9ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2016 2 ਤੋਂ 5 ਦਸੰਬਰ,2016 ਨੂੰ
ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ
ਚੰਡੀਗੜ 10 ਨਵੰਬਰ (ਮਧੂਸਾਰ ਬਿਊਰੋ )
ਪੰਜਾਬ ਸਰਕਾਰ ਨੇ ਪਿਛਲੇ ਸਾਲਾਂ ਦੀ ਤਰਜ ‘ਤੇ “9 ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2016” ਦਾ ਆਯੋਜਨ ਕੀਤਾ ਹੈ ਜੋ 2 ਦਸੰਬਰ ਤੋਂ 5 ਦਸੰਬਰ, 2016 ਦੋਰਾਨ ਕਰਵਾਈ ਜਾਵੇਗੀ।ਇਸ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਦੇ ਮੁਕੰਮਲ ਪ੍ਰਬੰਧ ਪਸ਼ੂ ਪਾਲਣ ਵਿਭਾਗ ਦੁਆਰਾ ਜਿਲ੍ਹਾ ਪ੍ਰਸ਼ਾਸਨ,ਸ੍ਰੀ ਮੁਕਤਸਰ ਸਾਹਿਬ ਅਤੇ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਕੀਤਾ ਜਾ ਰਹੇ ਹਨ।
ਆਯੋਜਿਤ ਇਕ ਵਿਸ਼ੇਸ਼ ਮੀਟਿੰਗ ਵਿੱਚ ਪਸ਼ੂ ਪਾਲਣ,ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਨਦੀਪ ਸਿੰਘ ਸੰਧੂ ਨੇ ਨੈਸ਼ਨਲ ਚੈਂਪੀਅਨਸ਼ਿੱਪ-2016 ਦੇ ਪ੍ਰਬੰਧਾਂ ਅਤੇ ਕਾਰਗੁਜ਼ਾਰੀ ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜਨ ਦੇ ਮੰਤਵ ਨਾਲ ਵਿਭਿੰਨ ਕਮੇਟੀਆਂ ਗਠਿਤ ਕੀਤੀਆਂ।ਸ.ਸੰਧੂ ਨੇ ਦੱਸਿਆ ਕਿ ਇਹਨਾਂ ਵੱਖ-ਵੱਖ ਕਮੇਟੀਆਂ ਵਿੱਚ ਕੰਟਰੌਲ ਰੂਮ ਅਤੇ ਮੌਨੀਟਰਿੰਗ ਕਮੇਟੀ,ਕੈਪਿੰਗ ਏਰੀਆ ਕਮੇਟੀ,ਈਵੈਂਟਸ ਕੰਡਕਟ ਕਮੇਟੀ,ਰਜਿਟਰੇਸ਼ਨ ਕਮੇਟੀ,ਪ੍ਰੈਸ ਕਮੇਟੀ ,ਵੈਟਰਨਰੀ ਏਡ ਕਮੇਟੀ ਅਤੇ ਸੈਮੀਨਾਰ ਕਮੇਟੀ ਦੇ ਨਾਲ ਕਈ ਹੋਰ ਕਮੇਟੀਆਂ ਵਿਸ਼ੇਸ਼ ਰੂਪ ਵਿੱਚ ਗਠਿਤ ਕੀਤੀਆਂ ਹਨ।
ਵਧੀਕ ਮੁੱਖ ਸਕੱਤਰ ਸ.ਸੰਧੂ ਨੇ ਦੱਸਿਆ ਕਿ ਇਹ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ ਪਿਛਲੇ ਅੱਠ ਸਾਲਾਂ ਤੋਂ ਹਰ ਸਾਲ ਕਰਵਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਗੁਜਰਾਤ, ਦਿੱਲੀ, , ਉੱਤਰ ਪ੍ਰਦੇਸ਼ ਆਦਿ ਰਾਜਾਂ ਦੇ ਪਸ਼ੂ ਪਾਲਕ ਹਿੱਸਾ ਲੈਂਦੇ ਆ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਪਸ਼ੂ ਪਾਲਕਾਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ। ਉਨਾਂ ਦੱਸਿਆ ਕਿ Îਕਿਸਾਨਾਂ ਨੂੰ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਦਿਆਂ ਜ਼ਿਲ੍ਹਾ ਪੱਧਰ ਤੋਂ ਸ਼ੁਰੂ ਕੀਤੀ ਗਈ ਇਹ ਚੈਂਪੀਅਨਸ਼ਿਪ ਨਾ ਸਿਰਫ਼ ਹੁਣ ਕੌਮੀ ਪੱਧਰ ਤੱਕ ਪਹੁੰਚ ਚੁੱਕੀ ਹੈ ਬਲਕਿ ਵਿਦੇਸ਼ਾਂ ਤੋਂ ਵੀ ਪਸ਼ੂ ਪਾਲਕ ਅਤੇ ਹੋਰ ਸਹਾਇਕ ਕਿੱਤਿਆਂ ਨਾਲ ਸਬੰਧਤ ਪ੍ਰਤੀਨਿਧ ਪਹੁੰਚ ਰਹੇ ਹਨ, ਜਿਸ ਨਾਲ ਇਸ ਦਾ ਘੇਰਾ ਹੋਰ ਵਿਸ਼ਾਲ ਅਤੇ ਅੰਤਰਰਾਸ਼ਟਰੀ ਪੱਧਰ ਦਾ ਹੋ ਗਿਆ ਹੈ।
ਚਾਰ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਜਿੱਥੇ ਮੱਝਾਂ, ਗਾਵਾਂ, ਅਤੇ ਬੱਕਰੀਆਂ ਦੇ ਦੁੱਧ ਚੁਆਈ ਦੇ ਮੁਕਾਬਲੇ ਹੁੰਦੇ ਹਨ, ਸਭ ਤੋਂ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਨਕਦ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ, ਉੱਥੇ ਵੱਖ-ਵੱਖ ਨਸਲਾਂ ਦੇ ਘੋੜਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਕੁੱਤਿਆਂ, ਟਰਕੀ ਅਤੇ ਮੁਰਗੀਆਂ ਆਦਿ ਦੇ ਨਸਲਾਂ ਦੇ ਮੁਕਾਬਲਿਆਂ ਵਿੱਚੋਂ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਵੀ ਕੈਸ਼ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਵਧੀਆ ਨਸਲ ਦੇ ਅਤੇ ਵੱਧ ਦੁੱਧ ਉਤਪਾਦਨ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਸ ਮੀਟਿੰਗ ਵਿੱਚ ਪਸੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ: ਐਚ.ਐਸ.ਸੰਧਾ, ਡਾਇਰੈਕਟਰ ਡੇਅਰੀ ਵਿਕਾਸ ਸ: ਇੰਦਰਜੀਤ ਸਿੰਘ, ਡਾ: ਪੀ. ਕੇ. ਉਪੱਲ ਸਲਾਹਕਾਰ ਅਤੇ ਪਸ਼ੂ ਪਾਲਣ ਵਿਭਾਗ ਦੇ ਸਮੂਹ ਡਿਪਟੀ ਡਾਇਰੈਕਟਰ ਹਾਜਰ ਸਨ।

