ਬਾਦਲ ਸਰਕਾਰ ਨੇ ਪੰਜਾਬ ਨੂੰ ਬਿਜਲੀ ਦੇ ਕੱਟਾਂ ਤੋਂ ਮੁਕਤ ਕਰਵਾਇਆ: ਹਰਪਾਲ ਜੁਨੇਜਾ
ਪਟਿਆਲਾ 1 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ
ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ‘ਚ ਬਿਜਲੀ ਦਾ ਉਤਪਾਦਨ ਇੰਨਾ ਵਧਾ ਦਿੱਤਾ ਹੈ ਕਿ ਲੰਬੇ ਲੰਬੇ ਕੱਟ ਹੁਣ ਬੀਤੇ ਸਮੇਂ ਦੀ ਕਹਾਣੀ ਬਣ ਗਏ ਹਨ। ਨਾ ਤਾਂ ਸਾਡੇ ਘਰਾਂ ਅਤੇ ਕਾਰਖਾਨਿਆਂ ਦੀ ਬਿਜਲੀ ਗੁਲ ਹੁੰਦੀ ਹੈ ਅਤੇ ਨਾ ਹੀ ਸਾਨੂੰ ਇਨਵਰਟਰਾਂ ਦੀਆਂ ਬੈਟਰੀਆਂ ਜਾਂ ਜੈਨਰੇਟਰਾਂ ਉੱਤੇ ਪੈਸੇ ਖਰਚਣੇ ਪੈਂਦੇ ਹਨ।
ਇਹ ਸ਼ਬਦ ਯੂਥ ਅਕਾਲੀ ਦਲ ਜ਼ੋਨ-2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਇੱਥੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਪੰਜਾਬ ਨੂੰ ਇੱਕ ਘੱਟ ਬਿਜਲੀ ਵਾਲੇ ਸੂਬੇ ਤੋਂ ਵਾਧੂ ਬਿਜਲੀ ਵਾਲਾ ਸੂਬੇ ਵਿਚ ਤਬਦੀਲ ਕਰ ਦਿੱਤਾ ਹੈ।
ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ‘ਚ ਇੱਕ ਵੀ ਨਵਾਂ ਥਰਮਲ ਪਲਾਂਟ ਨਹੀਂ ਸੀ ਲਗਾਇਆ ਗਿਆ, ਜਦਕਿ ਅਕਾਲੀ-ਭਾਜਪਾ ਸਰਕਾਰ ਨੇ ਤਿੰਨ ਨਵੇਂ ਥਰਮਲ ਪਲਾਂਟ ਬਠਿੰਡਾ, ਗੋਇੰਦਵਾਲ ਸਾਹਿਬ ਅਤੇ ਰਾਜਪੁਰਾ ਵਿਖੇ ਲਗਾਏ ਗਏ ਹਨ। ਜਿਸ ਨਾਲ ਬਿਜਲੀ ਦੇ ਉਤਪਾਦਨ ਵਿਚ ਤਕਰੀਬਨ 12000 ਮੈਗਾਵਾਟ ਦਾ ਵਾਧਾ ਹੋਇਆ ਹੈ।
ਸ੍ਰੀ ਜੁਨੇਜਾ ਨੇ ਅੱਗੇ ਦੱਸਿਆ ਕਿ ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਵਿਚ ਬਿਜਲੀ ਉਤਪਾਦਨ ਵਧਾਉਣ ਲਈ ਇੱਕ ਪੈਸੇ ਦਾ ਨਿਵੇਸ਼ ਨਹੀਂ ਸੀ ਹੋਇਆ। ਬਿਜਲੀ ਦੀ ਭਾਰੀ ਕਮੀ ਕਰਕੇ ਲੰਬੇ ਲੰਬੇ ਕੱਟ ਲਾਉਣੇ ਪੈਂਦੇ ਸਨ। ਆਮ ਲੋਕਾਂ ਅਤੇ ਵਪਾਰੀਆਂ ਦਾ ਬੁਰਾ ਹਾਲ ਸੀ। ਬਿਜਲੀ ਉਤਪਾਦਨ ਇੰਨਾ ਘੱਟ ਸੀ, ਉਸ ਨਾਲ ਘਰੇਲੂ ਅਤੇ ਵਪਾਰਕ ਲੋੜਾਂ ਪੂਰੀਆਂ ਨਹੀਂ ਸੀ ਹੁੰਦੀਆਂ। ਅਕਾਲੀ-ਭਾਜਪਾ ਸਰਕਾਰ ਨੇ ਸੱਤਾ ਸੰਭਾਲਦੇ ਹੀ ਬਿਜਲੀ ਸੈਕਟਰ ਵੱਲ ਵਿਸ਼ੇਸ਼ ਧਿਆਨ ਦਿੱਤਾ। ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੀ ਦੂਰ-ਅੰਦੇਸ਼ੀ ਸੋਚ ਸਦਕਾ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਨਵੇਂ ਥਰਮਲ ਪਲਾਂਟ ਲਗਾਉਣ ਦੀ ਯੋਜਨਾ ਪਾਸ ਕੀਤੀ। ਇਸ ਤਰ੍ਹਾਂ ਬਿਜਲੀ ਉਤਪਾਦਨ ਵਧਾਉਣ ਲਈ ਬਾਦਲ ਸਰਕਾਰ ਵੱਲੋਂ ਤਕਰੀਬਨ 75000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।
ਅਕਾਲੀ ਆਗੂ ਨੇ ਦੱਸਿਆ ਕਿ ਬਿਜਲੀ ਉਤਪਾਦਨ ਦੀ ਸਮਰੱਥਾ ਵਿਚ ਹੋਏ ਹੈਰਾਨੀਜਨਕ ਵਾਧੇ ਕਰਕੇ ਹੀ ਭਾਰਤ ਸਰਕਾਰ ਨੇ ਸਾਲ 2015 ਲਈ ਪੰਜਾਬ ਨੂੰ ‘ਸਰਬੋਤਮ ਬਿਜਲੀ ਉਤਪਾਦਕ ਸੂਬਾ’ ਐਲਾਨਿਆ ਸੀ। ਸਿਰਫ ਇੰਨਾ ਹੀ ਨਹੀਂ ਪੰਜਾਬ ਵੱਲੋਂ ਆਪਣੇ ਲੋਕਾਂ ਨੂੰ ਸਭ ਤੋਂ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਘਰੇਲੂ ਉਪਭੋਗਤਾਵਾਂ ਨੂੰ ਪ੍ਰਤੀ ਯੂਨਿਟ ਬਿਜਲੀ ਦੀ ਦਰ 6.39 ਪੈਸੇ ਲਈ ਜਾ ਰਹੀ ਹੈ, ਜਦਕਿ ਹਰਿਆਣਾ ਵਿਚ ਬਿਜਲੀ ਦਾ ਰੇਟ 7.54 ਪੇਸੇ, ਦਿੱਲੀ ਵਿਚ 7.90 ਪੈਸੇ, ਗੁਜਰਾਤ ਵਿਚ 6.49 ਪੈਸੇ, ਮਹਾਂਰਾਸ਼ਟਰ ਵਿਚ 11.16 ਪੈਸੇ, ਰਾਜਸਥਾਨ ਵਿਚ 6.99 ਪੈਸੇ ਅਤੇ ਮੱਧ ਪ੍ਰਦੇਸ਼ ਵਿਚ 8.31 ਪੈਸੇ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ। ਇੰਨਾ ਸਾਰਿਆਂ ਰਾਜਾਂ ਵਿਚੋਂ ਸਿਰਫ ਇੱਕ ਪੰਜਾਬ ਹੀ ਹੈ, ਜਿੱਥੇ ਖੇਤੀਬਾੜੀ ਸੈਕਟਰ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਜਦਕਿ ਬਾਕੀ ਸਾਰੇ ਰਾਜਾਂ ਵਿਚ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਤਾਰਨੇ ਪੈ ਰਹੇ ਹਨ।
ਸ੍ਰੀ ਜੁਨੇਜਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਕੋਲ ਹੀ ਪੰਜਾਬ ਦੇ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ। ਉਹ ਦੋਵੇਂ ਗੁੰਮਰਾਹਕੁਨ ਪ੍ਰਚਾਰ ਕਰਕੇ ਸੱਤਾ ਹਾਸਿਲ ਕਰਨ ਦੇ ਮਨਸੂਬੇ ਬਣਾ ਰਹੀਆਂ ਹਨ, ਪਰ ਪੰਜਾਬ ਦੇ ਲੋਕਾਂ ਨੂੰ ਇੰਨੀ ਆਸਾਨੀ ਨਾਲ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਉਹ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਵੇਖ ਚੁੱਕੇ ਹਨ ਕਿ ਅਸਲੀ ਵਿਕਾਸ ਕੀ ਹੁੰਦਾ ਹੈ ਅਤੇ ਪੰਜਾਬ ਦੇ ਵਿਕਾਸ ਲਈ ਕਿਹੜੀ ਸਿਆਸੀ ਧਿਰ ਉੱਤੇ ਯਕੀਨ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਲਗਾਤਾਰ ਤੀਜੀ ਵਾਰ ਅਕਾਲੀ-ਭਾਜਪਾ ਦੀ ਸਰਕਾਰ ਬਣਾ ਕੇ ਇੱਕ ਨਵਾਂ ਇਤਿਹਾਸ ਸਿਰਜਣਗੇ।

