ਦੀਪਕ ਭੱਲਾ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਨਿਯੁਕਤ
ਸੂਬਾਈ ਚੇਅਰਮੈਨ ਡਾ. ਹਰਜੋਤ ਕਮਲ ਸਿੰਘ ਦੇ ਆਦੇਸ਼ਾਂ ‘ਤੇ ਹੋਈ ਨਿਯੁਕਤੀ
ਸੈੱਲ ਦੇ ਜ਼ਿਲ੍ਹਾ ਆਗੂਆਂ ਨੇ ਵਿਧਾਇਕਾ ਅਰੁਣਾ ਚੌਧਰੀ ਦੀ ਹਾਜ਼ਰੀ ‘ਚ ਦਿੱਤਾ ਨਿਯੁਕਤੀ ਪੱਤਰ
ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਾਗਰ)
ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਥਾਪਿਤ ਕੀਤੇ ਗਏ ਸੋਸ਼ਲ ਮੀਡੀਆ ਸੈੱਲ ਪੰਜਾਬ ਵਾਸਤੇ ਅੱਜ ਪਾਰਟੀ ਦੇ ਸਰਗਰਮ ਵਰਕਰ ਦੀਪਕ ਭੱਲਾ ਦੀ ਚੋਣ ਕਰਦਿਆਂ ਉਨ੍ਹਾਂ ਨੂੰ ਦੀਨਾਨਗਰ ਵਿਧਾਨ ਸਭਾ ਹਲਕੇ ਦਾ ਸੋਸ਼ਲ ਮੀਡੀਆ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਸ਼੍ਰੀ ਭੱਲਾ ਦੀ ਨਿਯੁਕਤੀ ਸੈੱਲ ਦੇ ਸੂਬਾਈ ਚੇਅਰਮੈਨ ਡਾ. ਹਰਜੋਤ ਕਮਲ ਸਿੰਘ ਦੁਆਰਾ ਵਿਧਾਇਕਾ ਅਰੁਣਾ ਚੌਧਰੀ ਦੀ ਸਿਫ਼ਾਰਿਸ਼ ‘ਤੇ ਕੀਤੀ ਗਈ। ਭੱਲਾ ਇਸ ਤੋਂ ਪਹਿਲਾਂ ਬਲਾਕ ਦੀਨਾਨਗਰ ਕਾਂਗਰਸ ਦੇ ਮੀਤ ਪ੍ਰਧਾਨ ਤੇ ਵਿਧਾਇਕਾ ਦੇ ਮੀਡੀਆ ਇੰਚਾਰਜ ਵੀ ਰਹੇ ਹਨ।
ਸੈੱਲ ਦੇ ਜ਼ਿਲ੍ਹਾ ਗੁਰਦਾਸਪੁਰ ਇੰਚਾਰਜ ਸੁਰੇਸ਼ ਵਰਮਾ ਬੱਬਲੂ ਅਤੇ ਰਾਜਨ ਵਰਮਾ ਵੱਲੋਂ ਅੱਜ ਦੀਨਾਨਗਰ ਵਿਖੇ ਪਹੁੰਚ ਕੇ ਦੀਪਕ ਭੱਲਾ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸ਼੍ਰੀ ਭੱਲਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੈੱਲ ਦੇ ਸੂਬਾਈ ਚੇਅਰਮੈਨ ਡਾ. ਹਰਜੋਤ ਕਮਲ ਸਿੰਘ ਸਮੇਤ ਵਿਧਾਇਕਾ ਅਰੁਣਾ ਚੌਧਰੀ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਅਸ਼ੋਕ ਚੌਧਰੀ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਆਪਣੀ ਚੋਣ ਨੂੰ ਦਰੁਸਤ ਸਾਬਤ ਕਰਦੇ ਹੋਏ ਪਾਰਟੀ ਦੀ ਮਜ਼ਬੂਤੀ ਤੇ ਕਾਮਯਾਬੀ ਲਈ ਪੂਰੀ ਮੇਹਨਤ ਨਾਲ ਕੰਮ ਕਰਨਗੇ। ਇਸ ਮੌਕੇ ਕੈਪਟਨ ਸ਼ੇਰ ਸਿੰਘ, ਐਸਸੀ/ਐਸਟੀ ਮੋਰਚਾ ਦੇ ਜ਼ਿਲ੍ਹਾ ਚੇਅਰਮੈਨ ਜਿੰਮੀ ਬਰਾੜ, ਸਾਬਕਾ ਨਗਰ ਕੌਂਸਲ ਪ੍ਰਧਾਨ ਸਤੀਸ਼ ਮਹਾਜਨ ਪੱਪੂ, ਕਾਂਗਰਸ ਸੇਵਾ ਦਲ ਬਲਾਕ ਪ੍ਰਧਾਨ ਅਮਰਜੀਤ ਅੰਬੀ ਅਤੇ ਕੁਲਦੀਪ ਕੁਮਾਰ ਫਗਵਾੜੀਆ ਵੀ ਹਾਜ਼ਰ ਸਨ।

