ਪੀ ਆਰ ਟੀ ਸੀ ਦੀਆਂ ਲਾਰੀਆਂ, ਧੱਕਾ ਲਾਉਣ ਸਵਾਰੀਆਂ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵਲੋਂ ਇਕ ਪਾਸੇ ਤਾਂ ਸੈਂਕੜੇ ਨਵੀਆਂ ਬੱਸਾਂ ਪੀ ਆਰ ਟੀ ਸੀ ਵਿਚ ਪਾ ਕੇ ਲੋਕਾਂ ਨੁੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਅਸਲੀਅਤ ਇਹ ਹੈ ਕਿ ਪਟਿਆਲਾ ਮੋਹਾਲੀ ਰੂਟ ਉਪਰ ਨਵੀਆਂ ਬੱਸਾਂ ਦੀ ਥਾਂ ਪੀ ਆਰ ਟੀ ਸੀ ਦੀਆਂ ਕੰਡਮ ਬੱਸਾਂ ਹੀ ਚਲਾਈਆਂ ਜਾ ਰਹੀਆਂ ਹਨ। ਇਹ ਕੰਡਮ ਬੱਸਾਂ ਅਕਸਰ ਹੀ ਆਪਣੀ ਮੰਜਿਲ ਦੇ ਅਧਵਾਟੇ ਜਿਹੇ ਹੀ ਖੜ ਜਾਂਦੀਆਂ ਹਨ। ਪੀ ਆਰ ਟੀ ਸੀ ਦੀਆਂ ਇਹਨਾਂ ਬੱਸਾਂ ਦੀਆਂ ਕਦੇ ਲਾਈਆਂ ਖਰਾਬ ਹੋ ਜਾਂਦੀਆਂ ਹਨ ਅਤੇ ਬੱਸ ਰਾਜਪੁਰੇ ਦੇ ਰਾਹ ਵਿਚ ਹੀ ਰੋਕ ਦਿਤੀ ਜਾਂਦੀ ਹੈ ਅਤੇ ਕਦੇ ਕਿਸੇ ਬੱਸ ਦਾ ਮੋਬਲ ਆਇਲ ਲੀਕ ਕਰ ਜਾਂਦਾ ਹੈ ਕਦੇ ਬੱਸ ਪੈਂਚਰ ਹੋ ਜਾਂਦੀ ਹੈ ਅਤੇ ਕਦੇ ਪੀ ਆਰ ਟੀ ਸੀ ਦੀ ਬੱਸ ਦੇ ਇੰਜਣ ਵਿਚ ਹੋਰ ਖਰਾਬੀ ਆ ਜਾਂਦੀ ਹੈ।
ਇਸ ਕਾਰਨ ਇਨਾਂ ਬੱਸਾਂ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸਾਨ ਹੋਣ ਪੈ ਰਿਹਾ ਹੈ। ਬੀਤੇ ਦਿਨ ਵੀ ਮੋਹਾਲੀ ਤੋਂ ਪੰਜ ਵਜੇ ਪਟਿਆਲਾ ਲਈ ਚਲੀ ਪੀ ਆਰ ਟੀ ਸੀ ਦੀ ਕੰਡਮ ਬੱਸ ਦੀਆਂ ਰਾਜਪੁਰਾ ਆਕੇ ਲਾਈਟਾਂ ਹੀ ਖਰਾਬ ਹੋ ਗਈਆਂ ਅਤੇ ਡਰਾਇਵਰ ਨੇ ਰਾਜਪੁਰਾ ਫਲਾਈਓਵਰ ਨੇੜੇ ਬੱਸ ਸਾਇਡ ਉਪਰ ਖੜਾ ਕੇ ਸਵਾਰੀਆਂ ਨੁੰ ਉਤਾਰ ਦਿਤਾ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸਾਨ ਹੋਣਾ ਪਿਆ।
ਪਟਿਆਲਾ ਮੋਹਾਲੀ ਰੂਟ ਉਪਰ ਚਲਦੀਆਂ ਪੀ ਆਰ ਟੀ ਸੀ ਦੀਆਂ ਬੱਸਾਂ ਦੀ ਹਾਲਤ ਏਨੀ ਖਰਾਬ ਹੈ ਕਿ ਜਦੋਂ ਇਹ ਬੱਸਾਂ ਸਟਾਰਟ ਹੁੰਦੀਆਂ ਹਨ ਤਾਂ ਇਹਨਾਂ ਦੇ ਇੰਜਣਾਂ ਵਿਚ ਏਨੀਆਂ ਖਤਰਨਾਕ ਆਵਾਜਾਂ ਨਿਕਲਦੀਆਂ ਹਨ ਕਿ ਬੱਸਾਂ ਵਿਚ ਮਾਵਾਂ ਦੀ ਗੋਦੀ ਵਿਚ ਬੈਠੇ ਬੱਚੇ ਡਰ ਨਾਲ ਉਚੀ ਉਚੀ ਰੋਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਇਹ ਬੱਸਾਂ ਧੂੰਆਂ ਵੀ ਬਹੁਤ ਮਾਰਦੀਆਂ ਹਨ। ਇਸ ਤੋਂ ਇਲਾਵਾ ਕਈ ਵਾਰ ਇਹਨਾਂ ਬੱਸਾਂ ਦੀਆਂ ਕਦੇ ਬਰੇਕਾਂ ਫੇਲ ਹੋ ਜਾਂਦੀਆਂ ਹਨ ਅਤੇ ਕਦੇ ਸਟੇਰਿੰਗ ਹੀ ਖੁੱਲ ਜਾਂਦਾ ਹੈ ਜਿਸ ਕਰਕੇ ਇਹ ਬੱਸਾਂ ਸੜਕ ਉਪਰ ਚਲਦਾ ਫਿਰਦਾ ਮੌਤ ਦਾ ਤਾਬੂਤ ਬਣ ਗਈਆਂ ਹਨ। ਇਹਨਾਂ ਬੱਸਾਂ ਦੀ ਹਾਲਤ ਏਨੀ ਮਾੜੀ ਹੈ ਕਿ ਹਰ ਪਾਸੇ ਤੋਂ ਹੀ ਇਹ ਬੱਸਾਂ ਟੁੱਟੀਆਂ ਭੱਜੀਆਂ ਹੋਈਆਂ ਹਨ ਅਤੇ ਇਹਨਾਂ ਦੀਆਂ ਸੀਟਾਂ ਵੀ ਟੁੱਟੀਆਂ ਹੋਈਆਂ ਹਨ। ਹੋਰ ਤਾਂ ਹੋਰ ਇਸ ਰੂਟ ਉਪਰ ਚਲਦੀਆਂ ਕਈ ਬੱਸਾਂ ਦੇ ਤਾਂ ਖਿੜਕੀਆਂ ਦੇ ਸੀਸੇ ਹੀ ਟੁੱਟੇ ਪਏ ਹਨ। ਜਿਸ ਕਰਕੇ ਸਰਦੀ ਦੇ ਇਹਨਾਂ ਦਿਨਾਂ ਵਿਚ ਠੰਡੀ ਹਵਾ ਪੂਰੀ ਸਪੀਡ ਨਾਲ ਬੱਸ ਅੰਦਰ ਆਂਉਂਦੀ ਹੈ ਅਤੇ ਮਿੱਟੀ ਘੱਟਾ ਵੀ ਪੂਰੀ ਤਰਾਂ ਅੰਦਰ ਆਕ ੇ ਸਵਾਰੀਆਂ ਦੇ ਕਪੜੇ ਤੇ ਮੂੰਹ ਸਿਰ ਲਬੇੜ ਦਿੰਦਾ ਹੈ।
ਇਹ ਇਹ ਹਕੀਕਤ ਹੈ ਕਿ ਇਸ ਰੂਟ ਉਪਰ ਸਵਾਰੀ ਵੀ ਬਹੁਤ ਪੈਂਦੀ ਹੈ ਅਤੇ ਪੀ ਆਰ ਟੀ ਸੀ ਦੀਆਂ ਇਹ ਬੱਸਾਂ ਉਵਰ ਲੋਡ ਹੀ ਚਲਦੀਆਂ ਹਨ। ਜਿੰਨੀਆਂ ਸਵਾਰੀਆਂ ਬੱਸਾਂ ਦੀਆਂ ਸੀਟਾਂ ਊਪਰ ਬੈਠੀਆਂ ਹੁੰਦੀਆਂ ਹਨ,ਉਨੀਆਂ ਹੀ ਖੜੀਆਂ ਹੁੰਦੀਆਂ ਹਨ। ਇਸਦੇ ਬਾਵਜੂਦ ਪੀ ਆਰ ਟੀ ਸੀ ਦੇ ਘਾਟੇ ਵਿਚ ਜਾਣਾ ਕਈ ਤਰਾਂ ਦੇ ਸਵਾਲ ਖੜੇ ਕਰ ਜਾਂਦਾ ਹੈ।
ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਮੰਗ ਕੀਤੀ ਹੈ ਕਿ ਪਟਿਆਲਾ ਮੋਹਾਲੀ ਅਤੇ ਹੋਰ ਰੂਟਾਂ ਉਪਰ ਪੀ ਆਰ ਟੀ ਸੀ ਦੀਆਂ ਨਵੀਂਆਂ ਬੱਸਾਂ ਪਾਈਆਂ ਜਾਣ ਜਾਂ ਫਿਰ ਇਹ ਟਾਇਮ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਦਿਤੇ ਜਾਣ। ਉਹਨਾਂ ਕਿਹਾ ਕਿ ਪੀ ਆਰ ਟੀ ਸੀ ਦੀਆਂ ਕੰਡਮ ਬੱਸਾਂ ਕਦੇ ਵੀ ਕਿਸੇ ਹਾਦਸੇ ਦਾ ਸਿਕਾਰ ਹੋ ਸਕਦੀਆਂ ਹਨ ਤੇ ਭਾਰੀ ਜਾਨੀ ਨੁਕਸਾਨ ਹੋ ਸਕਦਾ ਹੈ ਇਸ ਲਈ ਸਰਕਾਰ ਨੂੰ ਪੀ ਆਰ ਟੀ ਸੀ ਦੀਆਂ ਨਵੀਆਂ ਬੱਸਾਂ ਹੀ ਇਸ ਰੂਟ ਉਪਰ ਪਹਿਲ ਦੇ ਆਧਾਰ ਉਪਰ ਚਲਾਉਣੀਆਂ ਚਾਹੀਦੀਆਂ ਹਨ।

