ਪੰਜਾਬਪਟਿਆਲਾ

ਟਕਸਾਲੀ ਆਗੂਆਂ ਨੂੰ ਮਾਣ ਦੇ ਕੇ ਪੰਥਕ ਲੀਡਰ ਵਜੋਂ ਉਭਰ ਰਹੇ ਹਨ ਸੁਖਬੀਰ ਬਾਦਲ : ਰੱਖੜਾ

ਪ੍ਰੋ. ਬਡੂੰਗਰ ਦੀ ਚੋਣ ਊਂਗਲੀ ਉਠਾਉਣ ਵਾਲਿਆਂ ਦੇ ਮੂੰਹ ‘ਤੇ ਚਪੇੜ
ਅਕਾਲੀ ਦਲ ਨੇ ਹਮੇਸ਼ਾਂ ਹੀ ਆਪਣੇ ਮੂਲ ਸਿਧਾਂਤਾ ‘ਤੇ ਕੰਮ ਕੀਤਾ
ਪਟਿਆਲਾ 8 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਦੇ ਉੱਚੇਰੀ ਸਿੱਖਿਆ ਅਤੇ ਜਲ ਸਪਲਾਈ ਸੈਨੀਟੇਸ਼ਨ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਟਕਸਾਲੀ ਆਗੂਆਂ ਨੂੰ ਮਾਣ ਦੇਣ ਤੋਂ ਸਪੱਸ਼ਟ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਇਕ ਪੰਥਕ ਲੀਡਰ ਬਣ ਕੇ ਸਾਹਮਣੇ ਆਏ ਹਨ। ਸ. ਰੱਖੜਾ ਅੱਜ ਇਥੇ ਇਕ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ, ਇਸ ਮੀਟਿੰਗ ਵਿੱਚ ਪਨਸੀਡ ਪੰਜਾਬ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਸ਼ਨੂੰ ਸ਼ਰਮਾ ਸਮੇਤ ਕਈ ਅਹਿਮ ਆਗੂ ਹਾਜ਼ਰ ਸਨ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਇਕ ਟਕਸਾਲੀ ਅਕਾਲੀ ਆਗੂ ਹਨ, ਜਿਨ੍ਹਾਂ ਨੂੰ ਪ੍ਰਧਾਨਗੀ ਦਾ ਮਾਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਦੇ ਕੇ ਇਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਉਹ ਟਕਾਸਾਲੀ ਅਕਾਲੀ ਲੀਡਰਾਂ ਦਾ ਪੂਰਾ ਸਤਿਕਾਰ ਕਰਦੇ ਹਨ।
ਰੱਖੜਾ ਨੇ ਆਖਿਆ ਕਿ ਇਸ ਤੋਂ ਪਹਿਲਾਂ ਡਿਪਟੀ ਮੁੱਖ ਮੰਤਰੀ ਦੇ ਵਿਰੋਧੀਆਂ ਦੁਆਰਾ Âਹ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਦੁਆਰਾ ਟਕਸਾਲੀ ਅਕਾਲੀ ਆਗੂਆਂ ਨੂੰ ਖੂੰਜੇ ਲਗਾਇਆ ਜਾ ਰਿਹਾ ਹੈ ਅਤੇ ਅਕਾਲੀ ਦਲ ਨੂੰ ਸਿੱਖ ਸਿਧਾਂਤਾਂ ਤੋਂ ਮਹਿਰੂਮ ਕੀਤਾ ਜਾ ਰਿਹਾ ਹੈ। ਲੇਕਿਨ ਕੁਝ ਸਮੇਂ ਤੋਂ ਉਨ੍ਹਾਂ ਦੁਆਰਾ ਕੁਝ ਅਜਿਹੇ ਕੰਮ ਕੀਤੇ ਜਾ ਰਹੇ ਜਿਨ੍ਹਾਂ ਤੋਂ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਉਹ ਅਕਾਲੀ ਦਲ ਨੂੰ ਪੰਥਕ ਏਜੰਡੇ ਉਤੇ ਹੀ ਕੇਂਦਰਿਤ ਕਰ ਰਹੇ ਹਨ। ਅਕਾਲੀ ਦਲ ਸਿੱਖੀ ਦੇ ਮੂਲ ਸਿਧਾਂਤਾਂ ‘ਤੇ ਕਾਰਜ ਕਰਦਾ ਹੈ ਇਸ ਲਈ ਹਰ ਅਕਾਲੀ ਲੀਡਰ ਦਾ ਇਹ ਫਰਜ਼ ਬਣਦਾ ਹੈ ਕਿ ਅਕਾਲੀ ਸਿਆਸਤ ਨੂੰ ਸਿੱਖੀ ਸਿਧਾਂਤਾਂ ਤੋਂ ਵਾਂਝਿਆਂ ਨਾ ਕੀਤਾ ਜਾਵੇ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਤਾਂ ਕੁਝ ਕੱਟੜਪੰਥੀ ਤਾਕਤਾਂ ਦੁਆਰਾ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਸਭ ਕੁਝ ਸਰਕਾਰ ਦੁਆਰਾ ਕਰਵਾਇਆ ਜਾ ਰਿਹਾ ਜਦੋਂ ਕਿ ਅਕਾਲੀ ਲੀਡਰਸ਼ਿਪ ਦੁਆਰਾ ਇਹ ਕਿਹਾ ਜਾ ਰਿਹਾ ਸੀ ਕਿ ਸੱਤਾ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਪਰ ਉਹ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਹਿਣ ਨਹੀਂ ਕਰ ਸਕਦੀ। ਰੱਖੜਾ ਨੇ ਆਖਿਆ ਕਿ ਸ੍ਰੀ ਗੁਰੂ ਗਰੰਥ ਸਾਹਿਬ ਹੀ ਉਨ੍ਹਾਂ ਦੇ ਲਈ ਸ਼ਕਤੀ ਦਾ ਸਰੋਤ ਹਨ। ਰੱਖੜਾ ਨੇ ਆਖਿਆ ਕਿ ਇਹ ਸਭ ਬੇਤੁਕੇ ਦੋਸ਼ ਹਨ, ਉਨ੍ਹਾਂ ਆਖਿਆ ਕਿ ਸ੍ਰੀ ਅੰਮ੍ਰਿਤਸਰ ਦਾ ਸੁੰਦਰੀਕਰਨ ਤਾਂ ਚੋਟੀ ਦਾ ਸ਼ਰਧਾ ਵਾਲਾ ਕਾਰਜ ਹੈ। ਹੁਣ ਜਦੋਂ ਸਿੱਖ ਸੰਗਤ ਜਾਂ ਹੋਰ ਸ਼ਰਧਾਲੂ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹਨ ਤਾਂ ਉਥੋਂ ਦੀ ਕਾਇਆਕਲਪ ਨੂੰ ਦੇਖ ਕੇ ਅਸ਼ ਅਸ਼ ਕਰ ਉਠਦੇ ਹਨ। ਬਹੁਤ ਹੀ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਅਜਿਹਾ ਲੱਗਦਾ ਹੈ ਕਿ ਕੋਈ ਵਿਦੇਸ਼ ਦੀ ਧਰਤੀ ਉਤੇ ਘੁੰਮਦਾ ਹੋਵੇ। ਇਸ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਸ੍ਰ. ਸੁਖਬੀਰ ਸਿੰਘ ਬਾਦਲ ਨੇ ਦੇਸ਼ ਵਿਚੋਂ ਚੋਣਵੇਂ ਆਰਟੀਟੈਕਟਾਂ ਨੂੰ ਬੁਲਾਇਆ ਅਤੇ ਆਪਣੀ ਦੇਖ-ਰੇਖ ਵਿੱਚ ਇਕ-ਇਕ ਚੀਜ਼ ਦਾ ਸੁੰਦਰੀਕਰਨ ਕੀਤਾ।
ਰੱਖੜਾ ਨੇ ਕਿਹਾ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰੇਰਨਾ ਸਦਕਾ ਹੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਵਿਰਾਸਤ-ਏ-ਖਾਲਸਾ, ਵੱਡਾ ਘਲੂਘਾਰਾ ਅਤੇ ਛੋਟੇ ਘੱਲੂਘਾਰੇ ਦੀਆਂ ਯਾਦਗਾਰਾਂ ਅਤੇ ਸਿੱਖ ਕੌਮ ਦੇ ਮਹਾਨ ਯੋਧਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਪੜਚਿੜੀ ਵਿਖੇ ਯਾਦਗਾਰਾਂ ਕਾਇਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਜਿਹਾ ਨਹੀਂ ਹੈ ਕਿ ਸ੍ਰ. ਸੁਖਬੀਰ ਸਿੰਘ ਬਾਦਲ ਸਿਰਫ ਸਿੱਖ ਯਾਦਗਾਰਾਂ ਹੀ ਕਾਇਮ ਕਰ ਰਹੇ ਹਨ। ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਹੀ ਵਾਰ ਮੈਮੋਰੀਅਲ ਕਾਇਮ ਕੀਤਾ ਗਿਆ ਜਿਸ ਨੂੰ ਦੇਖ ਦੇ ਦੇਸ਼ ਦੇ ਮਿਲਟਰੀ ਜਰਨੈਲ ਇਸ ਸਰਕਾਰ ਦੀ ਪ੍ਰਸ਼ੰਸ਼ਾ ਕਰਨ ਤੋਂ ਰਹਿ ਨਹੀਂ ਸਕੇ। ਸਿਰਸ਼ਟੀ ਰਚੇਤਾ ਭਗਵਾਨ ਵਾਲਮੀਕ ਜੀ ਨੂੰ ਸਮਰਪਿਤ ਰਾਮ ਤੀਰਥ ਸਥਾਨ ਨੂੰ ਵੀ ਇਕ ਵੱਡੇ ਪ੍ਰਾਜੈਕਟ ਦੇ ਰੂਪ ਵਿੱਚ ਉਭਾਰਿਆ ਜਾ ਰਿਹਾ ਹੈ। ਦੁਰਗਿਆਨਾ ਮੰਦਿਰ ਦੇ ਸੁੰਦਰੀਕਰਨ ਲਈ ਵੀ ਵੱਡੀ ਰਕਮ ਰੱਖੀ ਹੈ ਤੇ ਨਾਲ ਨਾਲ ਪੰਥਕ ਮਰਿਆਦਾ ਅਨੁਸਾਰ ਅਕਾਲੀ ਦਲ ਨੂੰ ਤੋਰਨ ਦੀ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *