ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਕਸਿੰਗ (ਪੁਰਸ਼) ਚੈਂਪੀਅਨਸ਼ਿਪ ਮੋਦੀ ਕਾਲਜ ਪਟਿਆਲਾ ਵਿਖੇ ਆਰੰਭ
ਪਟਿਆਲਾ, 13 ਅਕਤੂਬਰ (ਮਧੂਸਾਰ ਬਿਊਰੋ)
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ‘ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਕਸਿੰਗ (ਪੁਰਸ਼) ਚੈਂਪੀਅਨਸ਼ਿਪ’ ਦਾ ਅੱਜ ਪੂਰੇ ਜੋਸ਼ ਨਾਲ ਆਰੰਭ ਹੋਇਆ।
ਇਸ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਗਮ ਦੌਰਾਨ ਯੋਗਰਾਜ, ਜਿਲ੍ਹਾ ਖੇਡ ਅਫਸਰ, ਪਟਿਆਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦਿਆਂ ਉਹਨਾਂ ਨੇ ਕਿਹਾ ਕਿ ਖੇਡਾਂ ਨੂੰ ਆਪਣੇ ਕੈਰੀਅਰ ਲਈ ਚੁਣਨਾ ਅਜੋਕੇ ਸਮੇਂ ਦੀ ਇਕ ਵੱਡੀ ਲੋੜ ਹੈ। ਅਜਿਹਾ ਕਰਕੇ ਖਿਡਾਰੀ ਜਿੱਥੇ ਆਪਣਾ ਭਵਿੱਖ ਉੱਜਲ ਬਣਾ ਸਕਦੇ ਹਨ ਉਥੇ ਨਾਲ ਹੀ ਉਹ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਰੌਸ਼ਨ ਕਰਕੇ ਆਪਣਾ ਵਿਸ਼ੇਸ਼ ਸਥਾਨ ਬਣਾ ਸਕਦੇ ਹਨ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਅਤੇ ਚੈਂਪੀਅਨਸ਼ਿਪ ਵਿਚ ਸ਼ਾਮਲ ਹੋਏ ਵੱਖ ਵੱਖ ਕਾਲਜਾਂ ਦੇ ਖੇਡ ਅਧਿਕਾਰੀਆਂ ਅਤੇ ਖਿਡਾਰੀਆਂ ਦਾ ਆਪਣੇ ਕਾਲਜ ਪੁੱਜਣ ਤੇ ਸਵਾਗਤ ਕੀਤਾ ਅਤੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਉਹਨਾਂ ਇਹ ਉਮੀਦ ਜ਼ਾਹਰ ਕੀਤੀ ਕਿ ਖਿਡਾਰੀ ਇਸ ਚੈਂਪੀਅਨਸ਼ਿਪ ਵਿਚ ਪੂਰੀ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਨਗੇ।
ਕਾਲਜ ਦੇ ਡੀਨ ਸਪੋਰਟਸ, ਡਾ. ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਵਰਗਾਂ ਦੀਆਂ 32 ਟੀਮਾਂ ਦੇ 125 ਤੋਂ ਜਿਆਦਾ ਖਿਡਾਰੀ ਸ਼ਾਮਲ ਹੋਏ ਹਨ ਅਤੇ ਇਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ 15 ਅਕਤੂਬਰ 2016 ਨੂੰ ਹੋਣਗੇ ਜਿਸ ਸਮੇਂ ਖਿਡਾਰੀਆਂ ਨੂੰ ਇਨਾਮ ਦੇਣ ਲਈ ਸਮਾਪਤੀ ਸਮਾਰੋਹ ਵਿਚ ਡਾ. ਗੁਰਦੀਪ ਕੌਰ ਰੰਧਾਵਾ ਡਾਇਰੈਕਟਰ ਸਪੋਰਟਸ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਵਿਸ਼ੇਸ਼ ਤੌਰ ਤੇ ਪਹੁੰਚਣਗੇ।ਇਸ ਸਮੇਂ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਪ੍ਰੋ. ਨਿਸ਼ਾਨ ਸਿੰਘ ਅਤੇ ਪ੍ਰੋ ਮਨਦੀਪ ਕੌਰ, ਪ੍ਰੋ. ਹਰਨੀਤ ਸਿੰਘ ਸਮੇਤ ਸਮੂਹ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

