ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼੍ਰੋਮਣੀ ਕਮੇਟੀ ਕਰਵਾਏਗੀ ਦੇਸ਼, ਵਿਦੇਸ਼ਾਂ ‘ਚ ਵਸਦੇ ਸਿੱਖਾਂ ਦੀ ਸ਼ਮੂਲੀਅਤ-ਪ੍ਰੋ. ਬਡੂੰਗਰ
ਪੱਛਮੀ ਬੰਗਾਲ ਤੋਂ ਸਿੱਖ ਸੰਸਥਾਵਾਂ ਦੇ ਵਫ਼ਦ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਮੁਲਾਕਾਤ
ਵੱਖ-ਵੱਖ ਕਮੇਟੀਆਂ ‘ਚ ਸਾਰੇ ਰਾਜਾਂ ‘ਚੋਂ 31 ਤੇ ਵਿਦੇਸ਼ਾਂ ‘ਚੋਂ 25 ਸਿੱਖ ਪ੍ਰਤੀਨਿਧ ਸ਼ਾਮਲ ਹੋਣਗੇ’
ਪਟਿਆਲਾ, 28 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਅੱਜ ਇਥੇ ਆਖਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੋਰ ਬਿਹਤਰ ਢੰਗ ਨਾਲ ਕੁਲ ਦੁਨੀਆਂ ਦੇ ਸਨਮੁਖ ਲਿਜਾਣ ਲਈ ਭਾਰਤ ਦੇ ਸਾਰੇ ਰਾਜਾਂ ‘ਚ ਵਸਦੇ ਸਿੱਖਾਂ ਦੇ 31 ਪ੍ਰਤੀਨਿਧਾਂ ਅਤੇ ਵਿਦੇਸ਼ਾਂ ‘ਚ ਵਸਦੇ ਸਿੱਖਾਂ ਦੇ 25 ਪ੍ਰਤੀਨਿਧਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਵਖ-ਵਖ ਕਮੇਟੀਆਂ ‘ਚ ਨੁਮਾਇੰਦਗੀ ਦਿਤੀ ਜਾਵੇਗੀ।
ਪ੍ਰੋ. ਬਡੂੰਗਰ ਅੱਜ ਇਥੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਪੱਛਮੀ ਬੰਗਾਲ ਤੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕਰਨ ਪੁਜੇ ਸਿੱਖ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਤੇ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਗੁਰੂ ਸਾਹਿਬਾਨਾਂ ਦੇ ਫਸਲਫ਼ੇ ਮੁਤਾਬਕ ਦੇਸ਼ ਦੇ ਸਾਰੇ ਰਾਜਾਂ ‘ਚ ਵਸਦੇ ਸਿੱਖਾਂ ਦੇ ਚੋਣਵੇਂ ਪ੍ਰਤੀਨਿਧਾਂ ਦੀ ਰਾਏ ਵੀ ਸਿੱਖੀ ਦੇ ਪ੍ਰਚਾਰ ਹਿਤ ਲਈ ਜਾਵੇਗੀ ਤੇ ਉਨ੍ਹਾਂ ਨੂੰ ਯੋਗ ਨੁਮਾਇੰਦਗੀ ਦਿਤੀ ਜਾਵੇਗੀ। ਇਸੇ ਤਰ੍ਹਾਂ ਹੀ ਵਿਦੇਸ਼ਾਂ ‘ਚ ਵਸਦੇ ਸਿੱਖਾਂ ਦੀ ਵੀ ਨੁਮਾਇੰਦਗੀ ਯਕੀਨੀ ਬਣਾਈ ਜਾਵੇਗੀ।
ਇਸ ਦੌਰਾਨ ਪੱਛਮੀ ਬੰਗਾਲ, ਨਿਰਸਾ ਅਤੇ ਕੁਮਾਰਡੂਬੀ ਸਮੇਤ ਕੋਲਕਾਤਾ ਤੋਂ ਪੁਜੇ ਸਿੱਖ ਗੁਰਦੁਆਰਾ ਸਾਹਿਬਾਨ ਦੀ ਕੇਂਦਰੀ ਕਮੇਟੀ ਦੇ ਆਗੂਆਂ ਸ. ਤੇਜਿੰਦਰ ਸਿੰਘ ਬੱਲ ਜਨਰਲ ਸਕੱਤਰ, ਸ. ਜਸਬੀਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਤੇ ਸੀਨੀਅਰ ਕੋਆਰਡੀਨੇਟਰ, ਸੁਰਜੀਤ ਸਿੰਘ ਆਜ਼ਾਦ ਨੈਸ਼ਨਲ ਕੋਆਰਡੀਨੇਟਰ, ਜੋਗਿੰਦਰ ਸਿੰਘ, ਮਨਜੀਤ ਸਿੰਘ, ਮਨਿੰਦਰਪਾਲ ਸਿੰਘ, ਮੁਖਤਾਰ ਸਿੰਘ, ਗੁਰਬਾਜ ਸਿੰਘ, ਜਸਵਿੰਦਰ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ। ਪ੍ਰੋ. ਬਡੂੰਗਰ ਨੇ ਇਸ ਮੌਕੇ ਸਿੱਖ ਸਲਾਹਕਾਰ ਕਮੇਟੀ ‘ਚ ਪੱਛਮੀ ਬੰਗਾਲ ‘ਚ ਵਸਦੇ ਸਿੱਖਾਂ ਦੇ ਦੋ ਨੁਮਾਇੰਦਿਆਂ ਤੇਜਿੰਦਰ ਸਿੰਘ ਬੱਲ ਤੇ ਜਸਬੀਰ ਸਿੰਘ ਗਿੱਲ ਨੂੰ ਨਾਜਮਦ ਕਰਨ ਦਾ ਭਰੋਸਾ ਵੀ ਦਿਤਾ।
ਪੱਛਮੀ ਬੰਗਾਲ ‘ਚ ਵਸਦੇ ਇਨ੍ਹਾਂ ਸਿੱਖਾਂ ਦੇ ਵਫ਼ਦ ਨੇ ਪ੍ਰੋ. ਬਡੂੰਗਰ ਨੂੰ ਦਸਿਆ ਕਿ ਪਿਛਲੇ ਸਮੇਂ ‘ਚ ਉਥੇ ਸਿੱਖਾਂ ਦੀਆਂ ਸੰਸਥਾਵਾਂ ‘ਚ ਏਕਤਾ ਦੀ ਕਮੀ ਸੀ ਪਰੰਤੂ ਹੁਣ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰ ਦਿਤੀ ਗਈ ਹੈ ਤੇ ਸਮੁਚੀਆਂ ਸਿੱਖ ਸੰਗਤਾਂ ਇਕ ਪਲੈਟਫਾਰਮ ‘ਤੇ ਇਕਠੀਆਂ ਹਨ। ਉਨ੍ਹਾਂ ਨੂੰ ਉਥੇ ਕੋਈ ਸਮੱਸਿਆ ਨਹੀਂ ਤੇ ਸਥਾਨਕ ਸਰਕਾਰ ਤੇ ਦੂਜੀਆਂ ਕੌਮਾਂ ਨਾਲ ਉਨ੍ਹਾਂ ਦਾ ਆਪਸ ‘ਚ ਚੰਗਾ ਤਾਲਮੇਲ ਬਣਿਆ ਹੋਇਆ ਹੈ ਪਰੰਤੂ ਪਿਛਲੇ ਸਮੇਂ ਤੋਂ ਉਨ੍ਹਾਂ ਦੇ ਮਨ ‘ਚ ਸੀ ਕਿ ਉਨ੍ਹਾਂ ਨੂੰ ਵੀ ਸ੍ਰ੍ਰੋਮਣੀ ਕਮੇਟੀ ‘ਚ ਪ੍ਰਤੀਨਿਧਤਾ ਮਿਲੇ ਤਾਂ ਕਿ ਉਹ ਵੀ ਉਥੋਂ ਦੇ ਸਿੱਖਾਂ ਬਾਬਤ ਸ਼੍ਰੋਮਣੀ ਕਮੇਟੀ ਤਕ ਅਪਣੀ ਗਲ ਪੁਜਦੀ ਕਰ ਸਕਣ।
ਸਮੁਚੇ ਵਫ਼ਦ ਨੇ ਪ੍ਰੋ. ਬਡੂੰਗਰ ਦਾ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਵਲੋਂ ਪੱਛਮੀ ਬੰਗਾਲ ਦੇ ਸਿੱਖਾਂ ਨੂੰ ਨੁਮਾਇੰਦਗੀ ਦੇਣ ਲਈ ਧੰਨਵਾਦ pਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁੜਥਲੀ, ਸ੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ, ਚੇਅਰਮੈਨ ਮਾਰਕੀਟ ਕਮੇਟੀ ਨਰਦੇਵ ਸਿੰਘ ਆਕੜੀ, ਡਾ. ਪਰਮਜੀਤ ਸਿੰਘ ਸਰੋਆ, ਜਥੇਦਾਰ ਪਰਗਟ ਸਿੰਘ ਵਜੀਦਪੁਰ, ਸੁਖਵਿੰਦਰ ਸਿੰਘ ਗਾਗੂ ਤੇ ਹੋਰ ਵੀ ਮੌਜੂਦ ਸਨ।

