ਪੰਜਾਬਪਟਿਆਲਾ

ਮੋਤੀ ਮਹਿਲ ਤੋਂ ਕੁਝ ਹੀ ਦੂਰੀ ‘ਤੇ ਕੈਪਟਨ, ਸੱਜਣ ਤੇ ਟਾਈਟਲਰ ਦੇ ਪੁਤਲੇ ਸਾੜੇ

ਚਾਰ ਜ਼ਿਲ੍ਹਿਆਂ ਤੋਂ ਆਈ ਲੀਡਰਸ਼ਿਪ ਮੋਤੀ ਮਹਿਲ ਘਿਰਾਓ ਕਰਨ ਤੋਂ ਪਹਿਲਾਂ ਖਿਸਕੀ
ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਨੂੰ ਸਟੇਜ ਸਾਂਭਣ ਤੋਂ ਰੱਖੇ ਵਾਂਝੇ
ਨਰਦੇਵ ਸਿੰਘ ਆਕੜੀ ਦੀ ਦਖਲਅੰਦਾਜ਼ੀ ਤੋਂ ਪ੍ਰੇਸ਼ਾਨ ਸ਼ਹਿਰ ਦੇ ਅਕਾਲੀ ਆਗੂ !
ਚਾਰ ਜ਼ਿਲ੍ਹਿਆਂ ਤੋਂ ਆਈ ਲੀਡਰਸ਼ਿਪ ਬੇਪਿਆਸੀ ਘਰਾਂ ਨੂੰ ਪਰਤੀ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਕਤਲੇਆਮ ਦੇ ਦੋਸ਼ੀ ਮੰਨੇ ਜਾਂਦੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਪਟਿਆਲਾ ਸ਼ਹਿਰ ਦੀ ਅਕਾਲੀ ਲੀਡਰਸ਼ਿਪ ਵੱਲੋਂ ਕੈਪਟਨ ਅਮਰਿੰਦਰ ਦਾ ਸ਼ਾਹੀ ਮਹਿਲ ਦਾ ਘਿਰਾਉ ਕਰਕੇ ਪੁਤਲੇ ਸਾੜੇ ਜਾਣ ਦਾ ਉਲੀਕਿਆ ਪ੍ਰੋਗਰਾਮ ਕੁਝ ਦੂਰੀ ਤੱਕ ਹੀ ਸੀਮਤ ਰਿਹਾ ਅਤੇ ਸਮੁੱਚੀ ਲੀਡਰਸ਼ਿਪ ਪੁਤਲੇ ਸਾੜੇ ਬਿਨਾਂ ਹੀ ਉਥੋਂ ਖਿਸਕ ਗਈ ਅਤੇ ਪੁਤਲਿਆਂ ਨੂੰ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਸਾੜਿਆ
ਮੋਤੀ ਮਹਿਲ ਦੇ ਘਿਰਾਓ ਤੋਂ ਪਹਿਲਾਂ ਪੋਲੋ ਗਰਾਊਂਡ ਦੇ ਸਾਹਮਣੇ ਕੁਝ ਘੰਟੇ ਪਹਿਲਾਂ ਸਟੇਜ ਦਾ ਪ੍ਰਬੰਧ ਕੀਤਾ ਗਿਆ, ਜਿਥੇ ਸਾਰੀ ਲੀਡਰਸ਼ਿਪ ਅਤੇ ਸਮਰਥਕਾਂ ਨੇ ਇਕੱਠੇ ਹੋਣਾ ਸੀ ਅਤੇ ਘਿਰਾਓ ਤੋਂ ਪਹਿਲਾਂ ਇਕੱਠ ਨੂੰ ਧਰਨੇ ਦਾ ਰੂਪ ਦੇ ਦਿੱਤਾ ਗਿਆ। ਦੱਸਣਯੋਗ ਹੈ ਕਿ ਸਟੇਜ ਦੀ ਕਾਰਵਾਈ ਜੋ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਨੇ ਚਲਾਉਣੀ ਸੀ ਉਸ ਸਟੇਜ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਨਰਦੇਵ ਸਿੰਘ ਆਕੜੀ ਚਲਾ ਰਹੇ ਸਨ, ਜਿਥੋਂ ਪਤਾ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਪਾਰਟੀ ਦੇ ਹੀ ਨਿਯਮ ਤੋੜ ਕੇ ਆਪਣੇ ਆਪ ਨੂੰ ਸੁਰਖ਼ੀਆਂ ‘ਚ ਆਉਣਾ ਬੇਹਤਰ ਮੰਨਦੇ ਹਨ, ਜਿਸ ਕਾਰਨ ਅਕਾਲੀ ਜਥਾ ਪਟਿਆਲਾ ਦੇ ਕਈ ਆਗੂਆਂ ‘ਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਸੀ, ਜੋ ਚਾਹੁੰਦੇ ਸਨ ਕਿ ਭਾਵੇਂ ਮੋਤੀ ਮਹਿਲ ਦਾ ਘਿਰਾਓ ਸਮੁੱਚੀ ਲੀਡਰਸ਼ਿਪ ਨੇ ਕਰਨਾ ਸੀ, ਪ੍ਰੰਤੂ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਸਟੇਜ ਸਾਂਭਦੇ ਤਾਂ ਅਕਾਲੀ ਦਲ ਨਾਲ ਜੁੜੇ ਲੋਕਾਂ ਵਿਚ ਰੂਹ ਫੂਕੀ ਜਾ ਸਕਦੀ, ਜੋ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਸਮੇਂ ਸਮੇਂ ‘ਤੇ ਚੁਣੌਤੀ ਦਿੰਦੇ ਰਹੇ ਹਨ। ਸ਼ਹਿਰੀ ਅਕਾਲੀ ਲੀਡਰਸ਼ਿਪ ਵਿਚ ਇਸ ਗੱਲ ਦੀ ਕਾਫੀ ਚਰਚਾ ਸੀ ਕਿ ਭਾਵੇਂ ਨਰਦੇਵ ਸਿੰਘ ਆਕੜੀ ਅਕਾਲੀ ਦਲ ਨੂੰ ਸਮਰਪਿਤ ਹੋ ਕੇ ਕੰਮ ਕਰਦੇ ਹੋਣ, ਪ੍ਰੰਤੂ ਹਰ ਵਾਰ ਸ਼ਹਿਰੀ ਲੀਡਰਸ਼ਿਪ ਵਿਚ ਉਨ੍ਹਾਂ ਵੱਲੋਂ ਕੀਤੀ ਜਾਂਦੀ ਦਖਲ਼ਅੰਦਾਜ਼ੀ ਸ਼ਹਿਰ ਦੇ ਅਕਾਲੀ ਆਗੂਆਂ ਨੂੰ ਉਕਾ ਹੀ ਪਸੰਦ ਨਹੀਂ ਹੈ।
ਮੋਤੀ ਮਹਿਲ ਦੇ ਘਿਰਾਓ ਸਮੇਂ ਸਮੁੱਚੀ ਲੀਡਰਸ਼ਿਪ ਦੀ ਹਮਾਇਤ ਵਿਚ ਆਈ ਚਾਰ ਜ਼ਿਲ੍ਹਿਆਂ ਤੋਂ ਕਈ ਆਗੂਆਂ ਨੇ ਹਾਜ਼ਰੀ ਲਵਾਈ, ਜੋ ਅਕਾਲੀ ਦਲ ਦੀ ਸਟੇਜ ਤੋਂ ਆਪੋ-ਆਪਣਾ ਸੁਨੇਹਾ ਦੇ ਕੇ ਚੱਲਦੇ ਬਣੇ, ਪ੍ਰੰਤੂ ਅਕਾਲੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਵੱਲ ਮੂੰਹ ਤੱਕ ਕਰਨਾ ਮੁਨਾਸਿਬ ਨਹੀਂ ਸਮਝਿਆ। ਵੱਖ ਵੱਖ ਥਾਵਾਂ ਤੋਂ ਆਈ ਲੀਡਰਸ਼ਿਪ ਨੂੰ ਉਸ ਸਮੇਂ ਹੋਰ ਵੀ ਨਿਰਾਸ਼ਾ ਹੋਈ, ਜਦੋਂ ਉਨ੍ਹਾਂ ਲਈ ਪਾਣੀ ਤੱਕ ਦਾ ਪ੍ਰਬੰਧ ਨਾ ਕੀਤਾ ਗਿਆ, ਜੋ ਬਿਨਾਂ ਪਿਆਸੇ ਘਰਾਂ ਨੂੰ ਮੁੜ ਗਏ, ਇਥੋਂ ਤੱਕ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਤੋਂ ਇਲਾਵਾ ਕਈ ਅਕਾਲੀ ਆਗੂ ਆਪੋ-ਆਪਣੇ ਖਾਣੇ ਦਾ ਪ੍ਰਬੰਧ ਕਰਕੇ ਆਏ ਸਨ। ਮੋਤੀ ਮਹਿਲ ਤੋਂ ਪਹਿਲਾਂ ਕੁਝ ਹੀ ਦੂਰੀ ‘ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੈਰੀਗੇਡ ਲਗਾਏ ਹੋਏ ਸਨ ਤਾਂ ਜੋ ਮਹਿਲ ਦੇ ਬਾਹਰ ਲੱਗੀ ਧਾਰਾ ਦਫਾ 144 ਨੂੰ ਬਰਕਰਾਰ ਰੱਖਿਆ ਜਾ ਸਕੇ, ਜਿਸ ਨੂੰ ਅਕਾਲੀ ਆਗੂ ਭਲੀਭਾਂਤ ਜਾਣਦੇ ਸਨ, ਜਿਸ ਕਾਰਨ ਅਕਾਲੀ ਆਗੂਆਂ ਨੇ ਮੋਤੀ ਮਹਿਲ ਵੱਲ ਵੱਧਣਾ ਮੁਨਾਸਿਬ ਨਾ ਸਮਝਿਆ। ਘਿਰਾਓ ਦੇ ਸਫਲਤਾ ਦੀ ਜ਼ਿੰਮੇਵਾਰੀ ਭਾਵੇਂ ਸੁਰਜੀਤ ਸਿੰਘ ਰੱਖੜਾ ਤੇ ਸੁਰਜੀਤ ਸਿੰਘ ਕੋਹਲੀ ਸਿਰ ਮੜੀ ਗਈ, ਪ੍ਰੰਤੂ ਮੋਤੀ ਮਹਿਲ ਦਾ ਘਿਰਾਓ ਤਾਂ ਹੀ ਸਫਲ ਹੁੰਦਾ, ਜੇ ਸਮੁੱਚੀ ਲੀਡਰਸ਼ਿਪ ਸ਼ਾਹੀ ਮਹਿਲ ਵੱਲ ਜਾਂਦੀ, ਜਿਨਾਂ ਸਟੇਜ ਤੋਂ ਉਤਰਨ ਬਾਅਦ ਖਿਸਕਣਾ ਹੀ ਬੇਹਤਰ ਸਮਝਿਆ। ਸਦਭਾਵਨਾ ਰੈਲੀ ਦੌਰਾਨ ਵੀ ਚਾਰ-ਪੰਜ ਜ਼ਿਲ੍ਹਿਆਂ ਦਾ ਇਕੱਠ ਵਿਖਾ ਕੇ ਰੈਲੀ ਨੂੰ ਸਫਲ ਵਿਖਾਇਆ ਗਿਆ ਸੀ, ਪ੍ਰੰਤੂ ਮੋਤੀ ਮਹਿਲ ਦੇ ਘਿਰਾਓ ਲਈ ਸੱਦੀ ਗਈ ਚਾਰ ਜ਼ਿਲ੍ਹਿਆਂ ਦੀ ਲੀਡਰਸ਼ਿਪ ਇਕੱਠੀ ਹੋ ਕੇ ਵੀ ਮੋਤੀ ਮਹਿਲ ਘੇਰ ਨਾ ਸਕੀ।
ਸਟੇਜ ਸਮਾਪਤੀ ਤੋਂ ਬਾਅਦ ਸਮੁੱਚੀ ਲੀਡਰਸ਼ਿਪ ਦੇ ਕਈ ਅਕਾਲੀ ਆਗੂ ਆਪੋ ਆਪਣੇ ਘਰਾਂ ਨੂੰ ਪਰਤ ਚੁੱਕੇ ਸਨ ਅਤੇ ਮਾਲਵਾ ਜ਼ੋਨ -2 ਦੇ ਪ੍ਰਧਾਨ ਆਪਣੇ ਸਮਰਥਕਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਦੇ ਮੋਤੀ ਮਹਿਲ ਵੱਲ ਵਧੇ, ਜਿਨਾਂ ਨੂੰ ਬੈਰੀਗੇਡ ਲਗਾ ਕੇ ਰੋਕ ਲਿਆ ਗਿਆ, ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ, ਕਾਂਗਰਸੀ ਸੱਜਣ ਸਿੰਘ ਅਤੇ ਜਗਦੀਸ਼ ਟਾਈਟਲਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਨਾਂ ਨੇ ਕੈਪਟਨ ਦੇ ਮਹਿਲ ਅੱਗੇ ਪੁਤਲਾ ਸਾੜਨ ਲਈ ਕਾਫੀ ਜੱਦੋ-ਜਹਿਦ ਕੀਤੀ, ਪ੍ਰੰਤੂ ਵਾਈਪੀਐਸ ਚੌਂਕ ਵਿਚ ਪੁਤਲਾ ਸਾੜ ਕੇ ਅਕਾਲੀ ਆਗੂਆਂ ਨੂੰ ਸਬਰ ਕਰਨਾ ਪਿਆ।

Leave a Reply

Your email address will not be published. Required fields are marked *