੰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਨੇ ਡਾ. ਬਲਕਾਰ ਸਿੰਘ ਨਾਲ਼ ਬਿਤਾਏ ਪਲਾਂ ਨੂੰ ਸਾਂਝਿਆਂ ਕੀਤਾ। ਉਨ੍ਹਾਂ ਕਿਹਾ ਕਿ ਡਾ. ਬਲਕਾਰ ਗਿਆਨ ਅਤੇ ਵਿਵੇਕ ਨਾਲ ਜੁੜਿਆ ਮਿਹਨਤੀ ਅਤੇ ਨਿੱਘਾ ਇਨਸਾਨ ਸੀ। ਪ੍ਰੋਫ਼ੈਸਰ ਗੁਰਮੁਖ ਸਿੰਘ ਨੇ ਮੁੱਖ-ਭਾਸ਼ਣ ਕਰਤਾ ਨਵਤੇਜ ਜੌਹਰ ਦੇ ਵਿਅਕਤਿਤਵ ਨੂੰ ਉਭਾਰਦਿਆਂ ਉਨ੍ਹਾਂ ਦੇ ਪੰਜਾਬ ਨਾਲ ਮੋਹ ਦੀਆਂ ਪਰਤਾਂ ਨੂੰ ਉਭਾਰਿਆ। ਸੰਗੀਤ ਨਾਟਕ ਅਕਾਦਮੀ ਇਨਾਮ ਜੇਤੂ ਭਾਰਤਨਾਟਯਮ ਦੇ ਕੋਮਾਂਤਰੀ ਨ੍ਰਿਤਕਾਰ ਨਵਤੇਜ ਜੌਹਰ ਨੇ ਆਪਣੇ ਭਾਸ਼ਣ ਦੇ ਆਰੰਭ ਵਿਚ ਕਿਹਾ ਕਿ ਮਨੁੱਖਤਾ ਦੀ ਅਸਲ ਪ੍ਰਾਪਤੀ ਅੰਤਰ-ਦੁਬਿਧਾਵਾਂ ਅਤੇ ਵੰਨ-ਸੁਵੰਨਤਾਵਾਂ ਨੂੰ ਸੁਮੇਲਵੇਂ ਰੂਪ ਵਿਚ ਸਮਝਣ ਵਿਚ ਹੈ।

ਦੋ ਵਿਰੋਧੀ ਦਿਸਦੇ ਵਰਤਾਰੇ ਅਸਲ ਵਿਚ ਵਿਰੋਧੀ ਨਹੀਂ ਹੁੰਦੇ ਸਗੋਂ ਪੂਰਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਮਨੁੱਖ ਨੇ ਭਵਿੱਖ ਨੂੰ ਸੰਵਾਰਨਾ ਅਤੇ ਜਿਉਣ-ਯੋਗਾ ਕਰਨਾ ਹੈ ਤਾਂ ਸਾਨੂੰ ਸਥਾਪਤੀ ਨੂੰ ਚੁਣੌਤੀ ਦੇਣੀ ਪਵੇਗੀ। ਵਾਈਸ-ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੇ ਪ੍ਰਧਾਨਗੀ ਭਾਸ਼ਣ ਵਿਚ ਭਾਰਤੀ ਗਿਆਨ-ਪਰੰਪਰਾ ਦੀਆਂ ਸੀਮਾਵਾਂ ਅਤੇ ਸਮਰੱਥਾਵਾਂ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਰੀਤ ਪਾਲਣਾ ਹੀ ਅਵੱਸ਼ਕ ਨਹੀਂ ਹੁੰਦਾ ਸਗੋਂ ਰੀਤ ਤੋੜਣਾ ਵੀ ਅਵੱਸ਼ਕ ਹੁੰਦਾ ਹੈ। ਭਾਸ਼ਣ ਨੂੰ ਹਾਜ਼ਰ ਵਿਦਿਆਰਥੀਆਂ ਦੇ ਸੰਵਾਦ ਨੇ ਰੌਚਕ ਰੰਗ ਪ੍ਰਦਾਨ ਕੀਤਾ। ਇਸ ਸੈਮੀਨਾਰ ਵਿੱਚ ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਜਸਵਿੰਦਰ ਸਿੰਘ ਸੈਣੀ, ਡਾ. ਰਾਜੇਸ਼ ਕੁਮਾਰ ਸ਼ਰਮਾ, ਡਾ, ਗੁਲਸ਼ਨ ਬਾਂਸਲ, ਡਾ, ਰਾਜਿੰਦਰ ਸਿੰਘ ਅਤੇ ਡਾ. ਅਵਨੀਤ ਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *